
ਥੈਲੇਸੀਅਮ ਪੀੜਤ ਬੱਚੀ ਨੂੰ ਐਚ.ਆਈ.ਵੀ ਤੋਂ ਪੀੜਤ ਡੋਨਰ ਦਾ ਚੜ੍ਹਾਇਆ ਖ਼ੂਨ
ਪੜਤਾਲ ਦੌਰਾਨ ਬੈਂਕ ਦੇ ਇੰਚਾਰਜ ਸਮੇਤ ਤਿੰਨ ਜਣਿਆਂ ਦੀ ਲਾਪਰਵਾਹੀ ਸਾਹਮਣੇ ਆਈ
to
ਬਠਿੰਡਾ, 5 ਅਕਤੂਬਰ (ਸੁਖਜਿੰਦਰ ਮਾਨ): ਸਥਾਨਕ ਭਾਈ ਮਨੀ ਸਿੰਘ ਸਿਵਲ ਹਸਪਤਾਲ 'ਚ ਸਥਿਤ ਬਲੱਡ ਬੈਂਕ ਦੇ ਕਰਮਚਾਰੀਆਂ ਤੇ ਇੰਚਾਰਜ ਦੀ ਵੱਡੀ ਲਾਪਰਵਾਹੀ ਦੇ ਚਲਦਿਆਂ ਥੈਲੇਸੀਅਮ ਪੀੜਤ ਇਕ ਸੱਤ ਸਾਲਾਂ ਬੱਚੀ ਨੂੰ ਐਚ.ਆਈ.ਵੀ ਤੋਂ ਪੀੜਤ ਇਕ ਖ਼ੂਨਦਾਨੀ ਦਾ ਖ਼ੂਨ ਚੜਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਦਿਨ ਪਹਿਲਾਂ ਵਾਪਰੀ ਇਸ ਘਟਨਾ ਦੀ ਪੜਤਾਲ ਲਈ ਬਣਾਈ ਤਿੰਨ ਮੈਂਬਰੀ ਕਮੇਟੀ ਵਲੋਂ ਕੀਤੀ ਪੜਤਾਲ ਦੌਰਾਨ ਹੈਰਾਨੀਜਨਕ ਪਹਿਲੂ ਸਾਹਮਣੇ ਆਏ ਹਨ। ਸੂਤਰਾਂ ਮੁਤਾਬਕ ਖ਼ੂਨਦਾਨੀ ਐਚ.ਆਈ.ਵੀ ਪੀੜਤ ਵਿਅਕਤੀ ਦਾ ਖ਼ੂਨ ਪਹਿਲਾਂ ਵੀ ਲੰਘੀ 6 ਮਈ ਨੂੰ ਹਸਪਤਾਲ ਵਿਚ ਮੈਡੀਕਲ ਅਫ਼ਸਰ ਡਾ. ਗੁਰਿੰਦਰ ਕੌਰ ਦੀ ਅਗਵਾਈ ਹੇਠ ਦਾਖ਼ਲ ਇਕ ਮਹਿਲਾ ਮਰੀਜ਼ ਨੂੰ ਦਿਤਾ ਗਿਆ ਸੀ। ਸਿਵਲ ਹਸਪਤਾਲ ਦੇ ਐਸ.ਐਮ.ਓ ਵਲੋਂ 3 ਅਕਤੂਬਰ ਨੂੰ ਅਪਣੇ ਪੱਤਰ ਨੰਬਰ 3366ਤਹਿਤ ਮਾਮਲੇ ਦੀ ਬਣਾਈ ਤਿੰਨ ਮੈਂਬਰੀ ਕਮੇਟੀ ਨੇ ਬੈਂਕ ਦੀ ਇੰਚਾਰਜ ਮਹਿਲਾ ਡਾਕਟਰ ਕਰਿਸਮਾ ਗੋਇਲ, ਸੀਨੀਅਰ ਲੈਬ ਟੈਕਨੀਸੀਅਨ ਬਲਦੇਵ ਸਿੰਘ ਰੋਮਾਣਾ ਅਤੇ ਇਕ ਮਹਿਲਾ ਕਰਮਚਾਰਣ ਰਿਚੂ ਗੋਇਲ ਨੂੰ ਇਸ ਲਾਪਰਵਾਹੀ ਲਈ ਜ਼ਿੰਮੇਵਾਰੀ ਠਹਿਰਾਇਆ ਹੈ।
ਪੜਤਾਲੀਆਂ ਕਮੇਟੀ ਨੇ ਇਹ ਵੀ ਮਹੱਤਵਪੂਰਨ ਇੰਕਸਾਫ਼ ਕੀਤਾ ਹੈ ਕਿ ਬਲੱਡ ਬੈਂਕ 'ਚ ਇੰਚਾਰਜ ਅਤੇ ਸੀਨੀਅਰ ਲੈਬ ਟੈਕਨੀਸੀਅਨ ਵਿਚਕਾਰ ਚੱਲ ਰਹੀ ਆਪਸੀ ਖ਼ਹਿਬਾਜ਼ੀ ਕਾਰਨ ਇਹ ਘਟਨਾ ਵਾਪਰੀ ਹੈ। ਸਿਵਲ ਸਰਜਨ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਉਕਤ ਤਿੰਨ ਮੁਲਾਜ਼ਮਾਂ ਵਿਰੁਧ ਸਖ਼ਤ ਕਾਰਵਾਈ ਦੀ ਸਿਫ਼ਾਰਿਸ਼ ਕੀਤੀ ਹੈ ਜਦੋਂਕਿ ਤਿੰਨਾਂ ਨੂੰ ਤੁਰਤ ਬਲੱਡ ਬੈਂਕ ਵਿਚੋਂ ਤਬਦੀਲ ਕਰ ਦਿਤਾ ਗਿਆ ਹੈ। ਇਸ ਦੀ ਪੁਸ਼ਟੀ ਸਿਵਲ ਸਰਜ਼ਨ ਡਾ. ਅਮਰੀਕ ਸਿੰਘ ਨੇ ਕੀਤੀ ਹੈ। ਸੂਚਨਾ ਮੁਤਾਬਕ ਲੰਘੀ 3 ਅਕਤੂਬਰ ਨੂੰ ਜ਼ਿਲ੍ਹੇ ਨਾਲ ਸਬੰਧਤ ਥੈਲੇਸੀਅਮ ਰੋਗ ਤੋਂ ਪੀੜਤ ਇਕ ਸੱਤ ਸਾਲਾਂ ਬੱਚੀ ਸਥਾਨਕ ਚਿਲਡਰਨ ਤੇ ਵੂਮੇਨ ਹਸਪਤਾਲ ਵਿਚ ਬੱਚਿਆਂ ਦੇ ਮਾਹਰ ਡਾ. ਸ਼ਤੀਸ ਜਿੰਦਲ ਦੀ ਅਗਵਾਈ ਹੇਠ ਦਾਖ਼ਲ ਹੋਈ ਸੀ। ਡਾਕਟਰਾਂ ਮੁਤਾਬਕ ਇਸ ਬੱਚੀ ਨੂੰ ਹਰ ਮਹੀਨੇ ਖ਼ੂਨ ਚੜਾਉਣਾ ਪੈਂਦਾ ਹੈ।
3 ਅਕਤੂਬਰ ਨੂੰ ਵੀ ਇਸ ਬੱਚੀ ਨੂੰ ਬਲੱਡ ਬੈਂਕ ਵਿਚੋਂ ਖ਼ੂਨ ਲੈ ਕੇ ਲਗਾਇਆ ਗਿਆ। ਪੜਤਾਲੀਆਂ ਕਮੇਟੀ ਮੁਤਾਬਕ ਇਹ ਖ਼ੂਨ ਬਲੱਡ ਬੈਂਕ ਦੀ ਕਰਮਚਾਰੀ ਰਿਚੂ ਗੋਇਲ ਦੁਆਰਾ ਜਾਰੀ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਤੱਥ ਖੋਜ ਕਮੇਟੀ ਨੇ ਡੂੰਘਾਈ ਨਾਲ ਕੀਤੀ ਪੜਤਾਲ ਵਿਚ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਘਟਨਾ ਦਾ ਪਤਾ ਲੱਗਣ ਦੇ ਬਾਵਜੂਦ ਬਲੱਡ ਬੈਂਕ ਦੀ ਇੰਚਾਰਜ ਡਾ. ਕਰਿਸ਼ਮਾ ਗੋਇਲ ਨੇ ਨਾ ਸਿਰਫ਼ ਮਾਮਲੇ ਨੂੰ ਦੁਬਾਉਣ ਦੀ ਕੋਸ਼ਿਸ਼ ਕੀਤੀ ਬਲਕਿ ਪੜਤਾਲੀਆਂ ਟੀਮ ਨੂੰ ਵੀ ਹਨੇਰੇ ਵਿਚ ਰਖਿਆ। ਇਸ ਤੋਂ ਇਲਾਵਾ ਮਈ ਵਿਚ ਚੜਾਏ ਖ਼ੂਨ ਵਾਲੀ ਮਹਿਲਾ ਮਰੀਜ਼ ਨੂੰ ਵੀ ਇਸਦੀ ਭਿਣਕ ਨਹੀਂ ਪੈਣ ਦਿਤੀ ਗਈ। ਇਸੇ ਤਰ੍ਹਾਂ ਕਮੇਟੀ ਨੇ ਬੈਂਕ ਵਿਚ ਤੈਨਾਤ ਸੀਨੀਅਰ ਲੈਬਾਰਟੀ ਟੈਕਨੀਸ਼ੀਅਨ ਬਲਦੇਵ ਸਿੰਘ ਬਾਰੇ ਵੀ ਵੱਡਾ ਖ਼ੁਲਾਸਾ ਕੀਤਾ ਹੈ। ਸੂਤਰਾਂ ਮੁਤਾਬਕ ਉਕਤ ਕਰਮਚਾਰੀ ਦੇ ਅਪਣੀ ਇੰਚਾਰਜ ਉਤੇ ਖ਼ੂਨ ਜਾਰੀ ਕਰਨ ਵਾਲੀ ਮਹਿਲਾ ਕਰਮਚਾਰੀ ਨਾਲ ਸਬੰਧ ਸੁਖਾਵੇਂ ਨਹੀਂ ਸਨ। ਕਮੇਟੀ ਨੇ ਖ਼ੁਲਾਸਾ ਕੀਤਾ ਹੈ ਕਿ ਬਲਦੇਵ ਸਿੰਘ ਨੇ ਹੀ 1 ਅਕਤੂਬਰ ਨੂੰ ਅਪਣੇ ਮੋਬਾਈਲ ਨੰਬਰ ਤੋਂ ਫ਼ੋਨ ਕਰ ਕੇ ਐਚ.ਆਈ.ਵੀ ਪੀੜਤ ਖ਼ੂਨਦਾਨੀ ਨੂੰ ਫ਼ੋਨ ਕਰ ਕੇ ਬਲੱਡ ਬੈਂਕ ਵਿਚ ਖ਼ੂਨਦਾਨ ਕਰਨ ਲਈ ਬੁਲਾਇਆ ਸੀ।
3 ਅਕਤੂਬਰ ਨੂੰ ਥੈਲੇਸੀਅਮ ਪੀੜਤ ਬੱਚੀ ਨੂੰ ਖ਼ੂਨ ਲੱਗਣ ਤਕ ਉਹ ਚੁੱਪ ਰਿਹਾ ਤੇ ਖ਼ੂਨ ਲੱਗਣ ਦੀ ਪ੍ਰਕ੍ਰਿਆ ਪੂਰੀ ਹੋਣ ਤੋਂ ਬਾਅਦ ਇਕ ਸਾਜਸ਼ ਤਹਿਤ ਬੱਚਿਆਂ ਵਾਲੇ ਹਸਪਤਾਲ ਵਿਚ ਜਾ ਕੇ ਰੋਲਾ ਪਾ ਦਿਤਾ ਜਿਸ ਦੇ ਚਲਦੇ ਉਕਤ ਕਰਮਚਾਰੀ ਦੀ ਭੂਮਿਕਾ ਵੀ ਕਾਫ਼ੀ ਸ਼ੱਕੀ ਜਾਪਦੀ ਹੈ। ਹਾਲਾਂਕਿ ਇਸ ਕਰਮਚਾਰੀ ਨੇ ਇਨ੍ਹਾਂ ਦੋਸ਼ਾਂ ਤੋਂ ਸਪੱਸ਼ਟ ਇੰਨਕਾਰ ਕੀਤਾ ਹੈ। ਉਧਰ ਕਮੇਟੀ ਨੇ ਹਸਪਤਾਲ ਵਿਚ ਐਚ.ਆਈ.ਵੀ ਰੋਗੀ ਦਾ ਪਤਾ ਕਰਨ ਲਈ ਵਰਤੀਆਂ ਜਾਣ ਵਾਲੀਆਂ ਕਿੱਟਾਂ ਵਿਚ ਗੜਬੜੀ ਦਾ ਵੀ ਦੋਸ਼ ਲਗਾÀੁਂਦਿਆਂ ਇਸ ਦੀ ਵੱਖਰੇ ਤੌਰ 'ਤੇ ਜਾਂਚ ਦੀ ਸਿਫ਼ਾਰਿਸ ਕੀਤੀ ਹੈ।