
ਅਤਿਵਾਦੀ ਤਬੱਰਕ ਹੁਸੈਨ ਦੀ ਲਾਸ਼ ਪੁੰਛ ਵਿਚ ਐਲਓਸੀ ਰਾਹੀਂ ਪਾਕਿ ਨੂੰ ਸੌਂਪੀ
ਜੰਮੂ, 5 ਸਤੰਬਰ (ਸਰਬਜੀਤ ਸਿੰਘ) : ਰਾਜੌਰੀ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਦੇ ਨਜ਼ਦੀਕ ਗੰਭੀਰ ਰੂਪ ਵਿਚ ਜ਼ਖ਼ਮੀ ਹਾਲਤ ਵਿਚ ਫੜੇ ਜਾਣ ਤੋਂ ਕੱੁਝ ਦਿਨ ਬਾਅਦ ਮਾਰੇ ਗਏ ਪਾਕਿਸਤਾਨੀ ਅਤਿਵਾਦੀ ਤਬਾਰਾਕ ਹੁਸੈਨ ਦੀ ਲਾਸ਼ ਅੱਜ ਪਾਕਿਸਤਾਨੀ ਅਧਿਕਾਰੀਆਂ ਨੂੰ ਸੌਂਪ ਦਿਤੀ ਗਈ | ਅੱਜ ਭਾਰਤੀ ਅਧਿਕਾਰੀਆਂ ਵਲੋਂ 11.05 ਵਜੇ ਦੇ ਕਰੀਬ ਚੱਕਾ ਦਾ ਬਾਗ ਗੇਟ ਖੋਲਿ੍ਹਆ ਗਿਆ ਅਤੇ ਮਿ੍ਤਕ ਅਤਿਵਾਦੀ ਤਬਾਰਾਕ ਹੁਸੈਨ ਦੀ ਲਾਸ਼ ਪਾਕਿਸਤਾਨੀ ਅਧਿਕਾਰੀਆਂ ਨੂੰ ਸੌਂਪ ਦਿੱਤੀ ਗਈ | ਜ਼ਿਕਰਯੋਗ ਹੈ ਕਿ 21 ਅਗੱਸਤ ਨੂੰ ਫ਼ੌਜ ਨੇ ਪਾਕਿ ਦੇ ਸਬਜ਼ਾਕੋਟ ਦੇ ਨਿਵਾਸੀ ਤਬਾਰਾਕ ਹੁਸੈਨ ਨੂੰ ਝਾਂਗੇਰ ਸੈਕਟਰ ਵਿਚ ਐਲਓਸੀ ਦੇ ਨਾਲ ਘੁਸਪੈਠ ਕਰਦੇ ਭਾਰਤੀ ਇਲਾਕੇ ਵਿਚ ਦਾਖ਼ਲ ਹੁੰਦੇ ਸਮੇਂ ਗੋਲੀ ਮਾਰ ਕੇ ਜ਼ਖ਼ਮੀ ਕੀਤਾ ਗਿਆ ਸੀ | ਬਾਅਦ ਵਿਚ ਉਸ ਨੂੰ ਜ਼ਖ਼ਮੀ ਹਾਲਤ ਵਿਚ ਫੜਿਆ ਗਿਆ ਸੀ | ਜਿਸ ਨੂੰ ਆਰਮੀ ਜਨਰਲ ਹਸਪਤਾਲ ਰਾਜੌਰੀ ਲਿਜਾਇਆ ਗਿਆ ਜਿਥੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ 3 ਸਤੰਬਰ ਨੂੰ ਦੇਰ ਸ਼ਾਮ ਉਸ ਦੀ ਮੌਤ ਹੋ ਗਈ | ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਹੁਸੈਨ ਨੂੰ ਪਹਿਲਾਂ 2016 ਵਿਚ ਵੀ ਗਿ੍ਫ਼ਤਾਰ ਕੀਤਾ ਗਿਆ ਸੀ ਜਦੋਂ ਉਸਨੇ ਉਸੇ ਖੇਤਰ ਤੋਂ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ ਅਤੇ ਬਾਅਦ ਵਿਚ 26 ਮਹੀਨਿਆਂ ਦੀ ਜੇਲ ਦੀ ਮਿਆਦ ਤੋਂ ਬਾਅਦ ਉਸਨੂੰ ਪਾਕਿਸਤਾਨ ਵਾਪਸ ਭੇਜਿਆ ਗਿਆ ਸੀ |