ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ
Sri Muktsar Sahib News : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਰਾੜ ਕਲਾਂ 'ਚ ਕਾਰ ਸਵਾਰ ਪਿਓ-ਪੁੱਤ 'ਤੇ ਹਮਲਾਵਰਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ 'ਚ ਪਿਓ ਦੀ ਮੌਤ ਹੋ ਗਈ ਜਦਕਿ ਬੇਟਾ ਗੰਭੀਰ ਜ਼ਖਮੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਪਿਉ-ਪੁੱਤਰ ਆਪਣੇ ਪਿੰਡ ਤੋਂ ਬਠਿੰਡਾ ਨੂੰ ਦਵਾਈ ਲੈਣ ਲਈ ਜਾ ਰਹੇ ਸਨ ਕਿ ਰਸਤੇ ਵਿੱਚ ਪਿੰਡ ਮਰਾੜ ਕਲਾਂ ਨੇੜੇ ਕੁਝ ਵਿਅਕਤੀਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਹ ਹਮਲਾ ਲੁੱਟ ਦੀ ਨੀਅਤ ਨਾਲ ਕੀਤਾ ਗਿਆ ਜਾਪਦਾ ਹੈ।
ਇਸ ਹਮਲੇ ਵਿੱਚ ਲਖਬੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਲੜਕਾ ਗੰਭੀਰ ਜ਼ਖ਼ਮੀ ਹੋ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਥਾਣਾ ਬਰੀਵਾਲਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਲਖਬੀਰ ਸਿੰਘ (54) ਵਾਸੀ ਮਰਾੜ ਕਲਾਂ ਵਜੋਂ ਹੋਈ ਹੈ।
ਲਖਬੀਰ ਸਿੰਘ ਕਾਲਾ ਪੀਲੀਆ ਤੋਂ ਪੀੜਤ ਸੀ ਅਤੇ ਪੀਜੀਆਈ ਚੰਡੀਗੜ੍ਹ ਤੋਂ ਦਵਾਈ ਚੱਲ ਰਹੀ ਸੀ। ਸ਼ੁੱਕਰਵਾਰ ਸਵੇਰੇ 5:30 ਵਜੇ ਉਹ ਆਪਣੇ ਬੇਟੇ ਨਾਲ ਆਲਟੋ 'ਤੇ ਘਰੋਂ ਨਿਕਲਿਆ। ਦੋਵੇਂ ਪਿਓ-ਪੁੱਤ ਮਰਾੜ ਕਲਾਂ ਤੋਂ ਖਾਰਾ ਲਿੰਕ ਰੋਡ ਰਾਹੀਂ ਮੁਕਤਸਰ-ਕੋਟਕਪੂਰਾ ਹਾਈਵੇ ਵੱਲ ਜਾ ਰਹੇ ਸਨ।
ਜਦੋਂ ਉਹ ਪਿੰਡ ਮਰਾੜ ਕਲਾਂ ਤੋਂ ਥੋੜ੍ਹਾ ਅੱਗੇ ਰੇਲਵੇ ਫਾਟਕ ਨੇੜੇ ਪੁੱਜੇ ਤਾਂ ਇਸ ਦੌਰਾਨ ਆਏ ਲੁਟੇਰਿਆਂ ਨੇ ਕਾਰ ਨੂੰ ਰੋਕ ਕੇ ਦੋਵਾਂ ਪਿਉ-ਪੁੱਤ ਕੋਲੋਂ ਪੈਸੇ ਅਤੇ ਮੋਬਾਈਲ ਫੋਨ ਖੋਹ ਲਏ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਨ੍ਹਾਂ 'ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਪਿਤਾ ਦਾ ਕਤਲ ਕਰ ਦਿੱਤਾ। ਬੇਟੇ ਦੀ ਵੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।