
ਮੁਲਜ਼ਮ ’ਤੇ FIR ਨੰਬਰ 164/ 353, 186, 332, 333, 506, 294 ਧਾਰਾਵਾਂ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ ।
ਜਲੰਧਰ-ਜਲੰਧਰ ਦਾ ਪੀ. ਪੀ. ਆਰ. ਮਾਲ ’ਚ ਨਿੱਤ ਸ਼ਰਾਬੀਆਂ ਦਾ ਹੰਗਾਮਾ ਹੁੰਦਾ ਹੈ। ਹਰ ਰੋਜ਼ ਨਵੀਂ ਤੋਂ ਨਵੀਂ ਘਟਨਾ ਸਾਹਮਣੇ ਆਉਂਦੀ ਹੈ। ਕੱਲ੍ਹ ਬੁੱਧਵਾਰ ਸ਼ਾਮ ਇਕ ਸ਼ਰਾਬੀ ਨੌਜਵਾਨ ਨੇ ਪਹਿਲਾਂ ਤਾਂ ਪੁਲਿਸ ਮੁਲਾਜ਼ਮ ਉਪਰ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਜਦ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਰੋਕਣਾ ਚਾਹਿਆ ਤਾਂ ਉਸ ਨੇ ਇਕ ਆਈਪੀਐੱਸ ਅਧਿਕਾਰੀ ਦੀ ਵਰਦੀ ਨੂੰ ਹੱਥ ਪਾ ਲਿਆ। ਉਸ ਨੌਜਵਾਨ ਨੇ ਇੰਨੀ ਕੁ ਸ਼ਰਾਬ ਪੀਤੀ ਹੋਈ ਸੀ ਕਿ ਉਸ ਨੇ ਸ਼ਰਾਬ ਦੇ ਨਸ਼ੇ ਵਿਚ ਪੁਲਿਸ ਅਧਿਕਾਰੀਆਂ ਦੇ ਨਾਲ ਨਾਲ ਮਹਿਲਾ ਏਸੀਪੀ ਨਾਲ ਵੀ ਬਦਸਲੂਕੀ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੇ ਨਾਲ ਨਾਲ ਲੋਕਾਂ ਦਾ ਵੀ ਗੁੱਸਾ ਭੜਕ ਉੱਠਿਆ ਅਤੇ ਉਸ ਸ਼ਰਾਬੀ ਨੌਜਵਾਨ ਦਾ ਚੰਗੀ ਤਰ੍ਹਾਂ ਕੁਟਾਪਾ ਚਾੜ੍ਹਨ ਤੋਂ ਬਾਅਦ ਉਸ ਨੂੰ ਥਾਣਾ 7 ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਜਾਣਕਾਰੀ ਦਿੰਦੇ ਹੋਏ ਜਗਮੋਹਨ ਸਿੰਘ ਡੀਸੀਪੀ ਨੇ ਦਸਿਆ ਕਿ ਦੁਸਹਿਰੇ ਦਾ ਦਿਨ ਹੋਣ ਕਾਰਨ ਬੁੱਧਵਾਰ ਸ਼ਾਮ ਕਮਿਸ਼ਨਰੇਟ ਪੁਲਿਸ ਵੱਲੋਂ ਪੀਪੀਆਰ ਮਾਰਕੀਟ ਵਿਚ ਜ਼ਬਰਦਸਤ ਨਾਕੇਬੰਦੀ ਕੀਤੀ ਹੋਈ ਸੀ। ਇਸ ਨਾਕੇਬੰਦੀ 'ਤੇ ਡੀਸੀਪੀ ਅੰਕੁਰ ਗੁਪਤਾ, ਏਡੀਸੀਪੀ ਆਦਿੱਤਿਆ ਕੁਮਾਰ, ਏਸੀਪੀ ਮਾਡਲ ਟਾਊਨ ਖੁਸ਼ਬੀਰ ਕੌਰ ਅਤੇ ਥਾਣਾ 7 ਦੇ ਮੁਖੀ ਰਾਜੇਸ਼ ਕੁਮਾਰ ਸ਼ਰਮਾ ਭਾਰੀ ਪੁਲਿਸ ਫੋਰਸ ਸਮੇਤ ਮੌਜੂਦ ਸਨ।
ਪੁਲਿਸ ਅਧਿਕਾਰੀ ਮਾਰਕੀਟ ਵਿਚ ਖੜ੍ਹੀਆਂ ਗੱਡੀਆਂ ਦੀ ਜਾਂਚ ਕਰ ਰਹੇ ਸਨ। ਇਸ ਦੌਰਾਨ ਨਸ਼ੇ ਵਿਚ ਧੁੱਤ ਅਖਿਲ ਨਾਂ ਦੇ ਨੌਜਵਾਨ ਨੇ ਆਪਣੀ ਗੱਡੀ ਇਕ ਪੁਲਿਸ ਮੁਲਾਜ਼ਮ 'ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਮੁਲਾਜ਼ਮਾਂ ਨੇ ਬੜੀ ਮੁਸ਼ਕਲ ਜਾਨ ਬਚਾਈ। ਇਸ ਤੋਂ ਬਾਅਦ ਉਕਤ ਸ਼ਰਾਬੀ ਨੌਜਵਾਨ ਮਾਰਕੀਟ ਵਿਚ ਹੀ ਖੜ੍ਹੇ ਹੋ ਕੇ ਉੱਚੀ ਉੱਚੀ ਪੁਲਿਸ ਅਧਿਕਾਰੀਆਂ ਨੂੰ ਗਾਲ੍ਹਾਂ ਕੱਢਣ ਲੱਗ ਪਿਆ।
ਇਸ ਦੌਰਾਨ ਏਡੀਸੀਪੀ ਅਦਿੱਤਿਆ ਕੁਮਾਰ ਨੇ ਉਸ ਨੌਜਵਾਨ ਨੂੰ ਜਦ ਰੋਕਣਾ ਚਾਹਿਆ ਤਾਂ ਉਹ ਏਡੀਸੀਪੀ ਨਾਲ ਭਿੜ ਪਿਆ ਅਤੇ ਉਸ ਨੇ ਏਡੀਸੀਪੀ ਦੀ ਵਰਦੀ ਉੱਤੇ ਹੱਥ ਪਾ ਲਿਆ। ਏਡੀਸੀਪੀ ਨੇ ਉਸ ਨੌਜਵਾਨ ਨੂੰ ਹਿਰਾਸਤ ਵਿੱਚ ਲੈਣ ਦੇ ਹੁਕਮ ਜਾਰੀ ਕੀਤੇ। ਜਦ ਪੁਲਿਸ ਮੁਲਾਜ਼ਮ ਉਸ ਨੂੰ ਥਾਣੇ ਲੈ ਕੇ ਜਾਣ ਲੱਗੇ ਤਾਂ ਉਹ ਮੁਲਾਜ਼ਮਾਂ ਨਾਲ ਗਾਲੀ ਗਲੋਚ ਕਰਦਾ ਨਜ਼ਰ ਆਇਆ। ਮੁਲਜ਼ਮ ਨੂੰ ਡਾਕਟਰੀ ਮੁਆਇਨਾ ਕਰਨ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਦੇਰ ਰਾਤ ਪੁਲਿਸ ਉਕਤ ਸ਼ਰਾਬੀ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ। ਮੁਲਜ਼ਮ ’ਤੇ FIR ਨੰਬਰ 164/ 353, 186, 332, 333, 506, 294 ਧਾਰਾਵਾਂ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ ।