
ਦੇਸ਼ ਵਿਚ ਸੰਘਰਸ਼ ਰੂਪੀ ਚਾਨਣ ਪਹੁੰਚਾਉਣ ਲਈ ਕਿਸਾਨਾਂ ਨੇ ਰੇਲ ਲਾਈਨਾਂ 'ਤੇ ਜਗਾਈਆਂ ਮੋਮਬੱਤੀਆਂ
ਅੰਮ੍ਰਿਤਸਰ, 5 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਰੇਲ ਰੋਕ ਅੰਦੋਲਨ ਦੇਵੀਦਾਸਪੁਰਾ ਤੇ ਬਸਤੀ ਟੈਂਕਾਂਵਾਲੀ ਫ਼ਿਰੋਜ਼ਪੁਰ ਵਿਖੇ ਅੱਜ 12ਵੇਂ ਦਿਨ ਵਿਚ ਦਾਖ਼ਲ ਹੋ ਗਿਆ। ਸਾਂਝਾ ਸੰਘਰਸ਼ ਵੀ 5ਵੇਂ ਦਿਨ ਵਿਚ ਦਾਖ਼ਲ ਹੋ ਗਿਆ। ਅੱਜ ਸਵੇਰੇ 5 ਵਜੇ ਰੇਲ ਲਾਈਨ ਦੇਵੀਦਾਸਪੁਰਾ ਤੇ ਮੋਮਬਤੀਆਂ ਜਗਾ ਕੇ ਕਿਸਾਨਾਂ ਮਜ਼ਦੂਰਾਂ ਨੇ ਸੰਘਰਸ਼ਾਂ ਦੀ ਲੋਅ ਪੂਰੇ ਭਾਰਤ ਵਿਚ ਪਹੁੰਚਾਉਣ ਦੀ ਕਾਮਨਾ ਕੀਤੀ, ਉਥੇ 6 ਅਕਤੂਬਰ ਦੇ ਹਰਿਆਣਾ ਵਿਚ ਹੋ ਰਹੇ ਅੰਦੋਲਨ ਦੇ ਹੱਕ ਵਿਚ ਚਾਨਣ ਕਰ ਕੇ ਹਰਿਆਣਵੀ ਕਿਸਾਨਾਂ-ਮਜ਼ਦੂਰਾਂ ਦੇ ਅੰਦੋਲਨ ਦੀ ਹਮਾਇਤ ਕੀਤੀ। ਰੇਲ ਰੋਕੋ ਅੰਦੋਲਨ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਜਨ: ਸਕੱਤਰ ਸਰਵਣ ਸਿੰਘ ਪੰਧੇਰ, ਸੁਖਵਿੰਦਰ ਸਿੰਘ ਸਭਰਾ, ਹਰਪ੍ਰੀਤ ਸਿੰਘ ਸਿੱਧਵਾਂ, ਲਖਵਿੰਦਰ ਸਿੰਘ ਵਰਿਆਮ, ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਪੂੰਜੀਪਤੀਆਂ ਦੀਆਂ ਦਲਾਲ ਭਾਰਤੀ ਸਿਆਸੀ ਪਾਰਟੀਆਂ ਸੰਘਰਸ਼ ਰੂਪੀ ਚਾਨਣ ਨੂੰ ਮਿਟਾਉਣ ਲਈ ਅਪਣੀ ਕਾਂਵਾਰੌਲੀ ਪਾ ਕੇ ਹਨੇਰਾ ਕਰਨ ਦਾ ਯਤਨ ਕਰ ਰਹੀਆਂ ਹਨ, ਪਰ ਕਿਸਾਨਾਂ-ਮਜ਼ਦੂਰਾਂ ਤੇ ਲੋਕ ਸਭਾ ਵਿਚ ਜਗ ਰਹੇ ਚਾਨਣ ਨੂੰ ਖ਼ਤਮ ਨਹੀ ਕਰ ਸਕਨਗੀਆਂ। ਕਾਰਪੋਰੇਟ ਘਰਾਣਿਆਂ ਵਿਰੁਧ ਅੰਦੋਲਨ ਤੇਜ਼ ਹੋਇਆ ਹੈ। ਵਿਆਪਕ ਪੱਧਰ ਤੇ ਉਨ੍ਹਾਂ ਦੀਆਂ ਵਸਤਾਂ ਦਾ ਵੱਡੇ ਪੱਧਰ ਤੇ ਬਾਈਕਾਟ ਹੋ ਰਿਹਾ ਹੈ। ਦੇਸ਼ ਦੇ ਚੰਦ ਘਰਾਣੇ ਅੰਬਾਨੀ,ਅੰਡਾਨੀ ਮੰਡੀ ਅਤੇ ਬਜ਼ਾਰ 'ਤੇ ਕਬਜ਼ਾ ਕਰ ਕੇ ਜ਼ਮੀਨਾਂ ਦੇ ਮਾਲਕ ਕਿਸਾਨਾਂ ਨੂੰ ਜ਼ਮੀਨਾਂ ਤੋਂ ਲਾਂਭੇ ਕਰ ਕੇ ਅਪਣੀਆਂ ਹੀ ਜ਼ਮੀਨਾਂ ਵਿਚ ਘਸਿਆਰੇ ਬਣਾ ਕੇ ਮਜ਼ਦੂਰੀ ਕਰਵਾਉਣਾ ਚਾਹੁੰਦੀਆਂ ਹਨ। ਇਸ ਮੌਕੇ ਮੰਗਜੀਤ ਸਿੱਧਵਾਂ, ਬਲਕਾਰ ਸਿੰਘ ਦੇਵੀਦਾimageਸਪੁਰਾ,ਅਮਰਦੀਪ ਸਿੰਘ ਗੋਪੀ, ਹਰਦੀਪ ਸਿੰਘ ਜੌਹਲ, ਮਨਜਿੰਦਰ ਸਿੰਘ ਗੋਹਲਵੜ, ਸਤਨਾਮ ਮਾਣੋਚਾਹਲ, ਸਲਵਿੰਦਰ ਸਿੰਘ, ਰੇਸ਼ਮ ਸਿੰਘ ਘੁਰਕਵਿੰਡ, ਧੰਨਾ ਸਿੰਘ ਲਾਲੂ ਘੁੰਮਣ, ਜਰਨੈਲ ਸਿੰਘ ਨੂਰਦੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।