ਖਾਲੀ ਅਸਾਮੀਆਂ ਨੂੰ ਭਰਨ ਦੀ ਹਦਾਇਤ
ਚੰਡੀਗੜ੍ਹ - ਸੂਬੇ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਸੂਬੇ ਦੇ ਸਾਰੇ ਮੈਡੀਕਲ ਕਾਲਜਾਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਦਰ ਨੂੰ ਘਟਾਉਣ ਲਈ ਯਤਨਾਂ ਨੂੰ ਤੇਜ਼ ਕਰਨ। ਉਹ ਅੱਜ ਇਥੇ ਮੈਡੀਕਲ ਕਾਲਜਾਂ ਦੀ ਮਹੀਨਾਵਾਰ ਸਮੀਖਿਆ ਮੀਟਿੰਗ ਕਰ ਰਹੇ ਸਨ।
ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਰਾਜ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਦਿਨੋ ਦਿਨ ਗਿਰਾਵਟ ਆ ਰਹੀ ਹੈ ਜਿਸ ਨਾਲ ਕੋਵਿਡ ਮਰੀਜ਼ਾਂ ਲਈ ਸਥਾਪਤ ਹਸਪਤਾਲਾਂ ਵਿਚ ਦਾਖਲ ਮਰੀਜਾ ਦੀ ਗਿਣਤੀ ਵੀ ਦਿਨੋ ਦਿਨ ਘੱਟ ਰਹੀ ਹੈ। ਇਸ ਲਈ ਦਾਖ਼ਲ ਮਰੀਜ਼ਾਂ ਨੂੰ ਹੋਰ ਜ਼ਿਆਦਾ ਤਵੱਜੋ ਦਿੱਤੀ ਜਾਵੇ ਤਾਂ ਜੋ ਮੌਤ ਦਰ ਨੂੰ ਘਟਾਇਆ ਜਾ ਸਕੇ।
ਕਰੋਨਾ ਵਾਇਰਸ ਦੀ ਸੰਭਾਵੀ ਦੂਜੀ ਲਹਿਰ ਲਈ ਤਿਆਰੀਆਂ ਬਾਰੇ ਚਰਚਾ ਕਰਦਿਆਂ ਸ੍ਰੀ ਸੋਨੀ ਨੇ ਸਮੂਹ ਕਾਲਜਾਂ ਦੇ ਅਧਿਕਾਰੀਆਂ ਨਾਲ ਪ੍ਰਬੰਧਾਂ ਬਾਰੇ ਚਰਚਾ ਕੀਤੀ ਅਤੇ ਕਿਹਾ ਕਿ ਸੰਭਾਵੀ ਦੂਜੀ ਲਹਿਰ ਲਈ ਹੁਣ ਤੋਂ ਹੀ ਤਿਆਰੀਆਂ ਕਰ ਲਈਆ ਜਾਣ ਕਿਉਂਕਿ ਦਿੱਲੀ ਵਿਚ ਬੀਤੇ ਕੁਝ ਦਿਨਾਂ ਵਿਚ ਕਰੋਨਾ ਪਾਜ਼ੇਟਿਵ ਮਰੀਜਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ।
ਉਹਨਾਂ ਸ੍ਰੀ ਤਿਵਾੜੀ ਨੂੰ ਐਡਹਾਕ ਉੱਤੇ ਸੁਪਰ ਸਪੈਸਲਿਸਟ ਡਾਕਟਰ ਰੱਖਣ ਲਈ ਵੀ ਕਾਲਜਾਂ ਨੂੰ ਪ੍ਰਵਾਨਗੀ ਦੇਣ ਦੇ ਆਦੇਸ਼ ਦਿੱਤੇ ਅਤੇ ਰੈਗੂਲਰ ਭਰਤੀ ਪ੍ਰਕਿਰਿਆ ਨੂੰ ਵੀ ਤੇਜ਼ ਕਰਨ ਲਈ ਕਿਹਾ। ਸ੍ਰੀ ਸੋਨੀ ਨੇ ਪ੍ਰਮੁੱਖ ਸਕੱਤਰ ਨੂੰ ਕਿਹਾ ਕਿ ਉਹ ਚਾਲੂ ਸਾਲ ਅਤੇ ਅਗਾਮੀ ਵਿੱਤ ਵਰ੍ਹੇ ਲਈ ਫੰਡ ਦੀ ਜ਼ਰੂਰਤ ਸਬੰਧੀ ਪੜਚੋਲ ਕਰਨ।
ਸ੍ਰੀ ਸੋਨੀ ਨੇ ਡਾਇਰੈਕਟਰ ਡਾਕਟਰੀ ਸਿੱਖਿਆ ਅਤੇ ਖੋਜ ਡਾ. ਅਵਨੀਸ਼ ਕੁਮਾਰ ਨੂੰ ਹਦਾਇਤ ਦਿੱਤੀ ਕਿ ਉਹ ਵਿਭਾਗ ਵਿਚ ਖਾਲੀ ਪਈਆਂ ਸਾਰੀਆਂ ਅਸਾਮੀਆਂ ਨੂੰ ਜਲਦ ਭਰਨ ਲਈ ਕਾਰਵਾਈ ਮੁਕੰਮਲ ਕਰਕੇ ਬਾਬਾ ਫਰੀਦ ਯੂਨੀਵਰਸਿਟੀ ਰਾਹੀਂ ਭਰਤੀ ਪ੍ਰਕਿਰਿਆ ਸ਼ੁਰੂ ਕਰਵਾਉਣ ਅਤੇ ਨਾਲ ਹੀ ਵਿਭਾਗ ਵਿਚ ਜਿੰਨੀਆਂ ਵੀ ਪਦ-ਉਨਤੀ ਵਾਲੀਆਂ ਅਸਾਮੀਆਂ ਖਾਲੀ ਪਈਆਂ ਹਨ ਉਨਾਂ ਨੂੰ ਵੀ ਪਦ-ਉਨਤੀਆਂ ਰਾਹੀਂ ਜਲਦ ਭਰਨਾ ਯਕੀਨੀ ਬਣਾਉਣ। ਇਸ ਮੌਕੇ ਉਹਨਾਂ ਕੋਵਿਡ ਦੌਰਾਨ ਮਿਸਾਲੀ ਸੇਵਾਵਾਂ ਨਿਭਾਉਣ ਵਾਲੇ ਡਾਕਟਰੀ ਅਤੇ ਪੈਰਾਮੈਡੀਕਲ ਸਟਾਫ ਨੂੰ ਸਨਮਾਨਿਤ ਕਰਨ ਦਾ ਵੀ ਆਦੇਸ਼ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਡਾਕਟਰ ਰਾਜ ਬਹਾਦਰ, ਜੁਆਇੰਟ ਡਾਇਰੈਕਟਰ ਡਾਕਟਰੀ ਸਿੱਖਿਆ ਅਤੇ ਖੋਜ ਡਾਕਟਰ ਅਕਾਸ਼ਦੀਪ ਅਗਰਵਾਲ, ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਸਤਰ ਦੇ ਪ੍ਰਿੰਸੀਪਲ ਅਤੇ ਮੈਡਕਲ ਸੁਪਰਡੈਂਟ ਅਤੇ ਡੈਂਟਲ ਕਾਲਜ਼ ਦੇ ਪਿ੍ਰੰਸੀਪਲ ਵੀ ਹਾਜ਼ਰ ਸਨ।