
ਸਥਾਨਕ ਵਿਅਕਤੀ ਨੇ ਵੀਡੀਓ ਵਿਚ ਕੀਤਾ ਰਿਕਾਰਡ
ਹੁਸ਼ਿਆਰਪੁਰ: ਪੰਜਾਬ ਵਿਚ ਸਸਤੇ ਰਾਸ਼ਨ ਸਕੀਮ ਦੀ ਹਾਲਤ ਨੂੰ ਬਿਆਨ ਕਰਦੀਆਂ ਤਸਵੀਰਾਂ ਹੁਸ਼ਿਆਰਪੁਰ ਤੋਂ ਸਾਹਮਣੇ ਆਈਆਂ ਹਨ। ਜਿੱਥੇ ਇੱਕ ਵਿਅਕਤੀ VIP ਨੰਬਰ ਵਾਲੀ ਮਰਸਡੀਜ਼ ਲੈ ਕੇ ਸਸਤਾ ਰਾਸ਼ਨ ਲੈਣ ਪਹੁੰਚਦਾ ਹੈ।
ਉਸ ਨੇ ਮਰਸਡੀਜ਼ ਡਿਪੂ ਦੇ ਬਾਹਰ ਖੜ੍ਹੀ ਕਰ ਦਿੱਤੀ। ਉਸ ਨੇ ਡਿਪੂ ਹੋਲਡਰ ਕੋਲੋਂ 4 ਬੋਰੀਆਂ ਰਾਸ਼ਨ ਲੈ ਲਈਆਂ। ਉਸ ਨੂੰ ਮਰਸਡੀਜ਼ ਗੱਡੀ ’ਚ ਰੱਖ ਕੇ ਉੱਥੋਂ ਚਲਾ ਗਿਆ। ਇਸ ਸਾਰੀ ਘਟਨਾ ਨੂੰ ਉੱਥੇ ਮੌਜੂਦ ਇੱਕ ਸਥਾਨਕ ਵਿਅਕਤੀ ਨੇ ਵੀਡੀਓ ਵਿਚ ਰਿਕਾਰਡ ਕਰ ਲਿਆ।
ਇਸ ਮਾਮਲੇ ਵਿਚ ਡਿਪੂ ਹੋਲਡਰ ਨੇ ਕਿਹਾ ਕਿ ਸਰਕਾਰ ਅਤੇ ਵਿਭਾਗ ਵੱਲੋਂ ਕਾਰਡ ਬਣਾਏ ਗਏ ਹਨ। ਸਾਡੀ ਕੋਈ ਭੂਮਿਕਾ ਨਹੀਂ ਹੈ। ਸਰਕਾਰ ਨੇ ਹਦਾਇਤ ਕੀਤੀ ਹੈ ਕਿ ਜਿਸ ਕੋਲ ਗ਼ਰੀਬ ਦਾ ਕਾਰਡ ਹੈ, ਉਸ ਨੂੰ ਰਾਸ਼ਨ ਦਿੱਤਾ ਜਾਵੇ। ਉਨ੍ਹਾਂ ਦੇ ਕਾਰਡ ਕਿਵੇਂ ਬਣੇ ਇਸ ਬਾਰੇ ਡਿਪੂ ਹੋਲਡਰਾਂ ਕੋਲ ਕੋਈ ਵੇਰਵਾ ਨਹੀਂ ਹੈ।
ਗ਼ਰੀਬਾਂ ਦੇ ਸਸਤੇ ਰਾਸ਼ਨ 'ਤੇ ਹੰਗਾਮਾ ਕਰਨ ਤੋਂ ਬਾਅਦ ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਆਟਾ ਦੇਣ ਜਾ ਰਹੀ ਹੈ। 1 ਅਕਤੂਬਰ ਤੋਂ ਘਰ-ਘਰ ਜਾ ਕੇ ਲੋਕਾਂ ਨੂੰ ਰਾਸ਼ਨ ਦਿੱਤਾ ਜਾਵੇਗਾ। ਇਸ ਦੇ ਜ਼ਰੀਏ ਸਰਕਾਰ ਇਹ ਵੀ ਜਾਂਚ ਕਰੇਗੀ ਕਿ ਕਿਸ ਦਾ ਕਾਰਡ ਗ਼ਲਤ ਬਣਾਇਆ ਗਿਆ ਹੈ। ਹੁਣ ਇਸੇ ਤਰ੍ਹਾਂ ਅਮੀਰ ਲੋਕ ਲੁਕ-ਛਿਪ ਕੇ ਗ਼ਰੀਬਾਂ ਦਾ ਰਾਸ਼ਨ ਖਾ ਰਹੇ ਹਨ। ਘਰ ਘਰ ਸਸਤੇ ਰਾਸ਼ਨ ਦੀ ਗੱਡੀ ਆਉਣ ਤੋਂ ਬਾਅਦ ਹਰ ਕਿਸੇ ਦੀ ਪੋਲ ਖੁੱਲ੍ਹ ਜਾਵੇਗੀ।