
ਕੇਂਦਰ ਦੇ ਖੇਤੀ ਬਿਲਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਵਲੋਂ ਵੱਖ ਵੱਖ ਥਾਵਾਂ 'ਤੇ ਜਾਮ
ਚੰਡੀਗੜ੍ਹ, 5 ਨਵੰਬਰ (ਨੀਲ ਭਲਿੰਦਰ ਸਿੰਘ) : ਖੇਤੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ 2020 ਸਮੇਤ ਪਰਾਲੀ ਆਰਡੀਨੈਂਸ ਨੂੰ ਰੱਦ ਕਰਾਉਣ ਲਈ ਅੱਜ ਦੇਸ਼ ਵਿਆਪੀ ਚੱਕਾ ਜਾਮ ਦੇ ਸੱਦੇ ਨਾਲ ਤਾਲਮੇਲ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਰਾਜਪੁਰਾ ਥਰਮਲ ਤੇ ਬਣਾਂਵਾਲੀ ਥਰਮਲ ਅੱਗੇ ਵਿਸ਼ਾਲ ਤੇ ਰੋਹ ਭਰਪੂਰ ਪ੍ਰਦਰਸ਼ਨ ਕਰਨ ਸਮੇਤ 14 ਜ਼ਿਲ੍ਹਿਆਂ 'ਚ 35 ਥਾਵਾਂ 'ਤੇ ਹਾਈਵੇ ਤੇ ਜੀ. ਟੀ. ਰੋਡਾਂ ਉਤੇ ਸੜਕਾਂ ਜਾਮ ਕੀਤੀਆਂ ਗਈਆਂ। ਹੋਰਨਾਂ ਥਾਂਵਾਂ ਤੇ ਚੱਲ ਰਹੇ ਪੱਕੇ ਧਰਨੇ ਵੀ ਜਾਰੀ ਰਹੇ।
ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਜਾਰੀ ਬਿਆਨ 'ਚ ਦਸਿਆ ਕਿ ਇਸ ਮੌਕੇ ਵੱਡੀ ਗਿਣਤੀ ਕਿਸਾਨ-ਮਜ਼ਦੂਰ ਤੇ ਹੋਰ ਲੋਕਾਂ ਹਾਜ਼ਰ ਸਨ। ਇਨ੍ਹਾਂ ਇਕੱਠਾਂ ਨੂੰ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਹਰਿੰਦਰ ਬਿੰਦੂ, ਪਰਮਜੀਤ ਕੌਰ ਪਿਥੋ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾ, ਜਸਵਿੰਦਰ ਸਿੰਘ ਲੌਂਗੋਵਾਲ ਤੇ ਰਾਜਵਿੰਦਰ ਸਿੰਘ ਰਾਮਨਗਰ ਤੋਂ ਇਲਾਵਾ ਜ਼ਿਲ੍ਹਿਆ ਦੇ ਪ੍ਰਧਾਨ ਸਕੱਤਰਾਂ ਅਤੇ ਭਰਾਤਰੀ ਤੌਰ 'ਤੇ ਪੁੱਜੇ ਦਿਗਵਿਜੇ ਪਾਲ ਸ਼ਰਮਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਲੰਬੀ 'ਚ ਖੇਤੀ ਕਾਨੂੰਨਾਂ, ਬਿਜਲੀ ਸੋਧ ਬਿਲ ਤੇ ਪਰਾਲੀ ਸਾੜਨ ਵਿਰੁਧ ਬਣਾਏ ਨਵੇਂ ਕਾਨੂੰਨਾਂ 'ਤੇ ਅੱਜ ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬੈਨਰ ਹੇਠ ਅੱਜ ਖੇਤੀ ਕਾਨੂੰਨਾਂ ਤੇ ਬਿਜਲੀ ਸੋਧ 2020 ਵਿਰੁਧ ਦੇਸ਼ ਵਿਆਪੀ ਚੱਕਾ ਜਾਮ ਦੇ ਸੱਦੇ 'ਤੇ ਇਲਾਕੇ ਦੇ ਵੱਡੀ ਗਿਣਤੀ ਕਿਸਾਨਾਂ, ਖੇਤ ਮਜ਼ਦੂਰਾਂ ਤੇ ਹੋਰਾਂ ਵਲੋਂ ਲੰਬੀ ਵਿਖੇ ਡੱਬਵਾਲੀ-ਮਲੋਟ ਨੈਸ਼ਨਲ ਹਾਈਵੇ 'ਤੇ ਜਾਮ ਲਾਇਆ ਤੇ ਧਰਨਾ ਆਰੰਭ ਦਿਤਾ। ਇਕੱਠ ਨੂੰ ਕਿਸਾਨ ਆਗੂ ਗੁਰਪਾਸ਼ ਸਿੰਘ, ਮਲਕੀਤ ਸਿੰਘ ਗੱਗੜ, ਭੁਪਿੰਦਰ ਸਿੰਘ ਚੰਨੂੰ, ਮਨੋਹਰ ਸਿੰਘ ਸਿੱਖਾਂਵਾਲਾ,ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਆਦਿ ਨੇ ਸੰਬੋਧਨ ਕੀਤਾ। ਇਸਦੇ ਇਲਾਵਾ ਮੰਡੀ ਕਿੱਲਿਆਂਵਾਲੀ ਵਿੱਚ ਅਕਾਲੀ ਦਲ ਅੰਮ੍ਰਿਤਸਰ ਦੀ ਕਿਸਾਨ ਯੂਨੀਅਨ ਦੇ ਕਰੀਬ ਦੋ-ਤਿੰਨ ਦਰਜਨ ਕਾਰਕੁਨਾਂ ਨੇ ਪੰਜਾਬ ਹਰਿਆਣਾ ਸਰਹੱਦ ਉੱਪਰ ਜਾਮ ਲਾਇਆ।
ਭਵਾਨੀਗੜ੍ਹ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਸਕਰੌਦੀ ਦੀ ਰੀਪੋਰਟ ਮੁਤਾਬਕ ਅੱਜ ਇੱਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਕਿਸਾਨਾਂ ਵਲੋਂ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫ਼ਤਿਹਗੜ੍ਹ ਭਾਦਸੋਂ ਆਦਿ ਨੇ ਸੰਬੋਧਨ ਕੀਤਾ।
ਜ਼ੀਰਕਪੁਰ ਤੋਂ ਪੱਤਰਕਾਰ ਐਸ. ਅਗਨੀਹੋਤਰੀ ਦੀ ਰੀਪੋਰਟ ਮੁਤਾਬਕ ਭਾਰਤ 'ਚ ਚੱਕਾ ਜਾਮ ਕਰਨ ਦੇ ਫ਼ੈਸਲੇ ਤਹਿਤ ਅੱਜ ਦਿੱਲੀ-ਚੰਡੀਗੜ੍ਹ ਰੋਡ 'ਤੇ ਮੈਕ ਡੋਨਾਲਡ ਚੌਕ 'ਤੇ 12 ਵਜੇ ਦੁਪਹਿਰ ਤੋਂ ਲੈ ਕੇ ਸ਼ਾਮ 4 ਵਜੇ ਤਕ ਪੂਰਨ ਤੌਰ 'ਤੇ ਧਰਨਾ ਲਗਾ ਕੇ ਚੱਕਾ ਜਾਮ ਕੀਤਾ ਅਤੇ ਆਵਾਜਾਈ ਨੂੰ ਪੂਰੀ ਤਰ੍ਹਾਂ ਬੰਦ ਰਖਿਆ।
ਧੂਰੀ ਤੋਂ ਪੱਤਰਕਾਰ ਧਾਂਦਰਾ ਦੀ ਰੀਪੋਰਟ ਮੁਤਾਬਕ ਧੂਰੀ ਆੜ੍ਹਤੀਆ ਐਸੋਸੀਏਸ਼ਨ ਨੇ ਪ੍ਰਧਾਨ ਜਗਤਾਰ ਸਿੰਘ ਸਮਰਾ ਦੀ ਅਗਵਾਈ ਹੇਠ ਅਨਾਜ ਮੰਡੀ ਦਾ ਕੰਮ ਕਾਜ ਸ਼ਾਮੀ 4 ਵਜੇ ਤਕ ਠੱਪ ਰੱਖਦੇ ਹੋਏ ਕੇਂਦਰ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ। ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਅੱਜ ਧੂਰੀ ਵਿਚ ਵੀ ਕਿਸਾਨਾਂ ਨੇ ਚੱਕਾ ਜਾਮ ਕੀਤਾ ਅਤੇ ਧਰਨਾ ਦਿਤਾ।
ਬਰਨਾਲਾ ਤੋਂ ਪੱਤਰਕਾਰ ਗਰੇਵਾਲ ਦੀ ਰੀਪੋਰਟ ਮੁਤਾਬਕ ਜ਼ਿਲ੍ਹੇ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਬਰਨਾਲਾ ਤੋਂ ਵੱਡੇ ਵੱਖ ਵੱਖ ਸ਼ਹਿਰਾਂ ਨੂੰ ਜਾਣ ਵਾਲੇ 10 ਮੁੱਖ ਮਾਰਗਾਂ ਨੂੰ ਜਾਮ ਕੀਤਾ ਗਿਆ ਹੈ। ਕਿਸਾਨਾਂ ਦਾ ਇਹ ਜਾਮ 4 ਵਜੇ ਤਕ ਜਾਰੀ ਰਿਹਾ।
ਪਿੰਡ ਭੋਤਨਾ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਪਿੰਡ ਚੀਮਾ ਨੇੜਲੇ ਟੌਲ ਪਲਾਜ਼ਾ ਵਿਖੇ 10 ਕਿਸਾਨ ਜਥੇਬੰਦੀਆਂ ਵਲੋਂ ਬਰਨਾਲਾ-ਅੰਮ੍ਰਿਤਸਰ ਕੌਮੀ ਮਾਰਗ ਜਾਮ ਕੀਤਾ ਗਿਆ ਹੈ।
ਭਿੱਖੀਵਿੰਡ ਤੋਂ ਪੱਤਰਕਾਰ ਜੱਜ ਮੁਤਾਕਬ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਅਜੀਤ ਸਿੰਘ ਚੰਬਾ ਦੀ ਅਗਵਾਈ ਵਿਚ ਅੱਜ ਸਮੁੱਚੇ ਕਿਸਾਨ ਆਗੂਆਂ ਅਤੇ ਬੀਬੀਆਂ ਨੇ ਕੇਂਦਰ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ ਤੇ ਧਰਨਾ ਲਾਇਆ। ਅਜੀਤ ਸਿੰਘ ਚੰਬਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਕਿਸਾਨਾਂ ਵਲੋਂ ਸਮੁੱਚੇ ਦੇਸ਼ ਵਿਚ ਕੀਤੇ ਚੱਕਾ ਜਾਮ ਦੇ ਫ਼ੈਸਲੇ ਦਾ ਸਮੱਰਥਨ ਕਰਦੇ ਹੋਏ ਅੱਜ ਸਮੁੱਚੇ ਕਿਸਾਨਾਂ ਅਤੇ ਬੀਬੀਆਂ ਵਲੋਂ ਪਰਵਾਰਾਂ ਸਮੇਤ ਇਸ ਬੰਦ ਨੂੰ ਪੂਰਨ ਰੂਪ ਸਫ਼ਲ ਬਣਾਉਂਦੇ ਹੋਏ ਕੰਮ ਕਾਜ ਠੱਪ ਰੱਖਿਆ ਗਿਆ ਹੈ।
ਅੰਮ੍ਰਿਤਸਰ ਤੋਂ ਪੱਤਰਕਾਰ ਸੁਖਵਿੰਦਰਜੀਤ ਸਿੰਘ ਬਹੋੜੂ ਦੀ ਰੀਪੋਰਟ ਮੁਤਾਕਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਰੇਲ ਰੋਕੋ ਅੰਦੋਲਨ ਜੰਡਿਆਲਾ ਗੁਰੂ ਰੇਲਵੇ ਟਰੈਕ 'ਤੇ ਅੱਜ 43ਵੇਂ ਦਿਨ ਵਿਚ ਦਾਖ਼ਲ ਹੋ ਗਿਆ, ਜੋ ਲਗਾਤਾਰ ਹਰ ਰੋਜ਼ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਉਜਾਗਰ ਕਰਦਾ ਸਫ਼ਲਤਾ ਵਲ ਵਧ ਰਿਹਾ ਹੈ। ਕਿਸਾਨਾਂ ਨੇ ਦਸਿਆ ਕਿ ਅੱਜ ਪੰਜਾਬ ਭਰ ਵਿਚ 10 ਜ਼ਿਲਿਆਂ ਵਿਚ 42 ਤੋਂ ਵੱਧ ਥਾਵਾਂ 'ਤੇ 12 ਤੋਂ 4 ਵਜੇ ਤਕ ਸੜਕੀ ਆਵਾਜਾਈ ਪੂਰੀ ਤਰਾਂ ਜਾਮ ਕੀਤੀ ਗਈ।
ਪਟਿਆਲਾ ਤੋਂ ਪੱਤਰਕਾਰ ਢਿਲੋਂ ਦੀ ਰੀਪੋਰਟ ਮੁਤਾਬਕ ਕਿਸਾਨ ਜਥੇਬੰਦੀਆਂ ਵਲੋਂ ਦਿਤੇ ਗਏ ਸੱਦੇ ਤਹਿਤ ਅੱਜ ਕਿਸਾਨ ਧਿਰਾਂ ਨੇ ਪਟਿਆਲਾ ਜ਼ਿਲ੍ਹੇ 'ਚ ਦਰਜਨ ਥਾਵਾਂ 'ਤੇ ਚੱਕਾ ਜਾਮ ਕੀਤਾ। ਇਸ ਦੌਰਾਨ ਜਿਥੇ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਰਾਜਪੁਰਾ ਨੇੜੇ ਨਲਾਸ ਪਿੰਡ ਵਿਚ ਸਥਿਤ ਥਰਮਲ ਪਲਾਂਟ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ।
ਘਨੌਰ ਤੋਂ ਪੱਤਰਕਾਰ ਸਰਦਾਰਾ ਸਿੰਘ ਲਾਛੜੂ ਦੀ ਰੀਪੋਰਟ ਮੁਤਾਬਕ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ 12 ਵਜੇ ਤੋਂ ਸ਼ਾਮ 4 ਵਜੇ ਤਕ ਕਿਸਾਨਾਂ ਦੀ ਅਗਵਾਈ ਵਿਚ ਚੱਕਾ ਜਾਮ ਕੀਤਾ ਗਿਆ ਅਤੇ ਚੱਕਾ ਜਾਮ ਕਰਕੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਚੱਕਾ ਜਾਮ ਮਜਬੂਰ ਹੋ ਕੇ ਕੀਤਾ ਹੈ।
ਤਰਨ ਤਾਰਨ ਤੋਂ ਪੱਤਰਕਾਰ ਅਜੀਤ ਘਰਿਆਲਾ ਅਨੁਸਾਰ ਕਿਸਨਾਂ ਜਥੇਬੰਦੀਆ ਵਲੋਂ ਦੇਸ਼ ਭਰ ਵਿਚ 12 ਤੋਂ 4 ਵਜੇ ਤਕ ਪੂਰਨ ਚੱਕਾ ਜਾਮ ਕਰਨ ਦੇ ਕੀਤੇ ਐਲਾਨ ਨੂੰ ਸਫ਼ਲ ਕਰਦਿਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਜ਼ਿਲ੍ਹਾ ਤਰਨ ਤਾਰਨ ਵਿਚ ਹਾਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਵਲੋਂ ਰਸੂਲਪੁਰ ਨਹਿਰਾਂ, ਗੋਹਲਵੜ, ਖਡੂਰ ਸਾਹਿਬ, ਫ਼ਤਿਆਬਾਦ, ਸਰਾਂ, ਝਬਾਲ, ਭਿੱਖੀਵਿੰਡ, ਪੱਟੀ, ਹਰੀਕੇ, ਅਮਰਕੋਟ, ਦਿਆਲਪੁਰ, ਸਬਾਜ਼ਪੁਰ, ਸਰਹਾਲੀ ਆਦਿ ਦਰਜਨਾਂ ਕਸਬਿਆਂ ਅਤੇ ਮੁੱਖ ਮਾਰਗਾਂ ਉੱਤੇ 4 ਘੰਟੇ ਪੂਰਨ ਆਵਾਜਾਈ ਠੱਪ ਕਰ ਕੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਅਤੇ ਜੋਰਦਾਰ ਨਾਹਰੇਬਾਜ਼ੀ ਕੀਤੀ ਗਈ।
ਸੰਗਰੂਰ ਤੋਂ ਪੱਤਰਕਾਰ ਬਲਵਿੰਦਰ ਸਿੰਘ ਭੁੱਲਰ ਮੁਤਾਬਕ ਕਿਸਾਨ ਜਥੇਬੰਦੀਆਂ ਵਲੋਂ ਦਿਤੇ ਸੱਦੇ ਤਹਿਤ ਅੱਜ ਸੰਗਰੂਰ ਵਿਖੇ ਵੀ ਰੇਲਵੇ ਸਟੇਸ਼ਨ 'ਤੇ ਧਰਨਾ ਚਲਾ ਰਹੀਆਂ ਕਿਸਾਨ ਜਥੇਬੰਦੀਆਂ ਵਲੋਂ ਰੇਲਵੇ ਸਟੇਸ਼ਨ ਤੋਂ ਰੋਸ ਮਾਰਚ ਕਰਦਿਆਂ ਮਹਾਂਵੀਰ ਚੌਕ ਸੰਗਰੂਰ 'ਚ ਦਿੱਲੀ-ਲੁਧਿਆਣਾ ਤੇ ਬਠਿੰਡਾ-ਚੰਡੀਗੜ੍ਹ ਮਾਰਗ ਨੂੰ 12 ਤੋਂ 4 ਵਜੇ ਤਕ ਜਾਮ ਰਖਿਆ ਗਿਆ ਤੇ ਕੇਂਦਰ ਸਰਕਾਰ ਵਿਰੁਧ ਭਾਰੀ ਨਾਹਰੇਬਾਜ਼ੀ ਕਰਦਿਆਂ ਖੇਤੀ ਬਿਲ ਵਾਪਸ ਲੈਣ ਦੀ ਮੰਗ ਕੀਤੀ।
ਮੱਲਾਂਵਾਲਾ ਖਾਸ ਤੋਂ ਪੱਤਰਕਾਰ ਸੁਖਵਿੰਦਰ ਸਿੰਘ ਦੀ ਰੀਪੋਰਟ ਮੁਤਾਬਕ ਪੰਜ ਨਵੰਬਰ ਨੂੰ ਬੰਦ ਦੇ ਸੱਦੇ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਮੱਖੂ, ਜ਼ੀਰਾ-1, ਜ਼ੀਰਾ-2 ਵਲੋਂ ਬੰਗਾਲੀ ਵਾਲਾ ਪੁਲ (ਫ਼ਿਰੋਜ਼ਪੁਰ) ਪੂਰਨ ਤੌਰ 'ਤੇ 12 ਵਜੇ ਤੋਂ ਸ਼ਾਮ 6 ਵਜੇ ਤਕ ਬੰਦ ਕਰ ਕੇ ਮੁਕੰਮਲ ਆਵਾਜਾਈ ਬੰਦ ਕੀਤੀ ਗਈ। ਸੈਂਕੜੇ ਕਿਸਾਨਾਂ ਤੇ ਮਜ਼ਦੂਰਾਂ ਦੇ ਵਿਸ਼ਾਲ ਇਕੱਠ ਨੂੰ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਸੰਬੋਧਨ ਕੀਤਾ।image