
ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਕਿ ਕੈਪਟਨ ਨੇ ਸੋਨੀਆ ਗਾਂਧੀ ਨੂੰ 7 ਪੰਨਿਆਂ ਦਾ ਅਸਤੀਫਾ ਭੇਜ ਕੇ ਹਮਦਰਦੀ ਲੈਣ ਦੀ ਕੋਸ਼ਿਸ਼ ਕੀਤੀ ਹੈ
ਚੰਡੀਗੜ੍ਹ (ਹਰਦੀਪ ਸਿੰਘ ਭੋਗਲ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਨੂੰ ਅਲਵਿਦਾ ਆਖ ਕੇ ਅਪਣੀ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸੀਟਾਂ ਦੇ ਸਮਝੌਤੇ ਲਈ ਭਾਜਪਾ ਅਤੇ ਅਕਾਲੀ ਦਲ ਤੋਂ ਵੱਖ ਹੋਏ ਧੜਿਆਂ ਨਾਲ ਗੱਲ ਕਰਨ ਬਾਰੇ ਵੀ ਜ਼ਿਕਰ ਕੀਤਾ ਹੈ। ਕੈਪਟਨ ਵਲੋਂ ਸੋਨੀਆ ਗਾਂਧੀ ਨੂੰ ਭੇਜੇ ਗਏ ਅਸਤੀਫੇ ਵਿਚ ਉਹਨਾਂ ਨੇ ਕਈ ਅਹਿਮ ਖੁਲਾਸੇ ਕੀਤੇ। ਇਸ ਸਬੰਧੀ ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਕਿ ਕੈਪਟਨ ਨੇ ਸੋਨੀਆ ਗਾਂਧੀ ਨੂੰ 7 ਪੰਨਿਆਂ ਦਾ ਅਸਤੀਫਾ ਭੇਜ ਕੇ ਹਮਦਰਦੀ ਲੈਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹਨਾਂ ਨੇ ਇਸ ਦੇ ਜ਼ਰੀਏ ਅਪਣੇ ਆਪ ਨੂੰ ਮਹਾਨ ਦਿਖਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਕਿਹਾ ਕਿ ਅਸਤੀਫੇ ਨਾਲ ਉਹ ਸੋਨੀਆ ਗਾਂਧੀ ਨੂੰ ਇਮੋਸ਼ਨਲ ਬਲੈਕਮੇਲ ਕਰਨਾ ਚਾਹੁੰਦੇ ਸਨ।
Prof. Manjit Singh
ਮਨਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਨੇ ਕੈਪਟਨ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਬਹੁਤ ਕੁੱਝ ਦਿੱਤਾ ਹੈ ਪਰ ਹੁਣ ਕਾਂਗਰਸ ਨਵੇਂ ਲੋਕਾਂ ਨੂੰ ਮੌਕਾ ਦੇਣਾ ਚਾਹੁੰਦੀ ਹੈ ਤਾਂ ਕੈਪਟਨ ਨੂੰ ਇਹ ਗੱਲ ਸਵੀਕਾਰ ਕਰਨੀ ਚਾਹੀਦੀ ਸੀ। ਪਰ ਉਹ ਕੁਰਸੀ ਛੱਡਣਾ ਨਹੀਂ ਸੀ ਚਾਹੁੰਦੇ, ਉਹ ਸੋਚਦੇ ਸਨ ਕਿ ਉਹਨਾਂ ਤੋਂ ਮਹਾਨ ਕੋਈ ਹੋ ਹੀ ਨਹੀਂ ਸਕਦਾ। ਉਹਨਾਂ ਕਿਹਾ ਕਿ ਜੇਕਰ ਕੈਪਟਨ ਨੇ 1984 ਵਿਚ ਕਾਂਗਰਸ ਤੋਂ ਅਸਤੀਫਾ ਦਿੱਤਾ ਸੀ ਤਾਂ ਵਾਪਸ ਕਿਉਂ ਲਿਆ? ਉਹਨਾਂ ਕਿਹਾ ਜੇਕਰ 2017 ਵਿਚ ਕਾਂਗਰਸ ਨੂੰ ਕੈਪਟਨ ਨੇ ਜਿਤਾਇਆ ਸੀ ਤਾਂ ਇਹ ਵੀ ਯਾਦ ਰੱਖਣ ਕਿ 2012 ਵਿਚ ਕਾਂਗਰਸ ਉਹਨਾਂ ਕਰਕੇ ਹਾਰੀ ਸੀ।
Captain Amarinder Singh
ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਸੱਤਾਧਾਰੀ ਲੋਕਾਂ ਦੀ ਵਿਆਕਰਨ ਆਮ ਲੋਕਾਂ ਨਾਲੋਂ ਬਿਲਕੁਲ ਵੱਖਰੀ ਹੁੰਦੀ ਹੈ। ਸਿਆਸੀ ਲੋਕ ਕਿਸੇ ਦੇ ਸਕੇ ਨਹੀਂ ਹੁੰਦੇ। ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਹੁਣ ਦੀ ਲੋੜ ਸੀ, ਉਦੋਂ ਪ੍ਰਤਾਪ ਬਾਜਵਾ ਇਹਨਾਂ ਦੇ ਵਿਰੁੱਧ ਸੀ ਪਰ ਹੁਣ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਦਿਖਾਈ ਦੇ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਬਾਰੇ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਉਹ ਦਾਅਵਾ ਕਰ ਰਹੇ ਹਨ ਕਿ ਕਈ ਕਾਂਗਰਸੀ ਆਗੂ ਅਤੇ ਵਿਧਾਇਕ ਉਹਨਾਂ ਦੇ ਸੰਪਰਕ ਵਿਚ ਹਨ ਜੇਕਰ ਅਜਿਹਾ ਹੈ ਤਾਂ ਉਹ ਪ੍ਰੈੱਸ ਕਾਨਫਰੰਸ ਦੌਰਾਨ ਇਕੱਲੇ ਕਿਉਂ ਬੈਠੇ ਸਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਕ ਹਾਰੇ ਹੋਏ ਅਤੇ ਨਕਾਰੇ ਹੋਏ ਸਿਆਸਤਦਾਨ ਦਾ ਇਕ ਚਿੰਨ੍ਹ ਸਨ। ਉਹਨਾਂ ਕਿਹਾ ਕਿ ਕੈਪਟਨ ਦੀ ਹਵਾ ਨਿਕਲ ਚੁੱਕੀ ਹੈ ਤੇ ਹੁਣ ਹਵਾ ਭਰਨ ਵਾਲਾ ਵੀ ਕੋਈ ਨਹੀਂ ਹੈ।
Prof. Manjit Singh
ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਕਿ ਹੁਣ ਅਪਣੀ ਵਾਪਸੀ ਲਈ ਕੈਪਟਨ ਅਮਰਿੰਦਰ ਸਿੰਘ, ਅਮਿਤ ਸ਼ਾਹ ਅਤੇ ਕੌਮੀ ਸੁਰੱਖਿਆ ਸਲਾਹਕਾਰ ਕੋਲ ਗਏ ਸਨ। ਹੁਣ ਕੈਪਟਨ ਉਹਨਾਂ ਤੋਂ ਆਸ਼ੀਰਵਾਦ ਲੈ ਕੇ ਨਵੀਂ ਪਾਰਟੀ ਬਣਾਉਣ ਜਾ ਰਹੇ ਹਨ ਪਰ ਪੰਜਾਬ ਦੇ ਲੋਕ ਬੇਵਕੂਫ ਨਹੀਂ। ਉਹਨਾਂ ਕਿਹਾ ਕਿ ਕੈਪਟਨ ਇਕ ਪਾਰਟੀ ਵਜੋਂ ਨਹੀਂ ਸਗੋਂ ਹੁਣ ਪੰਜਾਬ 'ਚ ਆਰਐਸਐਸ ਦੇ ਪ੍ਰਚਾਰਕ ਵਜੋਂ ਕੰਮ ਕਰਨਗੇ। ਉਹਨਾਂ ਕਿਹਾ ਕਿ ਕੈਪਟਨ 117 ਸੀਟਾਂ ’ਤੇ ਚੋਣ ਲੜਨ ਦਾ ਦਾਅਵਾ ਕਰ ਰਹੇ ਹਨ ਪਰ ਅਸਲ ਵਿਚ 17 ਬੰਦੇ ਵੀ ਉਹਨਾਂ ਦੇ ਨਾਲ ਨਹੀਂ ਹਨ। ਉਹਨਾ ਕਿਹਾ ਕਿ ਕੈਪਟਨ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਵਿਚ ਕਿਹਾ ਸੂਬੇ ਵਿਚ ਰੇਤ ਤੇ ਮਾਈਨਿੰਗ ਮਾਫੀਆ ਲਈ ਕੁਝ ਵਿਧਾਇਕ ਤੇ ਮੰਤਰੀ ਵੀ ਜ਼ਿੰਮੇਵਾਰ ਹਨ ਪਰ ਉਹਨਾਂ ਨੇ ਇਹ ਗੱਲ ਪਹਿਲਾਂ ਕਿਉਂ ਨਹੀਂ ਕਹੀ।
Navjot Sidhu and Charanjit Channi
ਉਹਨਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਲੋਕਾਂ ਵਿਚ ਉਮੀਦ, ਖੁਸ਼ੀ ਅਤੇ ਹਿੰਮਤ ਜਾਗੀ ਹੈ, ਜੇਕਰ ਚੰਨੀ ਦੀ ਜਗ੍ਹਾ ਕੋਈ ਹੋਰ ਆਮ ਵਿਅਕਤੀ ਵੀ ਹੁੰਦਾ ਤਾਂ ਵੀ ਲੋਕਾਂ ਨੂੰ ਇੰਨੀ ਹੀ ਖੁਸ਼ੀ ਹੋਣੀ ਸੀ। ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਨਵਜੋਤ ਸਿੱਧੂ ਨੂੰ ਇਸ ਗੱਲ ਦੀ ਸਮਝ ਨਹੀਂ ਹੈ। ਸਮਾਜਿਤ ਤੌਰ ’ਤੇ ਹੋਏ ਵੱਡੇ ਰਾਜ ਪਲਟ ਦੀ ਖੁਸ਼ੀ ਦੀ ਬਜਾਏ ਉਹ ਮੁੱਦਿਆਂ ਦੀ ਗੱਲ ਕਰ ਰਹੇ ਹਨ ਕਿ ਮੁੱਦੇ ਹੱਲ ਨਹੀਂ ਹੋਏ। ਜਿਹੜੇ ਮੁੱਦੇ ਸਾਢੇ 4 ਸਾਲ ਵਿਚ ਹੱਲ਼ ਨਹੀਂ ਹੋਏ, ਉਹ 100 ਦਿਨਾਂ ਵਿਚ ਪੂਰੇ ਹੋਣੇ ਮੁਸ਼ਕਿਲ ਹੈ। ਉਹਨਾਂ ਕਿਹਾ ਕਿ ਇਸ ਵੇਲੇ ਸਮਾਜ ਦਾ ਸਭ ਤੋਂ ਵੱਡਾ ਮੁੱਦਾ ਇਹ ਹੈ ਕਿ 30-32% ਲੋਕਾਂ ਨੂੰ ਇਕ ਪਾਸੇ ਰੱਖਿਆ ਹੋਇਆ ਹੈ, ਉਹਨਾਂ ਨੂੰ ਸਸ਼ਕਤ ਕਰਨਾ ਹੈ। ਸਿੱਧੂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਛੋਟਾ ਮੁੱਦਾ ਨਹੀਂ ਹੈ। ਪੰਜਾਬ ਸਰਕਾਰ ਵਲੋਂ ਬਿਜਲੀ ਸਸਤੀ ਕਰਨ ਬਾਰੇ ਉਹਨਾਂ ਕਿਹਾ ਕਿ ਲੋਕਾਂ ਨੂੰ ਮੰਗਤੇ ਬਣਾਉਣ ਦਾ ਕੰਮ ਛੱਡ ਦਿਓ।