
ਉਤਰੀ ਇਰਾਕ ’ਚ ਸ਼ੱਕੀ ਆਈ.ਐਸ. ਦੇ ਹਮਲੇ ’ਚ 13 ਪੁਲਿਸ ਮੁਲਾਜ਼ਮ ਮਾਰੇ ਗਏ
ਬਗ਼ਦਾਦ, 5 ਸਤੰਬਰ : ਉਤਰੀ ਇਲਾਕ ਦੇ ਪੇਂਡੂ ਇਲਾਕੇ ’ਚ ਬੰਦੂਕਧਾਰੀਆਂ ਨੇ ਇਕ ਸੰਘੀ ਪੁਲਿਸ ਚੌਕੀ ’ਤੇ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਹੋਈ ਝੜਪ ’ਚ 13 ਪੁਲਿਸ ਮੁਲਾਜਮ ਮਾਰੇ ਗਏ। ਇਕ ਸੁਰੱਖਿਆ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਹਮਲੇ ਦਾ ਦੋਸ਼ ਇਸਲਾਮਿਕ ਸਟੇਟ ਦੇ ਅਤਿਵਾਦੀਆਂ ’ਤੇ ਲਾਇਆ। ਸੁਰੱਖਿਆ ਅਧਿਕਾਰੀ ਨੇ ਦਸਿਆ ਕਿ ਹਮਲਾ ਸਨਿਚਰਵਾਰ ਰਾਤ ਕਿਰਕੁਕ ਸੂਬੇ ਦੇ ਸਤੀਹਾ ਪਿੰਡ ’ਚ ਇਕ ਪੁਲਸ ਚੌਕੀ ’ਤੇ ਕੀਤਾ ਗਿਆ, ਜਿਸ ’ਚ ਪੰਜ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਉਨ੍ਹਾਂ ਦਸਿਆ ਕਿ ਅਤਿਵਾਦੀਆਂ ਨਾਲ ਮੁਠਭੇੜ ਕਰੀਬ ਇਕ ਘੰਟੇ ਤਕ ਚੱਲੀ। ਅਧਿਕਾਰੀ ਨੇ ਇਹ ਜਾਣਕਾਰੀ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦਿਤੀ ਕਿਉਂਕਿ ਉਹ ਪੱਤਰਕਾਰਾਂ ਨਾਲ ਗੱਲਬਾਤ ਕਰਨ ਲਈ ਅਧਿਕਾਰਤ ਨਹੀਂ ਸੀ। ਅਤਿਵਾਦੀ ਸਮੂਹ ਨੇ ਹਮਲੇ ਦੀ ਅਜੇ ਤੁਰਤ ਜ਼ਿੰਮੇਵਾਰੀ ਨਹੀਂ ਲਈ ਹੈ, ਪਰ 2017 ’ਚ ਅਮਰੀਕਾ ਦੀ ਅਗਵਾਈ ਵਾਲੇ ਗਠਜੋੜ ਦੀ ਸਹਾਇਤਾ ਨਾਲ ਇਰਾਕੀ ਸੁਰੱਖਿਆ ਬਲਾਂ ਤੋਂ ਮਿਲੀ ਖੇਤਰੀ ਹਾਰ ਤੋਂ ਬਾਅਦ ਨਾਲ ਉੱਤਰੀ ਇਰਾਕ ਆਈ.ਐਸ. ਦੀਆਂ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ। ਇਰਾਕੀ ਫ਼ੌਜ ਪਹਾੜ੍ਹੀ ਉੱਤਰੀ ਖੇਤਰ ਅਤੇ ਪਛਮੀ ਇਰਾਕ ਦੇ ਰੇਗੀਸਤਾਨ ’ਚ ਨਿਯਮਿਤ ਤੌਰ ’ਤੇ ਆਈ.ਐਸ. ਵਿਰੋਧੀ ਮੁਹਿੰਮ ਚੱਲਾਉਂਦੀ ਹੈ, ਜਿਥੇ ਉਹ ਲੁੱਕਦੇ ਹਨ। (ਏਜੰਸੀ)