
ਸਿਆਸੀ ਫਾਇਦੇ ਲਈ ਗਲਤ ਜਾਣਕਾਰੀ ਦੇ ਰਿਹਾ ਹੈ ਸਿੱਧੂ- APS ਦਿਓਲ
ਚੰਡੀਗੜ੍ਹ : ਪੰਜਾਬ ਦੇ ਏ. ਜੀ. (ਐਡਵੋਕੇਟ ਜਨਰਲ) ਦਿਓਲ ਨੇ ਨਵਜੋਤ ਸਿੱਧੂ ’ਤੇ ਅੱਜ ਵੱਡਾ ਬਿਆਨ ਦਿੱਤਾ ਹੈ। ਏ. ਜੀ. ਦਿਓਲ ਨੇ ਅਪਣੇ ਬਿਆਨ ਵਿਚ ਕਿਹਾ ਕਿ ਨਵਜੋਤ ਸਿੱਧੂ ਸਰਕਾਰ ਅਤੇ ਏ.ਜੀ. ਦੇ ਕੰਮ ਵਿਚ ਅੜਿੱਕੇ ਡਾਹ ਰਿਹਾ ਹੈ। ਸਿੱਧੂ ਸਿਆਸੀ ਫਾਇਦੇ ਲਈ ਗਲਤ ਜਾਣਕਾਰੀ ਦੇ ਰਿਹਾ ਹੈ ਅਤੇ ਨਸ਼ੇ ਅਤੇ ਬੇਅਦਬੀ ਮਾਮਲਿਆਂ ਦੇ ਇਨਸਾਫ਼ ਵਿੱਚ ਅੜਿੱਕਾ ਬਣ ਰਿਹਾ ਹੈ। ਸਿੱਧੂ ਅਪਣੀਆਂ ਗੱਲਾਂ ਨਾਲ ਸਰਕਾਰ ਦੀ ਮਿਹਨਤ 'ਤੇ ਪਾਣੀ ਫੇਰ ਰਿਹਾ ਹੈ।
ਦਰਅਸਲ ਜਦੋਂ ਤੋਂ ਏ. ਪੀ.ਐੱਸ. ਦਿਓਲ ਨੂੰ ਏ. ਜੀ. ਦੇ ਅਹੁਦੇ ’ਤੇ ਤਾਇਨਾਤ ਕੀਤਾ ਗਿਆ ਹੈ, ਉਸੇ ਦਿਨ ਤੋਂ ਨਵਜੋਤ ਸਿੱਧੂ ਨੇ ਉਹਨਾਂ ਦੇ ਖਿਲਾਫ਼ ਮੋਰਚਾ ਖੋਲ੍ਹਿਆ ਹੋਿਆ ਹੈ। ਸਿੱਧੂ ਦਾ ਕਹਿਣਾ ਹੈ ਦਿਓਲ ਉਹੀ ਵਕੀਲ ਹਨ, ਜਿਨ੍ਹਾਂ ਨੇ ਸੁਮੇਧ ਸਿੰਘ ਸੈਣੀ ਨੂੰ ਜ਼ਮਾਨਤ ਦਿਵਾਈ ਸੀ। ਫਿਰ ਦਿਓਲ ਨੂੰ ਏ. ਜੀ. ਦੇ ਅਹੁਦੇ ’ਤੇ ਤਾਇਨਾਤ ਕਿਵੇਂ ਕੀਤਾ ਜਾ ਸਕਦਾ ਹੈ।
APS Deol
ਦੱਸ ਦਈਏ ਕਿ ਬੀਤੇ ਦਿਨ ਵੀ ਚੰਡੀਗੜ੍ਹ ’ਚ ਪ੍ਰੈੱਸ ਕਾਨਫਰੰਸ ਕਰ ਕੇ ਨਵਜੋਤ ਸਿੱਧੂ ਨੇ ਪੰਜਾਬ ਪੁਲਿਸ ਪ੍ਰਮੁੱਖ ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਨੂੰ ਲੈ ਕੇ ਅਪਣੀ ਹੀ ਸਰਕਾਰ ’ਤੇ ਸਿੱਧਾ ਨਿਸ਼ਾਨਾ ਸਾਧਿਆ ਸੀ ਤੇ ਕਈ ਸਵਾਲ ਕੀਤੇ ਸਨ। ਇਸ ਮੌਕੇ ਸਿੱਧੂ ਨੇ ਇਹ ਤੱਕ ਆਖ ਦਿੱਤਾ ਕਿ ਉਨ੍ਹਾਂ ਪ੍ਰਧਾਨਗੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਵਾਪਸ ਲੈ ਲਿਆ ਹੈ ਪਰ ਉਹ ਕਾਰਜਭਾਰ ਉਦੋਂ ਹੀ ਸੰਭਾਲਣਗੇ ਜਦੋਂ ਏ. ਜੀ. ਬਦਲਿਆ ਜਾਵੇਗਾ।