
ਵਾਹੀਯੋਗ ਜ਼ਮੀਨ ਨੂੰ ਸਹੀ ਕਰਨ ਅਤੇ ਘਰ ਬਣਾਉਣ ਲਈ ਪਵੇਗੀ ਬਹੁਤ ਪੈਸੇ ਲੋੜ, ਉਦੋਂ ਦਿਖਾਇਓ ਹਮਦਰਦੀ
ਸੁਲਤਾਨਪੁਰ ਲੋਧੀ, 6 ਸਤੰਬਰ : ਸਮੁੱਚੇ ਪੰਜਾਬ ਵਿਚ ਆਏ ਹੜ੍ਹਾਂ ਨੇ ਸੂਬੇ ਨੂੰ ਬੁਰੀ ਤਰ੍ਹਾਂ ਨਾਲ ਝੰਜੋੜ ਕੇ ਰੱਖ ਦਿੱਤਾ ਹੈ। ਇਨ੍ਹਾਂ ਹੜ੍ਹਾਂ ਦਾ ਜ਼ਿਆਦਾ ਅਸਰ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਜਲੰਧਰ, ਮੋਗਾ, ਹੁਸ਼ਿਆਰਪੁਰ ਅਤੇ ਪਟਿਆਲਾ ਆਦਿ ਜ਼ਿਲ੍ਹਿਆਂ ਵਿਚ ਦੇਖਣ ਨੂੰ ਮਿਲਿਆਂ। ਸੂਬੇ ਅੰਦਰ ਆਏ ਹੜ੍ਹਾਂ ਕਾਰਨ ਹੁਣ ਤੱਕ 43 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਜਦਕਿ 4 ਲੱਖ ਏਕੜ ਤੋਂ ਵੱਧ ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਗਈ ਫ਼ਸਲ ਪਾਣੀ ਵਿਚ ਡੁੱਬਣ ਕਾਰਨ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਚੁੱਕੀ ਹੈ। ਇਸ ਤੋਂ ਇਲਾਵਾ ਲੋਕਾਂ ਦੇ ਘਰਾਂ, ਪਸ਼ੂਆਂ ਸਮੇਤ ਹੋਰ ਬਹੁਤ ਸਾਰੀ ਸੰਪਤੀ ਦਾ ਵੱਡੀ ਪੱਧਰ ’ਤੇ ਹੜ੍ਹਾਂ ਕਾਰਨ ਨੁਕਸਾਨ ਹੋਇਆ ਹੈ। ਪਿਛਲੇ ਲਗਭਗ ਇਕ ਮਹੀਨੇ ਤੋਂ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦੀ ਅਸਲ ਸਥਿਤੀ ਨੂੰ ਜਾਨਣ ਲਈ ਰੋਜ਼ਾਨਾ ਸਪੋਕਸਮੈਨ ਦੀ ਮੈਨਜਿੰਗ ਡਾਇਰੈਕਟਰ ਨਿਮਰਤ ਕੌਰ ਵੱਲੋਂ ਸੁਲਤਾਨਪੁਰ ਲੋਧੀ ਦੇ ਪਿੰਡ ਆਲੀਕੇ ਵਿਚ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨਾਲ ਗੱਲਬਾਤ ਕੀਤੀ ਗਈ। ਪੇਸ਼ ਹਨ ਉਨ੍ਹਾਂ ਕੀਤੀ ਗਈ ਵਿਸ਼ੇਸ਼ ਗੱਲਬਾਤ ਦੇ ਕੁੱਝ ਅੰਸ਼:
ਸਵਾਲ : ਕਿਸ ਤਰ੍ਹਾਂ ਨਾਲ ਕੀਤੀ ਜਾਵੇ ਹੜ੍ਹ ਪੀੜਤਾਂ ਦੀ ਮਦਦ?
ਜਵਾਬ : ਅਸੀਂ ਪਿਛਲੇ 26 ਦਿਨਾਂ ਤੋਂ ਹੜ੍ਹ ਪੀੜਤਾਂ ਦੀ ਦਿਲੋਂ ਮਦਦ ਕਰਨ ਵਿਚ ਜੁਟੇ ਹੋਏ ਹਾਂ ਅਤੇ ਲੋੜਵੰਦਾਂ ਤੱਕ ਲੰਗਰ ਪ੍ਰਸ਼ਾਦਾ ਪਹੁੰਚਾ ਰਹੇ ਹਾਂ। ਅਸੀਂ ਇਨ੍ਹਾਂ ਦਿਨਾਂ ਦੌਰਾਨ ਹਰ ਉਸ ਘਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ, ਜਿੱਥੇ ਕੋਈ ਰਹਿੰਦਾ ਵੀ ਨਹੀਂ ਅਤੇ ਉਥੇ ਸਿਰਫ਼ ਕੁੱਤੇ ਹੀ ਰਹਿੰਦੇ ਹਨ ਅਤੇ ਅਸੀਂ ਉਨ੍ਹਾਂ ਨੂੰ ਵੀ ਰੋਟੀ ਦੇ ਕੇ ਆਉਂਦੇ ਹਾਂ। ਸਾਡੇ ਲਈ ਉਹ ਸਭ ਤੋਂ ਜ਼ਿਆਦਾ ਮੁਸ਼ਕਿਲ ਭਰਿਆ ਸਮਾਂ ਹੁੰਦਾ ਹੈ ਜਦੋਂ ਅਸੀਂ ਹੜ੍ਹਾਂ ਕਾਰਨ ਆਪਣਾ ਸਭ ਕੁੱਝ ਗੁਆ ਚੁੱਕੇ ਰੋਂਦੇ ਹੋਏ ਵਿਅਕਤੀਆਂ ਦੇ ਹੱਥਾਂ ਵਿਚ ਲੰਗਰ ਫੜ੍ਹਾਉਂਦੇ ਹਾਂ। ਮਦਦ ਲਈ ਆਉਣ ਵਾਲੇ ਲੋਕ ਬਿਸਕੁਟਾਂ, ਬ੍ਰੈਡਾਂ ਅਤੇ ਪਾਣੀ ’ਤੇ ਪੈਸਾ ਬਰਬਾਦ ਨਾ ਕਰਨਾ, ਕਿਉਂਕਿ ਹੜ੍ਹ ਪੀੜਤਾਂ ਲਈ ਲੰਗਰ ਅਤੇ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਕੋਈ ਘਾਟ ਨਹੀਂ। ਬਲਕਿ ਇਨ੍ਹਾਂ ਵਸਤਾਂ ’ਤੇ ਖਰਚ ਕੀਤੇ ਜਾਣ ਵਾਲੇ ਪੈਸੇ ਨੂੰ ਸਾਂਭ ਕੇ ਰੱਖਿਆ ਜਾਵੇ ਅਤੇ ਲੋੜ ਪੈਣ ’ਤੇ ਅਸੀਂ ਦੱਸਾਂਗੇ ਕਿ ਕਿਸ ਪਰਿਵਾਰ ਨੂੰ ਕਿਸ ਚੀਜ਼ ਦੀ ਲੋੜ ਹੈ। ਕਿਉਂਕਿ ਹੜ੍ਹਾਂ ਕਾਰਨ ਲੋਕਾਂ ਦੇ ਘਰ ਬਰਬਾਦ ਚੁੱਕੇ ਹਨ, ਕਿਸਾਨਾਂ ਦੀ ਜ਼ਮੀਨ ਬਰਬਾਦ ਹੋ ਚੁੱਕੀ ਹੈ, ਜਿਸ ਨੂੰ ਠੀਕ ਕਰਨ ਵਾਸਤੇ ਬਹੁਤ ਪੈਸੇ ਦੀ ਲੋੜ ਪੈਣੀ ਹੈ। ਇਥੇ ਦਰਿਆਵਾਂ ਦੇ ਕੰਢਿਆਂ ’ਤੇ ਪਏ ਪਾੜਾਂ ਨੂੰ ਪੂਰਨ ਲਈ ਦਿਨ-ਰਾਤ ਟਰੈਕਟਰ ਟਰਾਲੀਆਂ ਚੱਲ ਰਹੇ, ਜਿਸ ਲਈ ਬਹੁਤ ਡੀਜ਼ਲ ਦੀ ਲੋੜ ਪੈਂਦੀ ਹੈ। ਰਸਦ ਦੀਆਂ ਟਰਾਲੀਆਂ ਭਰ ਕੇ ਆਉਣ ਵਾਲਿਆਂ ਨੂੰ ਅਪੀਲ ਕੀਤੀ ਉਹ ਇਕ-ਇਕ ਪਰਿਵਾਰ ਨੂੰ ਅਪਣਾ ਲੈਣ ਅਤੇ ਜਦੋਂ ਤੱਕ ਵਿਅਕਤੀ ਇਸ ਮਾੜੇ ਸੰਕਟ ’ਚੋਂ ਉਭਰ ਨਹੀਂ ਜਾਂਦਾ, ਉਹ ਉਸ ਦੀ ਮਦਦ ਕਰਦੇ ਰਹਿਣ। ਇਸ ਤਰ੍ਹਾਂ ਕਰਨ ਨਾਲ ਬਹੁਤ ਸਾਰੇ ਪਰਿਵਾਰਾਂ ਦਾ ਭਲਾ ਹੋ ਜਾਵੇਗਾ।
ਸਵਾਲ : ਹੜ੍ਹ ਪੀੜਤਾਂ ਨੂੰ ਕਿਸ ਤਰ੍ਹਾਂ ਉਨ੍ਹਾਂ ਦੇ ਘਰਾਂ ਤੋਂ ਲਿਆਂਦਾ ਗਿਆ ਬਾਹਰ
ਜਵਾਬ : ਹੜ੍ਹ ਦੇ ਪਾਣੀਆਂ ’ਚ ਡੁੱਬਿਆ ਕੋਈ ਵੀ ਵਿਅਕਤੀ ਆਪਣੇ ਘਰ ਨੂੰ ਛੱਡਣ ਲਈ ਰਾਜ਼ੀ ਨਹੀਂ ਹੁੰਦਾ। ਅਸੀਂ ਬੜੀ ਮੁਸ਼ਕਿਲ ਨਾਲ ਉਨ੍ਹਾਂ ਨੂੰ ਘਰਾਂ ਤੋਂ ਬਾਹਰ ਸੁਰੱਖਿਅਤ ਥਾਵਾਂ ’ਤੇ ਲੈ ਕੇ ਆਏ। ਜਦੋਂ ਅਸੀਂ ਉਨ੍ਹਾਂ ਨੂੰ ਚਾਰ-ਚੁਫੇਰੇ ਤੋਂ ਪਾਣੀ ਨਾਲ ਘਿਰੇ ਘਰਾਂ ’ਚੋਂ ਬਾਹਰ ਕੱਢਣ ਲਈ ਗਏ ਤਾਂ ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਸਾਡੇ ਪਸ਼ੂਆਂ ਨੂੰ ਬਾਹਰ ਕੱਢਿਆ ਜਾਵੇ, ਫਿਰ ਸਾਡੇ ਸਮਾਨ ਨੂੰ ਬਾਹਰ ਕੱਢਿਆ ਜਾਵੇ ਫਿਰ ਅਸੀਂ ਇਥੋਂ ਬਾਹਰ ਜਾਵਾਂਗੇ। ਕੋਈ ਵੀ ਵਿਅਕਤੀ ਹੜ੍ਹਾਂ ਦੇ ਪਾਣੀ ’ਚ ਡੁੱਬੇ ਆਪਣੇ ਘਰਾਂ ਨੂੰ ਛੱਡਣ ਲਈ ਤਿਆਰ ਨਹੀਂ ਹੁੰਦਾ ਕਿਉਂਕਿ ਹਰ ਪਰਿਵਾਰ ਨੇ ਬੜੀ ਮਿਹਨਤ ਕਰਕੇ ਆਪਣਾ ਘਰ ਬਣਾਇਆ ਹੁੰਦਾ ਹੈ। (ਮੌਕੇ ’ਤੇ ਇਕ ਪਰਿਵਾਰ ਵਲ ਇਸ਼ਾਰਾ ਕਰਦੇ ਹੋਏ) ਇਹ ਵੇਖੋ ਇਸ ਪਰਿਵਾਰ ਵਿਚ ਦੋ ਬੱਚੇ ਵੀ ਸ਼ਾਮਲ ਹਨ, ਉਹ ਪਿਛਲੇ 26 ਦਿਨਾਂ ਤੋਂ ਇਕ ਥਾਂ ’ਤੇ ਹੀ ਘਿਰੇ ਹੋਏ ਹਨ, ਸਾਰਾ ਘਰ ਗਿੱਲਾ ਹੋਇਆ ਪਿਆ ਹੈ, ਛੱਤ ’ਚੋਂ ਵੀ ਪਾਣੀ ਟਪਕ ਰਿਹਾ ਹੈ ਅਤੇ ਉਹ ਬੱਚਿਆਂ ਸਮੇਤ ਉਥੇ ਹੀ ਰੁਕੇ ਹੋਏ ਹਨ। ਅਸੀਂ ਉਨ੍ਹਾਂ ਬੱਚਿਆਂ ਨੂੰ ਟੌਫੀਆਂ ਤੱਕ ਦੇ ਕੇ ਆਉਂਦੇ ਹਨ। ਜੇਕਰ ਉਥੇ ਕਿਸੇ ਆਮ ਨੌਰਮਲ ਨੂੰ ਇਨਸਾਨ ਨੂੰ ਛੱਡ ਦਿੱਤਾ ਜਾਵੇ ਤਾਂ ਉਹ ਦੋ ਦਿਨਾਂ ’ਚ ਪਾਗਲ ਹੋ ਜਾਵੇਗਾ। ਇਸੇ ਤਰ੍ਹਾਂ ਇਕ ਮਾਂ ਦੀਆਂ ਦੋ ਧੀਆਂ ਹਨ ਜਿਨ੍ਹਾਂ ਦਾ ਸਾਰਾ ਘਰ ਹੜ੍ਹ ਦੇ ਪਾਣੀ ਵਿਚ ਰੁੜ੍ਹ ਗਿਆ ਹੈ ਅਤੇ ਉਨ੍ਹਾਂ ਨੂੰ ਅਸੀਂ ਸੁਰੱਖਿਅਤ ਥਾਂ ’ਤੇ ਲੈ ਆਏ। ਉਹ ਬਜ਼ੁਰਗ ਮਾਤਾ ਇਕ ਦਿਨ ਕਹਿਣ ਲੱਗੀ ਸਾਨੂੰ ਕਿਸ਼ਤੀ ’ਚ ਲਿਜਾ ਕੇ ਉਹ ਥਾਂ ਦਿਖਾ ਲਿਆਓ ਜਿੱਥੇ ਸਾਡਾ ਘਰ ਹੁੰਦਾ ਸੀ। ਗਰੀਬ ਸ਼ਬਦ ਜਿੰਨਾ ਸੁਣਨ ਅਤੇ ਕਹਿਣ ਨੂੰ ਸੌਖਾ ਲਗਦਾ ਹੈ ਗਰੀਬੀ ਹੰਢਾਉਣੀ ਓਨੀ ਹੀ ਔਖੀ ਹੁੰਦੀ ਹੈ। ਅਸੀਂ ਗਰੀਬੀ ਆਪਣੇ ਪਿੰਡੇ ’ਤੇ ਹੰਢਾਈ ਹੈ ਅਤੇ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਗਰੀਬੀ ਕੀ ਹੁੰਦੀ ਹੈ।
ਸਵਾਲ : ਪਾਣੀ ਘਟਣ ਤੋਂ ਬਾਅਦ ਆਉਣ ਵਾਲੀਆਂ ਸਮੱਸਿਆਵਾਂ ਨਾਲ ਕਿਸ ਤਰ੍ਹਾਂ ਨਿਪਟਿਆ ਜਾਵੇਗਾ?
ਜਵਾਬ : ਭਾਵੁਕ ਹੋ ਕੇ ਬੈ੍ਰਡ, ਬਿਸਕੁਟ ਜਾਂ ਲੰਗਰਾਂ ’ਤੇ ਪੈਸਾ ਬਰਬਾਦ ਨਾ ਕਰੋ। ਕਿਉਂਕਿ ਲੰਗਰ ਆਦਿ ਦਾ ਪ੍ਰਬੰਧ ਬਹੁਤ ਹੈ। ਅਸਲ ਸਮੱਸਿਆ ਤਾਂ ਪਾਣੀ ਘਟਣ ਤੋਂ ਬਾਅਦ ਖੜ੍ਹੀ ਹੋਣੀ ਹੈ। ਜਿਨ੍ਹਾਂ ਪਰਿਵਾਰਾਂ ਦੇ ਘਰ ਬਿਲਕੁਲ ਹੀ ਤਬਾਹ ਹੋ ਗਏ ਹਨ, ਖੇਤ ਮਿੱਟੀ ਨਾਲ ਭਰ ਚੁੱਕੇ ਹਨ ਉਨ੍ਹਾਂ ਨੂੰ ਪੱਧਰ ਕਰਨ ਲਈ ਅਤੇ ਤਬਾਹ ਹੋਏ ਘਰਾਂ ਨੂੰ ਮੁੜ ਸੁਰਜੀਤ ਕਰਨ ਲਈ ਸਮੁੱਚੇ ਪੰਜਾਬ ਦੀ, ਰਾਜਨੀਤਿਕ ਪਾਰਟੀਆਂ, ਧਾਰਮਿਕ ਜਥੇਬੰਦੀਆਂ ਆਦਿ ਸਭ ਦੀ ਜ਼ਰੂਰਤ ਪੈਣੀ ਹੈ ਅਤੇ ਮੈਂ ਸਭ ਨੂੰ ਅਪੀਲ ਕਰਦਾ ਹਾਂ ਉਦੋਂ ਤੁਸੀਂ ਸਭ ਖੁੱਲ੍ਹ ਕੇ ਦਿਲੋਂ ਪ੍ਰਭਾਵਿਤ ਹੋਏ ਪਰਿਵਾਰਾਂ ਦੀ ਮਦਦ ਕਰਿਓ, ਹੁਣ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰਦੇ ਹੋਏ ਲੰਗਰ ਤੇ ਹੋਰ ਰਸਦਾਂ ’ਤੇ ਪੈਸਾ ਬਰਬਾਦ ਨਾ ਕਰੋ। ਲੋੜ ਪੈਣ ’ਤੇ ਤੁਹਾਨੂੰ ਦੱਸਿਆ ਜਾਵੇਗਾ ਕਿ ਕਿਸ ਤਰ੍ਹਾਂ ਕਿਸ ਪਰਿਵਾਰ ਦੀ ਮਦਦ ਕੀਤੀ ਜਾਵੇ। ਅਸੀਂ ਚਾਹੁੰਦੇ ਹਾਂ ਕਿ ਹਰ ਵਿਅਕਤੀ ਵੱਲੋਂ ਕੀਤਾ ਗਿਆ ਦਾਨ ਵਿਅਰਥ ਨਾ ਜਾਵੇ ਅਤੇ ਮੈਂ ਸਭ ਨੂੰ ਅਪੀਲ ਕਰਦਾ ਹਾਂ ਕਿ ਤੁਹਾਡੇ ਵੱਲੋਂ ਦਿੱਤਾ ਗਿਆ ਦਾਨ ਸਹੀ ਥਾਂ ’ਤੇ ਲਗਾਇਆ ਜਾਵੇ।
ਸਵਾਲ : ਹੜ੍ਹਾਂ ਨੂੰ ਰੋਕਣ ਲਈ ਕਿਸ ਤਰ੍ਹਾਂ ਨਾਲ ਕੀਤਾ ਜਾ ਸਕਦਾ ਹੈ ਪ੍ਰਬੰਧ?
ਜਵਾਬ : ਹੜ੍ਹਾਂ ਨੂੰ ਰੋਕਣ ਲਈ ਕੋਈ ਪ੍ਰਬੰਧ ਨਹੀਂ ਕੀਤਾ ਜਾ ਸਕਦਾ ਕਿਉਂਕਿ ਕੁਦਰਤ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਚਲਦਾ। ਜਿਵੇਂ ਕਿ ਸਾਊਦੀ ਅਰਬ ਤੇ ਰਾਜਸਥਾਨ ਦੇ ਜੈਪੁਰ ਵਰਗੇ ਸ਼ਹਿਰ ਵੀ ਪਾਣੀ ਵਿਚ ਡੁੱਬੇ ਹੋਏ ਹਨ। ਇਸੇ ਤਰ੍ਹਾਂ ਹੀ ਇਨ੍ਹਾਂ ਨੂੰ ਮਜ਼ਬੂਤ ਕਰਨ ਲਈ ਪਹਿਲਾਂ ਕਿਸਾਨਾਂ ਵੱਲੋਂ ਪ੍ਰਬੰਧ ਕੀਤੇ ਗਏ ਸਨ। ਹੜ੍ਹਾਂ ਤੋਂ ਪਹਿਲਾਂ ਇਨ੍ਹਾਂ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਗਿਆ ਸੀ। ਬੰਨ੍ਹ ਕਦੇ ਵੀ ਓਵਰਫਲੋਅ ਹੋਣ ਕਾਰਨ ਨਹੀਂ ਟੁੱਟਦੇ ਸਗੋਂ ਪਾਣੀ ਦਾ ਤੇਜ਼ ਵਹਾਅ ਬੰਨ੍ਹਾਂ ਦੇ ਜੜ੍ਹਾਂ ’ਚੋਂ ਮਿੱਟ ਨੂੰ ਕੱਢ ਦਿੰਦਾ ਹੈ, ਜਿਸ ਕਾਰਨ ਇਹ ਬੰਨ੍ਹ ਟੁੱਟ ਜਾਂਦੇ ਹਨ। ਇਨ੍ਹਾਂ ਨੂੰ ਰੋਕਣ ਲਈ ਮਿੱਟੀ ਕਾਰਗਰ ਨਹੀਂ ਹੁੰਦੀ ਸਗੋਂ ਇਨ੍ਹਾਂ ਨੂੰ ਪੱਕੇ ਕਰਨ ਲਈ ਡਰੇਨਜ਼ ਵਿਭਾਗ ਹੀ ਕੋਈ ਸਥਾਈ ਹੱਲ ਕੱਢ ਸਕਦਾ ਹੈ। ਇਸ ਮੌਕੇ ’ਤੇ ਮੌਜੂਦ ਕੁੱਝ ਹੜ੍ਹ ਪ੍ਰਭਾਵਿਤ ਵਿਅਕਤੀਆਂ ਨੇ ਕਿਹਾ ਕਿ ਹੜ੍ਹਾਂ ਦੌਰਾਨ ਹੀ ਸਰਕਾਰਾਂ ਵੱਲੋਂ ਦੌਰੇ ਕਰਕੇ ਇਨ੍ਹਾਂ ਨੂੰ ਪੱਕਾ ਕਰਨ ਦੇ ਵਾਅਦੇ ਕੀਤੇ ਜਾਂਦੇ ਹਨ ਜਦਕਿ ਹਕੀਕਤ ਵਿਚ ਕੁੱਝ ਵੀ ਨਹੀਂ ਹੁੰਦਾ। ਜੇਕਰ ਕਿਸੇ ਬੰਨ੍ਹ ਨੂੰ ਪੱਕਾ ਕਰਨ ਲਈ 10 ਕਰੋੜ ਰੁਪਏ ਪਾਸ ਹੁੰਦੇ ਹਨ ਤਾਂ ਉਥੇ 1 ਕਰੋੜ ਰੁਪਇਆ ਵੀ ਖਰਚਿਆ ਨਹੀਂ ਜਾਂਦਾ। ਭ੍ਰਿਸ਼ਟਾਚਾਰੀ ਦਾ ਇਹ ਆਲਮ ਹੀ ਲੋਕਾਂ ਲਈ ਮੁਸੀਬਤ ਬਣ ਕੇ ਆਉਂਦਾ ਹੈ। ਹੜ੍ਹਾਂ ਤੋਂ ਪਹਿਲਾਂ ਨਦੀਆਂ-ਨਾਲਿਆਂ ਨੂੰ ਸਾਫ਼ ਕਰਨ ਦੀਆਂ ਗੱਲਾਂ ਜ਼ਰੂਰ ਹੁੰਦੀਆਂ ਹਨ ਪਰ ਅਸਲ ਵੀ ਕੁੱਝ ਵੀ ਨਹੀਂ ਹੁੰਦਾ। ਸਾਰੇ ਦਰਿਆ ਰੇਤ ਅਤੇ ਮਿੱਟੀ ਨਾਲ ਭਰੇ ਪਏ ਅਤੇ ਇਨ੍ਹਾਂ ਸਾਫ਼ ਨਹੀਂ ਕੀਤਾ ਜਾਂਦਾ।
ਸਵਾਲ : ਹੜ੍ਹ ਪੀੜਤਾਂ ਲਈ ਤੁਹਾਡੇ ਵੱਲੋਂ ਕੀਤੇ ਜਾ ਰਹੇ ਕਾਰਜ ਆਉਂਦੇ ਹਨ ਨਜ਼ਰ?
ਜਵਾਬ : ਮੈਂ ਕੁੱਝ ਨਹੀਂ ਕਰ ਰਿਹਾ, ਜੋ ਕੁੱਝ ਕਰ ਰਹੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਕੀਤਾ ਜਾਂਦਾ ਹੈ। ਮੇਰੇ ਵੱਲੋਂ ਅੱਜ ਤੱਕ ਜੋ ਵੀ ਕਾਰਜ ਆਰੰਭਿਆ ਗਿਆ ਹੈ, ਮੈਂ ਉਸ ਨੂੰ ਮਹਾਰਾਜ ਦੀ ਕਿਰਪਾ ਨਾਲ ਪੂਰਾ ਜ਼ਰੂਰ ਕੀਤਾ ਹੈ। ਮੈਂ ਕਦੇ ਵੀ ਕੁੱਝ ਇਕੱਠਾ ਨਹੀਂ ਕੀਤਾ ਜੋ ਵੀ ਸੰਗਤਾਂ ਵੱਲੋਂ ਆਉਂਦਾ ਹੈ ਉਹ ਲੋਕਾਂ ਦੀ ਸੇਵਾ ’ਤੇ ਲਗਾਇਆ ਜਾਂਦਾ ਹੈ। ਹੁਣ ਵੀ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਲੋਕਾਂ ਦੀਆਂ ਕਮੇਟੀਆਂ ਬਣਾ ਦਿਤੀਆਂ ਗਈਆਂ ਹਨ ਕਿਉਂਕਿ ਪਿੰਡਾਂ ਵਾਲਿਆਂ ਨੂੰ ਹੀ ਪੂਰੀ ਤਰ੍ਹਾਂ ਪਤਾ ਹੁੰਦਾ ਹੈ ਕਿ ਕਿਸ ਪਰਿਵਾਰ ਨੂੰ ਕਿਸ ਤਰ੍ਹਾਂ ਦੀ ਜ਼ਰੂਰਤ ਹੁੰਦੀ ਹੈ। ਅਸੀਂ ਚਾਹੁੰਦੇ ਹਾਂ ਕਿ ਹਰ ਲੋੜਵੰਦ ਤੱਕ ਸਹਾਇਤਾ ਪਹੁੰਚੇ। ਦੁਨੀਆ ਵਿਚ ਦਾਨੀ ਬਹੁਤ ਹਨ ਅਤੇ ਅਸੀਂ ਪਲਾਨ ਤਿਆਰ ਕਰ ਰਹੇ ਕਿ ਦਾਨੀਆਂ ਵੱਲੋਂ ਦਿੱਤਾ ਗਿਆ ਦਾਨ ਸਹੀ ਜ਼ਰੂਰਤਮੰਦ ’ਤੇ ਲੱਗੇ। ਅਸੀਂ ਤਾਂ ਲੋਕਾਂ ਦੇ ਮਦਦਗਾਰ ਹਾਂ ਅਤੇ ਸਾਡੇ ਕੋਲੋਂ ਵੀ ਮਦਦ ਹੋਵੇਗੀ ਉਹ ਅਸੀਂ ਕਰਨ ਲਈ ਤਿਆਰ ਹਾਂ। ਅਸੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾਨ ਕਰਨ ਵਾਲਿਆਂ ਨੂੰ ਪੀੜਤ ਪਰਿਵਾਰਾਂ ਦੀ ਹਾਲਤ ਦਿਖਾਈ ਹੈ ਜੇਕਰ ਉਨ੍ਹਾਂ ਸਾਰਿਆਂ ਵੱਲੋਂ ਪੀੜਤ ਪਰਿਵਾਰਾਂ ਦੀ ਥੋੜ੍ਹੀ-ਥੋੜ੍ਹੀ ਮਦਦ ਕੀਤੀ ਜਾਵੇ ਤਾਂ ਸਾਰੀਆਂ ਮੁਸ਼ਕਿਲਾਂ ਹੱਲ ਹੋ ਸਕਦੀਆਂ ਹਨ। ਹੜ੍ਹਾਂ ਤੋਂ ਪ੍ਰਭਾਵਿਤ ਹੋਣ ਵਾਲੇ ਵੀ ਸਾਡੇ ਹੀ ਭੈਣ-ਭਰਾ ਅਤੇ ਭਾਰਤ ਦੇ ਨਾਗਰਿਕ ਹਨ ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਨ੍ਹਾਂ ਦੀ ਦਿਲੋਂ ਮਦਦ ਕੀਤੀ ਜਾਵੇ ਇਹ ਸਾਰੇ ਮਸਲਾ ਪ੍ਰਮਾਤਮਾ ਦੀ ਕਿਰਪਾ ਨਾਲ ਹੱਲ ਹੋ ਜਾਵੇਗਾ।
ਸਵਾਲ : ਪੰਜਾਬ ਨੂੰ ਦੁਬਾਰਾ ਮਜ਼ਬੂਤੀ ਨਾਲ ਕਿਸ ਤਰ੍ਹਾਂ ਕੀਤਾ ਜਾਵੇਗਾ ਖੜ੍ਹਾ?
ਜਵਾਬ : ਬਾਬਾ ਫਰੀਦ ਜੀ ਦਾ ਇਕ ਸ਼ਲੋਕ ਹੈ ਕਿ ‘ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈਂ ਮੁਝੈ ਨ ਦੇਹਿ॥ ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ।’ ਪੰਜਾਬੀ ਕਿਸੇ ਦੇ ਮੁਹਥਾਜ ਨਹੀਂ ਹੈ ਅਤੇ ਪੰਜਾਬੀਆਂ ਨੂੰ ਕਿਸੇ ਕੋਲੋਂ ਮੰਗਣਾ ਬਹੁਤ ਔਖਾ ਲਗਦਾ ਹੈ ਅਤੇ ਇਹ ਮੰਗਣ ਨਾਲੋਂ ਮਰਨਾ ਪਸੰਦ ਕਰਦੇ ਹਨ। ਹੜ੍ਹ ਪ੍ਰਭਾਵਿਤਾਂ ਦੀ ਹੁਣ ਮੁੱਖ ਲੋੜ ਹੈ ਕਿ ਇਨ੍ਹਾਂ ਲੋਕਾਂ ਨੂੰ ਦੁਬਾਰਾ ਤੋਂ ਰੁਲਣਾ ਨਾ ਪਵੇ ਇਸ ਦੇ ਲਈ ਸਾਨੂੰ ਸਭ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਚਲਦਾ ਪਰ ਸਾਨੂੰ ਆਪਣੇ ਵੱਲੋਂ 100 ਫੀਸਦੀ ਕੋਸ਼ਿਸ਼ ਕਰਕੇ ਇਨ੍ਹਾਂ ਬੰਨ੍ਹਾਂ ਨੂੰ ਉੱਚਾ ਅਤੇ ਮਜ਼ਬੂਤ ਕਰਨਾ ਚਾਹੀਦਾ। ਲੋਕਾਂ ਨੂੰ ਮੇਰੀ ਅਪੀਲ ਹੈ ਕਿ ਜੇਕਰ ਤੁਸੀਂ ਮਜ਼ਬੂਤ ਹੋ ਜਾਓਗੇ ਤਾਂ ਸਭ ਕੁੱਝ ਹੋ ਜਾਵੇਗਾ। ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਸਮੂਹ ਸਮਾਜ ਸੇਵੀ ਜਥੇਬੰਦੀਆਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਅਜਿਹੇ ਕੰਮ ਕਰ ਦਿਓ ਕਿ ਮੁੜ ਤੋਂ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇਗਾ। ਲੋੜ ਹੈ ਪ੍ਰਭਾਵਿਤ ਹੋ ਚੁੱਕੇ ਪਰਿਵਾਰਾਂ ਨੂੰ ਮੁੜ ਤੋਂ ਪੈਰਾਂ ਸਿਰ ਕਰਨ ਦੀ ਜਿਸ ਲਈ ਸਾਨੂੰ ਸਭ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਲੰਗਰਾਂ ਅਤੇ ਹੋਰ ਰਸਦਾਂ ’ਤੇ ਪੈਸਾ ਬਰਬਾਦ ਨਾ ਕਰੋ, ਇਸ ਨੂੰ ਸਾਂਭ ਕੇ ਰੱਖੋ ਅਤੇ ਲੋੜ ਪੈਣ ’ਤੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਦਿਲੋਂ ਮਦਦ ਕਰੋੋ ਤਾਂ ਜੋ ਇਹ ਪਰਿਵਾਰ ਮੁੜ ਤੋਂ ਪੈਰਾਂ-ਸਿਰ ਹੋ ਸਕਣ।