
ਪੰਜਾਬ ਸਰਕਾਰ ਤੇ ਸਖੀ ਕੇਂਦਰ ਪੀੜਤ ਔਰਤਾਂ ਲਈ ਵਰਦਾਨ
'ਬੇਟੀ ਬਚਾਓ, ਬੇਟੀ ਪੜ੍ਹਾਓ' ਸਿਰਫ਼ ਇਕ ਨਾਹਰਾ ਨਹੀਂ ਇਹ ਇਕ ਮੁਹਿੰਮ ਹੈ, ਜਿਸ ਵਿਚ ਪੰਜਾਬ ਸਰਕਾਰ ਨੇ ਨਿਰਭਿਆ ਫ਼ੰਡ ਦੀ ਮਦਦ ਲੈ ਕੇ ਪੰਜਾਬ ਦੀਆਂ ਬੇਟੀਆਂ ਨੂੰ ਅਰਥਕ ਪੱਖੋਂ ਮਜ਼ਬੂਤ ਬਣਾਉਣ ਦਾ ਕਾਰਜ ਆਰੰਭ ਕੀਤਾ ਹੈ। 2017 ਵਿਚ ਸਖੀ ਕੇਂਦਰ ਪੂਰੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਖੋਲ੍ਹੇ ਗਏ ਹਨ ਜੋ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੀ ਸ਼ਿਕਾਰ ਹੋਈ ਔਰਤ ਲਈ ਇਕ ਪ੍ਰਵਾਰ ਵਾਂਗ ਮਦਦ ਕਰਦਾ ਹੈ।
ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਭਾਰਤੀ ਔਰਤ ਦੀ ਮਰਨ ਉਪਰੰਤ ਲਾਸ਼ ਹੀ ਸਹੁਰੇ ਘਰੋਂ ਆਵੇਗੀ। ਕਈ ਵਾਰ ਸਹੁਰੇ ਘਰ ਬੇਟੀ ਨਾਲ ਹੋ ਰਹੇ ਅਤਿਆਚਾਰ ਵਿਰੁਧ ਮਦਦ ਲਈ ਉਸ ਦੇ ਮਾਂ-ਬਾਪ ਸਮਾਜ ਦੀ ਸ਼ਰਮ ਕਾਰਨ ਸਾਥ ਦੇਣ ਤੋਂ ਪਿਛੇ ਹੱਟ ਜਾਂਦੇ ਹਨ। ਪਰ ਸਖੀ ਕੇਂਦਰ ਪੀੜਤ ਦੀ ਇਕ ਪੁਕਾਰ 'ਤੇ ਉਸ ਦੇ ਨਾਲ ਖੜ੍ਹਾ ਹੁੰਦਾ ਹੈ ਤੇ ਅਖ਼ੀਰ ਤਕ ਉਸ ਦਾ ਸਾਥ ਦਿੰਦਾ ਹੈ।
Sakhi Center
ਸਖੀ ਕੇਂਦਰ ਨੇ ਪੀੜਤ ਲੜਕੀ ਲਈ ਸਾਰੀਆਂ ਸਰਕਾਰਾਂ ਸਹੂਲਤਾਂ ਵਿਚ ਪੁਲ ਬੰਨ੍ਹਣ ਦਾ ਜਿੰਮਾ ਲਿਆ ਹੈ। ਮੰਨ ਲਉ ਕਿ ਇਕ ਔਰਤ ਨੂੰ ਉਸ ਦਾ ਪਤੀ ਮਾਰਦਾ-ਕੁਟਦਾ ਹੈ, ਉਸ ਨੂੰ ਹਸਪਤਾਲ ਸਖੀ ਕੇਂਦਰ ਮਦਦ ਲਈ ਭੇਜ ਦਿਤਾ ਜਾਂਦਾ ਹੈ। ਸਖੀ ਕੇਂਦਰ ਵਿਚ ਉਸ ਔਰਤ ਨੂੰ ਪਨਾਹ ਦਿਤੀ ਜਾਂਦੀ ਹੈ। ਇਸ ਕੇਂਦਰ ਵਿਚ ਇਕ ਕਾਨੂੰਨੀ ਮਾਹਰ ਅਤੇ ਇਕ ਮਨੋਵਿਗਾਨਕ ਮਾਹਰ ਨੂੰ ਨਿਯੁਕਤ ਕੀਤਾ ਗਿਆ ਹੈ, ਤਾਂ ਜੋ ਪੀੜਤ ਔਰਤ ਨੂੰ ਕੇਂਦਰ ਵਿਚ ਇਕ ਸੁਰੱਖਿਆ ਅਤੇ ਕਾਨੂੰਨੀ ਸਲਾਹ ਮਿਲ ਸਕੇ।
ਇਸ ਦੇ ਨਾਲ ਹੀ ਪੀੜਤ ਔਰਤ ਵਲੋਂ ਪੁਲਿਸ ਦੀ ਮਦਦ ਵੀ ਪਹਿਲ ਦੇ ਆਧਾਰ ਤੇ ਮੁਹੱਇਆ ਕਰਵਾਈ ਜਾਂਦੀ ਹੈ, ਪਰ ਇਸ ਵਿਚ ਸੱਭ ਤੋਂ ਪਹਿਲਾਂ ਪੀੜਤ ਔਰਤ ਦੀ ਮਰਜ਼ੀ ਪੁੱਛੀ ਜਾਂਦੀ ਹੈ। ਜੇਕਰ ਪੀੜਤ ਮਾਮਲੇ ਨੂੰ ਚੁਪਚਪੀਤੇ ਖ਼ਤਮ ਕਰਵਾਉਣਾ ਚਾਹੁੰਦੇ ਹਨ ਤਾਂ ਉਸ ਦੀ ਮਰਜ਼ੀ ਅਨੁਸਾਰ ਹੀ ਅਗਲਾ ਕਦਮ ਚੁੱਕਿਆ ਜਾਂਦਾ ਹੈ। ਜੇਕਰ ਪੀੜਤ ਔਰਤ ਕਾਨੂੰਨੀ ਕਾਰਵਾਈ ਮੰਗਦੀ ਹੈ ਤਾਂ ਫਿਰ ਕਾਨੂੰਨੀ ਮਾਹਰ ਨੂੰ ਬੁਲਾਇਆ ਜਾਂਦਾ ਹੈ।
ਹਰ ਪੀੜਤ ਨੂੰ ਮਨੋਵਿਗਿਆਨ ਮਾਹਰ ਨਾਲ ਮਿਲਵਾਇਆ ਜਾਂਦਾ ਹੈ ਤਾਕਿ ਉਸ ਦੀ ਸਹੀ ਮਦਦ ਹੋ ਸਕੇ ਤੇ ਉਹ ਕਾਹਲੀ ਵਿਚ ਕੋਈ ਵੀ ਗ਼ਲਤ ਫ਼ੈਸਲਾ ਨਾ ਲਵੇ। ਹਰ ਪੀੜਤ ਨੂੰ ਉਸ ਦੇ ਕਾਨੂੰਨੀ ਹੱਕਾਂ ਸਬੰਧੀ ਜਾਣੂ ਕਰਵਾਇਆ ਜਾਂਦਾ ਹੈ। ਜੇ ਕਿਸੇ ਔਰਤ ਨੂੰ ਘਰੋਂ ਕੱਢ ਦਿਤਾ ਜਾਂ ਬੱਚਿਆਂ ਨਾਲ ਵੱਖ ਕੀਤਾ ਗਿਆ ਹੋਵੇ ਤਾਂ ਉਸ ਦੇ ਬੱਚਿਆਂ ਨੂੰ ਸਖੀ ਕੇਂਦਰ ਲਿਆਇਆ ਜਾਂਦਾ ਹੈ।
Sakhi Center
ਇਸ ਕੇਂਦਰ ਦੀ ਪਹਿਲੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਪੀੜਤ ਦਾ ਘਰ ਬਚਾਇਆ ਜਾਵੇ ਅਤੇ ਸਖੀ ਕੇਂਦਰ ਆਪ ਵਿਚੋਲੇ ਵਾਂਗ ਘਰ ਵਿਚ ਸਮਝੌਤਾ ਕਰਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਜੇਕਰ ਕੋਈ ਰਸਤਾ ਨਾ ਨਿਕਲੇ ਤਾਂ ਫਿਰ ਆਸਪਾਸ ਦੇ ਐਨ.ਜੀ.ਓ. ਨਾਲ ਰਾਬਤਾ ਬਣਾ ਕੇ ਪੀੜਤ ਨੂੰ ਉਥੇ ਭੇਜਿਆ ਜਾਂਦਾ ਹੈ। ਪੀੜਤ ਉਦੋਂ ਤੱਕ ਉਥੇ ਰਹਿ ਸਕਦੇ ਹਨ ਜਦ ਤਕ ਉਹ ਅਪਣੇ ਪੈਰਾਂ 'ਤੇ ਖੜੇ ਨਾ ਹੋ ਜਾਣ।
ਸਖੀ ਕੇਂਦਰ ਵਿਚ ਤੇਜ਼ਾਬ ਪੀੜਤਾਂ ਦੀ ਡਾਕਟਰੀ ਅਤੇ ਕਾਨੂੰਨੀ ਸਹਾਇਤਾ ਦਿਤੀ ਜਾਂਦੀ ਹੈ। ਸਖੀ ਕੇਂਦਰ ਵਿਚ ਮਦਦ ਮੰਗਣ ਵਾਲੀਆਂ ਔਰਤਾਂ ਨੂੰ ਨਾ ਸਿਰਫ਼ ਅਪਣੇ ਹੱਕਾਂ ਤੇ ਅਪਣੀ ਤਾਕਤ ਨਾਲ ਜਾਣੂ ਕਰਵਾਇਆ ਜਾਂਦਾ ਹੈ ਬਲਕਿ ਉਨ੍ਹਾਂ ਨੂੰ ਇਕ ਨਵਾਂ ਪ੍ਰਵਾਰ ਮਿਲਦਾ ਹੈ ਜੋ ਹਰ ਦੁੱਖ-ਸੁੱਖ ਵੇਲੇ ਉਸ ਨਾਲ ਖੜ੍ਹਦਾ ਹੈ। ਸਖੀ ਕੇਂਦਰ ਵਿਚ 24 ਘੰਟੇ ਕੇਂਦਰ 'ਚ ਕੋਈ ਨਾ ਕੋਈ ਪੀੜਤ ਦੀ ਸਹਾਇਤਾ ਵਾਸਤੇ ਹਾਜ਼ਰ ਰਹਿੰਦਾ ਹੈ।
ਪੂਜਾ
ਪੂਜਾ ਦੇ ਵਿਆਹ ਨੂੰ 9 ਸਾਲ ਹੋ ਗਏ ਹਨ ਤੇ ਉਸ ਦੇ ਦੋ ਬੱਚੇ ਵੀ ਹਨ। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਇਸ ਨੂੰ ਪਤਾ ਚੱਲ ਗਿਆ ਕਿ ਉਸ ਦਾ ਪਤੀ ਬਿਲਕੁਲ ਨਿਕਮਾ ਹੈ ਤੇ ਕੋਈ ਕੰਮ ਕਾਜ ਨਹੀਂ ਕਰਦਾ। ਉਸ ਦਾ ਪਤੀ ਬੜੇ ਸ਼ੱਕੀ ਮਿਜਾਜ਼ ਦਾ ਸੀ ਤੇ ਉਸ ਦੀ ਹਰ ਗੱਲ ‘ਤੇ ਸ਼ੱਕ ਕਰਦਾ। ਇੱਥੋਂ ਤੱਕ ਕਿ ਜਦੋਂ ਉਹ ਪਹਿਲੀ ਵਾਰ ਗਰਭਵਤੀ ਸੀ ਸੱਤਵੇਂ ਮਹੀਨੇ ਵਿਚ ਪੂਜਾ ਨੂੰ ਬੱਚਾ ਗਿਰਵਾਉਣ ਲਈ ਆਖਦਾ। ਪੂਜਾ ਨੂੰ ਇਹਨਾਂ 9ਸਾਲਾਂ ਵਿਚ ਨਾ ਕਦੀ ਅਪਣੇ ਮਾ ਬਾਪ ਨੂੰ ਇਕੱਲੇ ਮਿਲਣ ਦੀ ਇਜਾਜ਼ਤ ਮਿਲੀ ਤੇ ਨਾ ਸਹੇਲੀ ਨਾਲਗੱਲ ਕਰਨ ਦੀ ਇਜਾਜ਼ਤ।
Sakhi Center
ਜੇਕਰ ਉਹ ਗੁਸਲਖਾਨੇ ਵੀ ਜਾਂਦੀ ਤਾਂ ਉਸ ਦਾ ਬੂਹਾ ਖੁੱਲ਼੍ਹਾ ਰੱਖਣਾ ਪੈਂਦਾ। ਵਿਆਹ ਤੋਂ ਕੁਝ ਸਾਲਾਂ ਬਾਅਦ ਉਸ ਦੇ ਪਤੀ ਨੇ ਉਸ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ। ਵਿਹਲਾ ਆਦਮੀ ਸ਼ਰਾਬ ਪੀਂਦਾ ਨਸ਼ੇ ਕਰਦਾ ਤੇ ਪੂਜਾ ਨੂੰ ਅਕਸਰ ਬੱਚਿਆਂ ਸਾਹਮਣੇ ਮਾਰਦਾ। ਪੂਜਾ ਨੂੰ ਕਈ ਵਾਰ ਇਲਾਜ ਲਈ ਹਸਪਤਾਲ ਜਾਣਾ ਪੈਂਦਾ, ਕਦੇ ਹੱਥ ਟੁੱਟਿਆ ਹੁੰਦਾ, ਕਦੇ ਅੱਖ ‘ਤੇ ਲੱਗ ਗਈ ਸੀ, ਉਸ ਦੇ ਪਤੀ ਨੂੰ ਪੂਜਾ ਨਾਲ ਮਾਨਸਿਕ ਤੇ ਸਰੀਰਤ ਤਸੀਏ ਦੇਖ ਕੇ ਮਜ਼ਾ ਆਉਂਦਾ। ਉਸ ਦੇ ਮਾ-ਬਾਪ ਜੋ ਉਹਨਾਂ ਦੇ ਨਾਲ ਰਹਿੰਦੇ ਸਨ, ਇਹ ਸਭ ਵੇਖ ਰਹੇ ਸਨ। ਪਰ ਸਿਰਫ਼ ਪੂਜਾ ਨੂੰ ਸਮਝਾਉਂਦੇ ਕਿ ਚੁੱਪ ਰਹਿ ਤੇ ਕਿਸੇ ਨੂੰ ਪਤਾ ਨਾ ਚੱਲਣ ਦੇ। 7 ਸਾਲ ਜ਼ਿੰਦਗੀ ਇਸੇ ਤਰ੍ਹਾਂ ਚੱਲਦੀ ਰਹੀ ਇਸ ਦਾ ਅਸਰ ਦੋਵੇਂ ਬੱਚਿਆਂ ‘ਤੇ ਹੋਇਆ, ਵੱਡਾ ਪੁੱਤਰ ਸਹਿਮਿਆ ਰਹਿੰਦਾ ਤੇ ਬੇਟੀ ਨੇ ਕਿਸੇ ਨਾਲ ਗੱਲ ਕਰਨਾ ਤੇ ਮੁਸਕੁਰਾਉਣਾ ਹੀ ਬੰਦ ਕਰ ਦਿੱਤਾ।
ਦੋ ਸਾਲ ਪਹਿਲਾਂ ਜਦੋਂ ਉਸ ਦੇ ਸਹੁਰੇ ਦੀ ਮੌਤ ਹੋ ਗਈ, ਜਿਸ ਨਾਲ ਘਰ ਦੀ ਹਾਲਤ ਹੋਰ ਵਿਗੜ ਗਈ, ਕਿਉਂਕਿ ਘਰ ਸਹੁਰੇ ਦੀ ਪੈਂਸ਼ਨ ‘ਤੇ ਹੀ ਚੱਲਦਾ ਸੀ। ਮਾਰਕੁੱਟ ਹਰ ਰੋਜ਼ ਦੀ ਕਹਾਣੀ ਬਣ ਗਈ ਤੇ ਇਕ ਦਿਨ ਉਸ ਦੇ ਪਤੀ ਨੇ ਉਸ ਦਾ ਗਲਾ ਘੁੱਟ ਕੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਇਹ ਸਭ ਉਸ ਦੇ ਬੱਚਿਆਂ ਸਾਹਮਣੇ ਹੋਇਆ, ਜੋ ਬਿਲਕੁਲ ਸਹਿਮ ਚੁੱਕੇ ਸਨ। ਪੂਜਾ ਕੋਲੋਂ ਅਪਣਾ ਦਰਦ ਤਾਂ ਬਰਦਾਸ਼ਤ ਹੁੰਦਾ ਸੀ ਪਰ ਬੱਚਿਆਂ ਦੀ ਇਸ ਹਾਲਤ ਨੇ ਉਸ ਨੂੰ ਪੁਲਿਸ ਨੂੰ ਬੁਲਾਉਣ ਲਈ ਮਜਬੂਰ ਕਰ ਦਿੱਤਾ।
Sakhi Center
ਪੁਲਿਸ ਸਿੱਧਾ ਉਸ ਨੂੰ ਸਖੀ, ਵਨ ਸਟਾਪ ਸੈਂਟਰ ਲੈ ਆਈ। ਜਿੱਥੇ ਪੂਜਾ ਤੇ ਉਸ ਦੇ ਬੱਚਿਆਂ ਨੂੰ ਸੁਰੱਖਿਅਤ ਅੰਦਰ ਲੈ ਲਿਆ ਗਿਆ, ਤੇ ਉਸ ਦੇ ਮਾ ਬਾਪ ਨੂੰ ਬੁਲਾਇਆ ਗਿਆ। ਸਖੀ ਕੇਂਦਰ ਪੂਜਾ ਦਾ ਦੂਸਰਾ ਪਰਿਵਾਰ ਬਣ ਕੇ ਉਸ ਦੇ ਨਾਲ ਖੜ੍ਹਾ ਹੋ ਗਿਆ। ਪੂਜਾ ਨੇ ਅਪਣੀ ਮਾ ਬਾਪ ਦੀ ਸਲਾਹ ਤੋਂ ਬਾਅਦ ਫੈਸਲਾ ਲਿਆ ਕਿ ਉਹ ਤਲਾਕ ਚਾਹੁੰਦੀ ਹੈ ਤੇ ਸਖੀ ਕੇਂਦਰ ਵੱਲੋਂ ਪੂਜਾ ਨੂੰ ਉਸ ਦੇ ਪਤੀ ਵਿਰੁੱਧ ਪਰਚਾ ਦਰਜ ਕਰਨ ਅਤੇ ਤਲਾਕ ਲਈ ਵਕੀਲ ਕਰਨ ਵਿਚ ਸਹਾਇਤਾ ਕੀਤੀ ਗਈ। ਸਖੀ ਵੱਲੋਂ ਪੂਜਾ ਦੀ ਮਨੋਵਿਗਿਆਨਕ ਰਾਹੀਂ ਕਾਂਊਸਲਿੰਗ ਕਰਵਾਈ ਗਈ, ਉਸ ਨੂੰ ਸੰਭਲਣ ਦੀ ਮਦਦ ਕੀਤੀ ਗਈ। ਸਖੀ ਨੇ ਪੂਜਾ ਨੂੰ ਨੌਕਰੀ ਵੀ ਦਿਵਾਈ ਤਾਂ ਜੋ ਅਪਣੇ ਬੱਚਿਆਂ ਦੀ ਦੇਖ-ਰੇਖ ਕਰ ਰਹੇ। ਪੂਜਾ ਦੇ ਬੇਟੇ ਵਿਚ ਕਾਫ਼ੀ ਸੁਧਾਰ ਆਇਆ ਹੈ। ਪਰ ਬੇਟੀ ਅਜੇ ਵੀ ਬੋਲ ਨਹੀਂ ਪਾ ਰਹੀ। ਪੂਜਾ ਨੇ ਦ੍ਰਿੜ ਫੈਸਲਾ ਕੀਤਾ ਹੈ ਕਿ ਉਹ ਹੁਣ ਬੱਚਿਆਂ ਨੂੰ ਉਸ ਸ਼ਰਾਬੀ ਬਾਪ ਦੇ ਹੱਥ ਹੋਰ ਤਬਾਹ ਨਹੀਂ ਹੋਣ ਦੇਵੇਗੀ ਤੇ ਬੱਚਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਉਹ ਆਪ ਨਿਭਾਵੇਗੀ।
ਸਪਨਾ ਰਾਣੀ
ਮਹਾਰਾਸ਼ਟਰਾ ਵਿਚ ਰਹਿਣ ਵਾਲੀ ਇਕ ਨਰਸ ਸਪਨਾ ਨੂੰ ਪੰਜਾਬੀ ਮੁੰਡੇ ਨਾਲ ਪਿਆਰ ਹੋ ਗਿਆ। ਉਸ ਨੇ ਉਸ ਨੂੰ ਮਨਾਇਆ ਕਿ ਉਸ ਨਾਲ ਵਿਆਹ ਕਰ ਤੇ ਉਹ ਉਸ ਨੂੰ ਵਿਦੇਸ਼ ਲੈ ਜਾਏਗਾ, ਜਿੱਥੇ ਜਾਣ ਵਾਸਤੇ ਪੈਸੇ ਉਸ ਦਾ ਪਰਿਵਾਰ ਦੇਵੇਗਾ। ਕਿਉਂਕਿ ਉਹ ਇਕ ਰਜਿਸਟਰਡ ਨਰਸ ਹੈ, ਉੱਥੇ ਜ਼ਿੰਦਗੀ ਬਹੁਤ ਚੰਗੀ ਬੀਤੇਗੀ। ਸਪਨਾ ਨੇ ਅਪਣੇ ਮਾਪਿਆਂ ਦੀ ਮਰਜ਼ੀ ਖਿਲਾਫ ਵਿਆਹ ਕੀਤਾ ਤੇ ਅਪਣੇ ਪਤੀ ਨਾਲ ਪੰਜਾਬ ਆ ਗਈ। ਇਕ ਸਾਲ ਬਾਅਦ ਉਹਨਾਂ ਦਾ ਇਕ ਬੱਚਾ ਵੀ ਹੋ ਗਿਆ ਪਰ ਸਹੁਰਿਆਂ ਨੇ ਇਹਨਾਂ ਨੂੰ ਵਿਦੇਸ਼ ਜਾਣ ਲਈ ਸਹਾਇਤਾ ਕਰਨ ਤੋਂ ਮਨਾ ਕਰ ਦਿੱਤਾ।
Sakhi Center
ਇਸ ਤੋਂ ਬਾਅਦ ਸਪਨਾ ਅਤੇ ਉਸ ਦੇ ਪਤੀ ਦੇ ਰਿਸ਼ਤੇ ਖਰਾਬ ਹੋਣੇ ਸ਼ੁਰੂ ਹੋ ਗਏ। ਪਰਿਵਾਰ ਨਾਲ ਜਾਇਦਾਦ ਦੀ ਲੜਾਈ ਚਲਦੀ ਰਹੀ ਤੇ ਗੁੱਸਾ ਸਪਨਾ ‘ਤੇ ਹੀ ਕੱਢਣ ਦੀ ਆਦਤ ਪੈ ਗਈ। ਪਹਿਲਾਂ ਸਪਨਾ ਨੇ ਨਰਸ ਦਾ ਕੰਮ ਫਰਿਆ ਪਰ ਇਕ ਦਿਨ ਪਤੀ ਨੂੰ ਗੁੱਸਾ ਆ ਗਿਆ ਤੇ ਉਸ ਨੇ ਸਾਰੇ ਦਸਤਾਵੇਜ਼ਾਂ ਨੂੰ ਅੱਗ ਲਗਾ ਦਿੱਤੀ ਤੇ ਉਸ ਨੂੰ ਕੰਮ ਕਰਨ ਤੋਂ ਮਨਾ ਕਰ ਦਿੱਤਾ।
ਇਸ ਦੌਰਾਨ ਉਹਨਾਂ ਦਾ ਇਕ ਹੋਰ ਬੱਚਾ ਵੀ ਹੋ ਗਿਆ। ਤਿੰਨ ਚਾਰ ਸਾਲ ਪਹਿਲਾਂ ਭਰਾ ਨਾਲ ਜਾਇਦਾਦ ‘ਤੇ ਸਮਝੌਤਾ ਹੋ ਗਿਆ ਪਰ ਇਸ ਦੇ ਪਤੀ ਦਾ ਵਿਵਹਾਰ ਨਹੀਂ ਸੁਧਰਿਆ ਗੱਲ਼-ਗੱਲ਼ ‘ਤੇ ਸਪਨਾ ਨੂੰ ਮਾਰਦਾ ਤੇ ਘਰੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ। ਸਪਨਾ ਨੇ ਹਰ ਵਾਰੀ ਡਟ ਕੇ ਮੁਕਾਬਲਾ ਕੀਤਾ ਤੇ ਪੁਲਿਸ ਸਟੇਸ਼ਨ ਵੀ ਜਾਂਦੀ ਰਹੀ ਪਰ ਕੋਈ ਫਰਕ ਨਹੀਂ ਪਿਆ। ਥਾਣੇ ਵਿਚ ਵੀ ਉਸ ਦਾ ਮਜ਼ਾਕ ਉਡਾਇਆ ਜਾਂਦਾ ਤੇ ਨਾ ਹੀ ਪਰਚਾ ਦਰਜ ਕਰਾਇਆ ਜਾਂਦਾ। ਸਭ ਉਸ ਨੂੰ ਲੜਾਈ ਸਮਝ ਕੇ ਉਸ ਦੀ ਗੱਲ਼ ਨਜ਼ਦ ਅੰਦਾਜ਼ ਕਰ ਦਿੰਦੇ। ਜੇਠ ਨੇ ਸਪਨਾ ਨੂੰ ਘਰ ਛੱਡ ਕੇ ਜਾਣ ਲਈ ਸਲਾਹ ਦਿੱਤੀ।
ਪਰ ਸਪਨਾ ਫਿਰ ਵੀ ਡਟੀ ਰਹੀ, ਭਰਜਾਈ ਤੇ ਸੱਸ ਉਸ ਦੇ ਪਤੀ ਨੂੰ ਉਕਸਾਉਂਦੀਆਂ ਕਿ ਸਪਨਾ ਨੂੰ ਹੋਰ ਮਾਰੇ, ਉਸ ਦੀ ਕੋਈ ਮਦਦ ਨਹੀਂ ਕਰਦਾ। ਸ਼ਾਇਦ ਉਹ ਪੰਜਾਬਣ ਨਹੀਂ ਸੀ, ਇਸ ਲਈ ਸਪਨਾ ਨੂੰ ਉਹਨਾਂ ਦੇ ਦਿਲਾਂ ਵਿਚ ਜਗਾ ਨਹੀਂ ਮਿਲੀ। ਪਤੀ ਨੇ ਸਪਨਾ ਨੂੰ ਪੈਸੇ ਦੇਣੇ ਵੀ ਬੰਦ ਕਰ ਦਿੱਤੇ ਜਿਸ ਕਾਰਨ ਸਪਨਾ ਨੂੰ ਰਾਜ ਮਿਸਤਰੀ ਕੋਲ ਮਜ਼ਦੂਰੀ ਕਰਨੀ ਪਈ,ਉਸ ਨੂੰ ਮਜ਼ਦੂਰੀ ਕਰਨ ਵਿਚ ਕੋਈ ਸ਼ਰਮ ਨਹੀਂ ਸੀ, ਕਿਉਂਕਿ ਇਸ ਨਾਲ ਉਸ ਦੇ ਬੱਚੇ ਪਲ ਰਹੇ ਸਨ। ਕੁਝ ਮਹੀਨਿਆਂ ਪਹਿਲਾਂ ਸਪਨਾ ਲਹੂ ਲੂਹਾਣ ਫਿਰ ਥਾਣੇ ਮਦਦ ਦੀ ਪੁਕਾਰ ਕਰਨ ਗਈ, ਤੇ ਜਿੱਥੋਂ ਉਸ ਨੂੰ ਅਦਾਲਤ ਲਿਜਾਇਆ ਗਿਆ, ਸਪਨਾ ਦੀ ਕਹਾਣੀ ਸੁਣ ਕੇ ਜੱਜ ਨੇ ਸਪਨਾ ਨੂੰ ਸਖੀ ਕੇਂਦਰ ਭੇਜਿਆ, ਜਿੱਥੇ ਪਹਿਲਾਂ ਉਸ ਦਾ ਇਲ਼ਾਜ ਕਰਵਾਇਆ ਗਿਆ ਤੇ ਫਿਰ ਉਸੇ ਪੁਲਿਸ ਥਾਣੇ ਦੇ ਅਫਸਰਾਂ ਦੀ ਮਦਦ ਲੈ ਕੇ ਸਪਨਾ ਦੇ ਬੱਚਿਆਂ ਨੂੰ ਸਖੀ ਕੇਂਦਰ ਲਿਆਇਆ ਗਿਆ।
ਸਪਨਾ ਅਪਣਾ ਘਰ ਵਸਾਉਣਾ ਚਾਹੁੰਦੀ ਸੀ, ਕਿਉਂਕਿ ਉਹ ਚਾਹੁੰਦੀ ਸੀ ਕਿ ਉਸ ਦੇ ਬੱਚਿਆਂ ਦੇ ਸਿਰ ‘ਤੇ ਉਹਨਾਂ ਦੇ ਬਾਪ ਦਾ ਹੱਥ ਹਮੇਸ਼ਾਂ ਬਣਿਆ ਰਹੇ। ਉਹ ਜਾਣਦੀ ਸੀ ਕਿ ਉਸ ਦੇ ਮਾ-ਬਾਪ ਉਸ ਨੂੰ ਕਬੂਲ ਨਹੀਂ ਕਰਨਗੇ। ਵਿਚੋਲਾ ਬਣ ਕੇ ਸਖੀ ਸੈਂਟਰ ਨੇ ਉਸ ਦੇ ਪਤੀ ਨੂੰ ਡਰਾਇਆ ਤੇ ਫਿਰ ਸੁਧਰਨ ਵਾਸਤੇ ਸਮਝਾਇਆ, ਕੁਝ ਦਿਨਾਂ ਬਾਅਦ ਸਪਨਾ ਬੱਚਿਆਂ ਨਾਲ ਘਰ ਵਾਪਸ ਚਲੀ ਗਈ, ਅੱਜ ਛੇ ਮਹੀਨੇ ਹੋ ਗਏ ਹਨ, ਉਸ ਦੇ ਪਤੀ ਨੇ ਉਸ ਨਾਲ ਕੋਈ ਬਦਤਮੀਜ਼ੀ ਨਹੀਂ ਕੀਤੀ। ਸਖੀ ਕੇਂਦਰ ਨੇ ਸਪਨਾ ਨੂੰ ਵਿਸ਼ਾਲ ਮਾਰਟ ਵਿਚ ਸਕਿਓਰਿਟੀ ਗਾਰਡ ਦੀ ਨੌਕਰੀ ਵੀ ਲਗਵਾਈ। ਸਖੀ ਕੇਂਦਰ ਦੇ ਅਫ਼ਸਰ ਸਪਨਾ ਨਾਲ ਲਗਾਤਾਰ ਰਾਬਤਾ ਰੱਖਦੇ ਹਨ ਤਾਂ ਜੋ ਉਹ ਸੁਰੱਖਿਅਤ ਰਹੇ।
Sakhi Center
ਰਾਜੋ
22 ਸਾਲ ਦੀ ਰਾਜੋ ਹਸਪਤਾਲ ਵਿਚ ਕੰਮ ਕਰਦੀ ਸੀ। ਹਰ ਰੋਜ਼ ਦੀ ਤਰਾਂ ਇਸ ਦਿਨ ਵੀ ਸਵੇਰੇ ਸਵੇਰੇ ਕੰਮ ਨੂੰ ਜਾ ਰਹੀ ਸੀ, ਜਦੋਂ ਰਸਤੇ ਵਿਚ ਕਿਸੇ ਨੇ ਆ ਕੇ ਉਸ ‘ਤੇ ਕੁਝ ਗਿੱਲਾ ਗਿੱਲਾ ਸੁੱਟ ਦਿੱਤਾ। ਉਸ ਨੂੰ ਜਲਣ ਮਹਿਸੂਸ ਹੋਈ, ਉਸ ਨੇ ਚਿਲਾਉਣਾ ਸ਼ੁਰੂ ਕਰ ਦਿਤਾ। ਸਾਹਮਣੇ ਬੈਠਾ ਚਾਹ ਵਾਲਾ ਸਮਝ ਗਿਆ ਕਿ ਇਹ ਤੇਜ਼ਾਬ ਦਾ ਹਮਲਾ ਸੀ ਤੇ ਉਸ ਨੇ ਰਾਜੋ ਦਾ ਚੇਹਰਾ ਤੇ ਗਰਦਨ ਦੁੱਧ ਨਾਲ ਧੁਆ ਦਿੱਤੀ। ਉਸ ਨੇ ਰਾਜੋ ਨੂੰ ਦੁੱਧ ਵੀ ਪਿਲਾਇਆ ਕਿਉਂਕਿ ਤੇਜ਼ਾਬ ਉਸ ਦੇ ਮੂੰਹ ਦੇ ਅੰਦਰ ਵੀ ਜਾ ਚੁੱਕਾ ਸੀ।
ਰਾਜੋ ਦੀ ਅੱਖ ਵਿਚ ਵੀ ਤੇਜ਼ਾਬ ਨੇ ਅਸਰ ਕਰ ਲਿਆ ਸੀ ਪਰ ਇਹ ਰਾਜੋ ਦੀ ਕਿਸਮਤ ਚੰਗੀ ਸੀ ਕਿ ਤੇਜ਼ਾਬ ਵਿਚ ਪਾਣੀ ਦੀ ਮਿਲਾਵਟ ਕਾਰਨ ਤੇ ਜਲਦ ਦੁੱਧ ਲਗਾਉਣ ਨਾਲ ਉਸ ਦਾ ਅਸਰ ਘੱਟ ਹੋਇਆ। ਰਾਜੋ ਨੂੰ ਇਕ ਆਟੋ ਰਿਕਸ਼ਾ ਵਾਲਾ ਉਸੇ ਹਸਪਤਾਲ ਲੈ ਗਿਆ, ਜਿੱਥੇ ਉਹ ਕੰਮ ਕਰਦੀ ਸੀ, ਉੱਥੇ ਉਸ ਦਾ ਇਲਾਜ ਕਰਵਾਇਆ ਗਿਆ। ਇਸ ਤੇਜ਼ਾਬ ਹਮਲੇ ਦੀ ਜਾਣਕਾਰੀ ਸਖੀ ਸੈਂਟਰ ਨੂੰ ਭੇਜੀ ਗਈ, ਜੋ ਹਸਪਤਾਲ ਵਿਚ ਪਹੁੰਚ ਕੇ ਰਾਜੋ ਦੇ ਨਾਲ ਮਦਦ ਲਈ ਆਪ ਖੜ੍ਹੇ ਹੋਏ, ਸਖੀ ਸੈਂਟਰ ਵੱਲੋਂ ਪੁਲਿਸ ਰਿਪੋਰਟ ਤੋਂ ਲੈ ਕੇ ਰਾਜੋ ਦੇ ਇਲਾਜ ਤੱਕ ਮੁਆਵਜ਼ਾ ਤੇ ਰਾਜੋ ਨੂੰ ਕਾਂਊਸਲਿੰਗ ਦਾ ਸਮਰਥਨ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਚੱਲ਼ ਰਿਹਾ ਹੈ।
ਜਾਣ ਦੌਰਾਨ ਪਤਾ ਚੱਲਿਆ ਕਿ ਹਮਲਾ ਕਰਨ ਵਾਲਾ ਰਾਜੋ ਦਾ ਚਚੇਰਾ ਭਰਾ ਸੀ, ਜੋ ਨਹੀਂ ਚਾਹੁੰਦਾ ਸੀ ਕਿ ਉਸ ਦਾ ਵਿਆਹ ਕਿਸੇ ਹੋਰ ਨਾਲ ਹੋਵੇ ਤੇ ਉਸ ਨੇ ਅਪਣੇ ਦੋ ਸਾਥੀਆਂ ਕੋਲੋਂ ਰਾਜੋ ‘ਤੇ ਹਮਲਾ ਕਰਵਾਇਆ ਸੀ। 10 ਰੁਪਏ ਦੀ ਤੇਜ਼ਾਬ ਦੀ ਬੋਤਲ ਨੇ ਪਲਾਂ ਵਿਚ ਰਾਜੋ ਦੀ ਜ਼ਿੰਦਗੀ ਦਾ ਰਸਤਾ ਮੋੜ ਦਿੱਤਾ। ਜਿਸ ਦਾ ਅਸਰ ਅੱਜ ਤੱਕ ਰਾਜੋ ‘ਤੇ ਹੈ। ਰਾਜੋ ਅੱਜ ਵੀ ਘਰ ਨਿਕਲਣ ਤੋਂ ਡਰਦੀ ਹੈ ਤੇ ਉਸ ਦੀ ਅੱਖ ਵਿਚ ਸ਼ਾਇਦ ਹਮੇਸ਼ਾਂ ਵਾਸਤੇ ਕਮਜ਼ੋਰੀ ਰਹੇਗੀ। ਪਰ ਸਖੀ ਕੇਂਦਰ ਤੇ ਸਾਰੇ ਅਫ਼ਸਰ ਰਾਜੋ ਦੇ ਨਾਲ ਖੜ੍ਹੇ ਨੇ ਤੇ ਸਮਰਥਨ ਕਰਨਗੇ ਜਦ ਤੱਕ ਬੱਚੀ ਇਸ ਸਦਮੇ ਵਿਚੋਂ ਬਾਹਰ ਨਹੀਂ ਨਿਕਲ ਜਾਂਦੀ।
Sakhi Center
ਕਮਲ
ਕਮਲ ਇਕ ਅਧੁਨਿਕ ਔਰਤ ਦੀ ਮਿਸਾਲ ਜਾਪਦੀ ਹੈ, ਜੋ ਘਰ ਦੀਆਂ ਜ਼ਿੰਮੇਵਾਰੀ ਵੀ ਨਿਭਾਉਂਦੀ ਹੈ ਤੇ ਇਕ ਚੰਗੀ ਨੌਕਰੀ ਵੀ ਕਰਦੀ ਹੈ। ਕਮਲ ਦੀ ਤਨਖ਼ਾਹ 45 ਹਜ਼ਾਰ ਹੈ ਤੇ ਪਤੀ ਦੀ ਤਨਖ਼ਾਹ 55 ਹਜ਼ਾਰ ਹੈ। ਪਤੀ ਪੁਲਿਸ ਵਿਚ ਕੰਮ ਕਰਦਾ ਹੈ। ਇਹਨਾਂ ਦਾ ਅਪਣਾ ਘਰ ਵੀ ਹੈ ਤੇ ਕਿਸੇ ਨੂੰ ਦੂਰੋਂ ਦੇਖਣ ਨਾਲ ਪਤਾ ਨਹੀਂ ਚੱਲੇਗਾ ਕਿ ਇਹਨਾਂ ਦੇ ਘਰ ਵਿਚ ਕੋਈ ਸੁੱਖ ਨਹੀਂ ਸੀ। ਕਮਲ ਨੂੰ ਇਕ ਦਿਨ ਦਾ ਵੀ ਸੁੱਖ ਨਹੀਂ ਮਿਲਿਆ ਕਿਉਂਕਿ ਉਸ ਦਾ ਪਤੀ ਹਰਦਮ ਹੀ ਉਸ ਨੂੰ ਘਰ ਵਿਚ ਬੇਇੱਜ਼ਤ ਤੇ ਜਲੀਲ ਕਰਦਾ। ਕਮਲ ਦੀ ਸੱਸ ਹਮੇਸ਼ਾਂ ਹੀ ਅਪਣੇ ਪੁੱਤਰ ਦਾ ਸਾਥ ਦਿੰਦੀ ਕਦੇ ਕਮਲ ਦਾ ਬਚਾਅ ਕਰਨ ਨਹੀਂ ਆਉਂਦੀ। ਕਮਲ ਦੇ ਪਤੀ ਨੂੰ ਪਤਾ ਨਾ ਚੱਲ਼ਦਾ ਤੇ ਕਦੀ ਖਾਣਾ ਚੁੱਕ ਕੇ ਸੁੱਟਦਾ, ਕਦੀ ਧੱਕਾ ਮਾਰਦਾ, ਕਦੀ ਝਾੜੂ ਨਾਲ ਉਸ ਦੇ ਮਗਰ ਪੈ ਜਾਂਦਾ।
ਕੁਝ ਮਹੀਨਿਆਂ ਪਹਿਲਾਂ ਕਮਲ ਨੂੰ ਉਸ ਦੇ ਪਤੀ ਨੇ ਇੰਨੀ ਜ਼ੋਰ ਦੀ ਥੱਪੜ ਮਾਰਿਆ ਕਿ ਉਸ ਦਾ ਸੱਜੇ ਪਾਸੇ ਦੇ ਮੂੰਹ ਤੇ ਨੀਲ ਪੈ ਗਏ ਅਗਲੇ ਦਿਨ ਜਦ ਉਹ ਦਫ਼ਤਰ ਗਈ ਤਾਂ ਉਸ ਨੇ ਕਿਹਾ ਮੈਂ ਸਕੂਟਰ ਤੋਂ ਡਿੱਗ ਗਈ ਸੀ। ਕਿਸੇ ਨੇ ਤਾਹਨਾ ਮਾਰ ਦਿੱਤਾ ਕਿ ਸਕੂਟਰ ਤੋਂ ਡਿੱਗਣ ਨਾਲ ਝਰੀਟਾਂ ਪੈਂਦੀਆਂ ਦੇਖੀਆਂ, ਨੀਲ ਪੈਂਦੇ ਨਹੀਂ ਦੇਖੇ। ਕਮਲ ਸਖੀ ਸੈਂਟਰ ਬਾਰੇ ਜਾਣਦੀ ਸੀ ਤੇ ਇਸ ਤਾਹਨੇ ਨੂੰ ਸੁਣ ਕੇ ਉਸ ਨੇ ਸਖੀ ਸੈਟਰ ਵੱਲ਼ ਮੂੰਹ ਮੋੜ ਲਿਆ। ਸਖੀ ਸੈਂਟਰ ਵੱਲੋਂ ਸਿੱਧਾ ਉਸ ਦੇ ਪਤੀ ਤੇ ਸੁਪਰਵਾਇਜ਼ਰ ਨੂੰ ਫੋਨ ਕੀਤਾ ਗਿਆ ਜਿਨ੍ਹਾਂ ਨੇ ਉਸ ਨੂੰ ਬੁਲਾ ਕੇ ਉਸ ਨੂੰ ਖੂਬ ਡਾਂਟਿਆ ਤੇ ਨੌਕਰੀ ਤੋਂ ਕੱਢਣ ਦੀ ਧਮਕੀ ਵੀ ਦਿੱਤੀ। ਇਸ ਤੋਂ ਪਹਿਲਾਂ ਕਮਲ ਦੀ ਸਾਰੀ ਤਨਖ਼ਾਹ ਉਸ ਦਾ ਪਤੀ ਤੇ ਸੱਸ ਲੈ ਲੈਂਦੇ ਸੀ ਤੇ ਹੁਣ ਕਮਲ ਕੋਲ ਉਸ ਦੀ ਤਨਖ਼ਾਹ ਰਹਿੰਦੀ ਹੈ। ਇਸ ਤੋਂ ਇਲਾਵਾ ਪਤੀ ਉਸ ਨੂੰ 5 ਹਜ਼ਾਰ ਅਪਣੇ ਵੱਲੋਂ ਦਿੰਦਾ ਹੈ। ਕਮਲ ਦੇ ਕੇਸ ਦੀ ਫਾਇਲ ਨੂੰ ਬੰਦ ਨਹੀਂ ਕੀਤਾ ਗਿਆ ਤੇ ਨਾ ਹੀ ਕੀਤਾ ਜਾਵੇਗਾ, ਜਦ ਤੱਕ ਸਭ ਨੂੰ ਉਸ ਦੇ ਸੁਧਰਨ ਦਾ ਵਿਸ਼ਵਾਸ ਨਹੀਂ ਹੋ ਜਾਂਦਾ। ਸਖੀ ਕੇਂਦਰ ਵੱਲੋਂ ਇਸ ਛੋਟੇ ਜਿਹੇ ਕਦਮ ਨੇ ਕਮਲ ਦੀ ਜ਼ਿੰਦਗੀ ਵਿਚ ਸ਼ਾਂਤੀ ਤੇ ਸੁੱਖ ਭਰ ਦਿੱਤਾ।
- ਨਿਮਰਤ ਕੌਰ (ਮੈਨੇਜਿੰਗ ਐਡੀਟਰ,ਰੋਜ਼ਾਨਾ ਸਪੋਕਸਮੈਨ