
ਅਕਾਲੀ ਉਮੀਦਵਾਰ ਮਨਤਾਰ ਸਿੰਘ ਬਰਾੜ ਦਾ ਕਿਸਾਨਾਂ ਨੇ ਕੀਤਾ ਵਿਰੋਧ
ਕੋਟਕਪੂਰਾ, 5 ਸਤੰਬਰ (ਗੁਰਿੰਦਰ ਸਿੰਘ) : ਨੇੜਲੇ ਪਿੰਡ ਚਹਿਲ ਵਿਚ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ, ਸਾਬਕਾ ਵਿਧਾਇਕ ਅਤੇ ਬਾਦਲ ਦਲ ਵਲੋਂ ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਦੁਬਾਰਾ ਫਿਰ ਐਲਾਨੇ ਗਏ ਉਮੀਦਵਾਰ ਮਨਤਾਰ ਸਿੰਘ ਬਰਾੜ ਦਾ ਕਿਸਾਨਾਂ ਨੇ ਘਿਰਾਉ ਕਰਦਿਆਂ ਦੋਸ਼ ਲਾਇਆ ਕਿ ਉਹ ਪਿੰਡਾਂ ਵਿਚ ਧੜੇਬੰਦੀ ਪੈਦਾ ਕਰਨ ਦੀ ਗ਼ਲਤੀ ਨਾ ਦੁਹਰਾਉੁਣ ਕਿਉਂਕਿ ਇਸ ਨਾਲ ਭਰਾਵਾਂ ਵਿਚ ਦੋਫਾੜ ਪੈਦਾ ਹੁੰਦਾ ਹੈ ਅਤੇ ਭਾਈਚਾਰਕ ਸਾਂਝ ਨੂੰ ਖ਼ਤਰਾ ਬਣਨਾ ਸੁਭਾਵਕ ਹੈ |
ਪ੍ਰਾਪਤ ਜਾਣਕਾਰੀ ਅਨੁਸਾਰ ਮਨਤਾਰ ਸਿੰਘ ਬਰਾੜ ਪਾਰਟੀ ਆਗੂ ਨਿਰਮਲ ਸਿੰਘ ਦੇ ਘਰ ਪਿੰਡ ਚਹਿਲ ਵਿਖੇ ਮੀਟਿੰਗ ਕਰਨ ਲਈ ਪੁੱਜੇ ਸਨ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਇਕਾਈ ਪ੍ਰਧਾਨ ਭੁਪਿੰਦਰ ਸਿੰਘ ਦੀ ਅਗਵਾਈ ਵਿਚ ਕਿਸਾਨਾ ਨੇ ਨਿਰਮਲ ਸਿੰਘ ਦੇ ਘਰ ਨੂੰ ਜਾਣ ਵਾਲੇ ਰਸਤੇ 'ਤੇ ਨਾਕਾਬੰਦੀ ਕਰ ਦਿਤੀ | ਜਦੋਂ ਮਨਤਾਰ ਸਿੰਘ ਬਰਾੜ ਅਪਣੇ ਸਾਥੀਆਂ ਸਮੇਤ ਬਾਹਰ ਆਇਆ ਤਾਂ ਕਿਸਾਨਾ ਦੇ ਤਿੱਖੇ ਸਵਾਲਾਂ ਦਾ ਜਵਾਬ ਦੇਣ ਮੌਕੇ ਉਸ ਨੇ ਦਲੀਲ ਦਿਤੀ ਕਿ ਸੰਯੁਕਤ ਕਿਸਾਨ ਮੋਰਚਾ ਵਲੋਂ ਸਿਰਫ਼ ਭਾਜਪਾ ਦਾ ਵਿਰੋਧ ਕਰਨ ਦੇ ਬਿਆਨਾਂ ਤੋਂ ਬਾਅਦ ਹੀ ਉਨ੍ਹਾਂ ਮੀਟਿੰਗਾਂ ਕਰਨ ਦੀ ਵਿਉਂਤਬੰਦੀ ਕੀਤੀ ਹੈ |
ਬਰਾੜ ਮੁਤਾਬਕ ਕਿਸਾਨਾਂ ਦੇ ਹਰ ਸਵਾਲ ਦਾ ਜਵਾਬ ਦੇਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬਕਾਇਦਾ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਕਿਸਾਨਾਂ ਨਾਲ ਗੱਲਬਾਤ ਕਰੇਗੀ | ਕਿਸਾਨਾਂ ਨੇ ਆਖਿਆ ਕਿ ਉਹ ਅਪਣੇ ਘਰ ਤਕ ਸੀਮਿਤ ਰਹਿੰਦਿਆਂ ਮੀਟਿੰਗਾਂ ਕਰ ਸਕਦੇ ਹਨ ਪਰ ਇਸ ਤਰ੍ਹਾਂ ਸ਼ਰੇਆਮ ਪਿੰਡਾਂ 'ਚ ਮੀਟਿੰਗਾਂ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ | ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਤਾਰ ਸਿੰਘ ਬਰਾੜ ਨੇ ਦੋਸ਼ ਲਾਇਆ ਕਿ ਕਿਸਾਨਾਂ ਦੇ ਭੇਸ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਰਕਰ ਅਕਾਲੀ ਦਲ ਦੇ ਆਗੂਆਂ ਦਾ ਵਿਰੋਧ ਕਰ ਰਹੇ ਹਨ |
ਫੋਟੋ :- ਕੇ.ਕੇ.ਪੀ.-ਗੁਰਿੰਦਰ-5-5ਈ
ਕੈਪਸ਼ਨ :