
ਬਰਾਤੀਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ, 33 ਮੌਤਾਂ
ਪੌੜੀ (ਉੱਤਰਾਖੰਡ), 5 ਅਕਤੂਬਰ : ਉੱਤਰਾਖੰਡ ਦੇ ਪੌੜੀ ਗੜ੍ਹਵਾਲ ਜ਼ਿਲ੍ਹੇ ਵਿਚ ਮੰਗਲਵਾਰ ਰਾਤ ਬਰਾਤੀਆਂ ਨਾਲ ਭਰੀ ਇਕ ਬੱਸ 500 ਮੀਟਰ ਡੂੰਘੀ ਖੱਡ ਵਿਚ ਡਿੱਗ ਗਈ | ਇਸ ਹਾਦਸੇ 'ਚ ਘੱਟੋ ਘੱਟ 33 ਲੋਕਾਂ ਦੀ ਮੌਤ ਹੋ ਗਈ, ਜਦਕਿ 20 ਹੋਰ ਜ਼ਖ਼ਮੀ ਹੋ ਗਏ | ਬੱਸ ਵਿਚ ਕਰੀਬ 45 ਤੋਂ 50 ਲੋਕ ਸਵਾਰ ਸਨ | ਪੁਲਿਸ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ | ਇਹ ਬੱਸ ਬਰਾਤੀਆਂ ਨੂੰ ਲੈ ਕੇ ਹਰਿਦੁਆਰ ਦੇ ਲਾਲਧਾਂਗ ਤੋਂ ਕਾਰਗਾਓਾ ਜਾ ਰਹੀ ਸੀ | ਸਿਮਦੀ ਪਿੰਡ ਨੇੜੇ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ ਅਤੇ ਬੱਸ ਖੱਡ ਵਿਚ ਜਾ ਡਿੱਗੀ | ਇਹ ਹਾਦਸਾ ਪੌੜੀ ਗੜ੍ਹਵਾਲ ਜ਼ਿਲ੍ਹੇ ਦੇ ਬੀਰਖਲ ਇਲਾਕੇ ਵਿਚ ਰਾਤ ਕਰੀਬ 8 ਵਜੇ ਵਾਪਰਿਆ | ਰਾਤ ਹੋਣ ਕਾਰਨ ਬਚਾਅ ਕਾਰਜ ਵਿਚ ਦਿੱਕਤ ਆਈ | ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕਾਂ ਨੇ ਪਹੁੰਚ ਕੇ ਬਚਾਅ 'ਚ ਮਦਦ ਕੀਤੀ | ਹਨੇਰਾ ਹੋਣ ਕਾਰਨ ਮੋਬਾਈਲ ਦੀ ਲਾਈਟ ਨਾਲ ਲਾਸ਼ਾਂ ਅਤੇ ਜ਼ਖ਼ਮੀਆਂ ਦੀ ਭਾਲ ਕੀਤੀ ਗਈ | ਸੂਬੇ ਦੇ ਡੀਜੀਪੀ ਅਸ਼ੋਕ ਕੁਮਾਰ ਨੇ ਦਸਿਆ ਕਿ ਬੱਸ ਵਿਚ ਕਰੀਬ 50 ਲੋਕ ਸਵਾਰ ਸਨ |
ਪੁਲਿਸ ਅਤੇ (ਸਟੇਟ ਡਿਜਾਸਟਰ ਮੈਨੇਜਮੈਂਟ ਅਥਾਰਟੀ) ਦੀ ਟੀਮ ਨੇ 21 ਲੋਕਾਂ ਨੂੰ ਬਚਾਇਆ | ਜ਼ਖ਼ਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ | ਅੱਜ ਦੁਪਹਿਰ ਉੱਤਰਾਖੰਡ ਪੁਲਿਸ ਨੇ ਕਿਹਾ, '9 ਲੋਕਾਂ ਨੂੰ ਬਚਾ ਲਿਆ ਗਿਆ ਹੈ | 6 ਜ਼ਖ਼ਮੀਆਂ ਨੂੰ ਬੀਰੋਨਖਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿਨ੍ਹਾਂ 'ਚੋਂ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਨੂੰ ਇਲਾਜ ਲਈ ਕੋਟਦੁਆਰ ਰੈਫਰ ਕਰ ਦਿਤਾ ਗਿਆ ਹੈ |
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ | ਧਾਮੀ ਨੇ ਹਾਦਸੇ ਵਿਚ ਜਾਨ ਗੁਆਉਣ ਵਾਲਿਆਂ ਦੇ ਪ੍ਰਵਾਰਾਂ ਨੂੰ ਦੋ ਦੋ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ | (ਏਜੰਸੀ)