
ਸੁਪਰ ਮਿਲਕ ਅਦਾਰੇ ਨੇ ਢਾਈ ਹਜ਼ਾਰ ਮੁਲਾਜ਼ਮਾਂ ਨੂੰ ਮਿੱਟੀ ਦੇ ਦੀਵੇ ਵੰਡ ਕੇ ਮਨਾਈ ਦੀਵਾਲੀ
ਖੰਨਾ, 5 ਨਵੰਬਰ (ਧਰਮਿੰਦਰ ਸਿੰਘ) : ਖੰਨਾ ਵਿਖੇ ਪਿਛਲੇ ਕਈ ਸਾਲਾਂ ਤੋਂ ਚਾਣਕਿਯਾ ਡੇਅਰੀ ਪ੍ਰਾਈਵੇਟ ਲਿਮਿਟੇਡ ਤੇ ਸੁਪਰ ਮਿਲਕ ਅਦਾਰੇ ਵੱਲੋਂ ਮੈਨੇਜਿੰਗ ਡਾਇਰੈਕਟਰ ਵਿਨੋਦ ਦੱਤ, ਡਾਇਰੈਕਟਰ ਚਾਣਕਿਯਾ ਦੱਤ, ਵਿਧੁਰ ਦੱਤ, ਵਿਨੀ ਦੱਤ ਤੇ ਰੂਬੀ ਦੱਤ ਦੀ ਅਗਵਾਈ ਹੇਠ ਚੀਨ ਦੇ ਮਾਲ ਦਾ ਬਾਈਕਾਟ ਕਰਦੇ ਹੋਏ ਅਪਣੇ ਢਾਈ ਹਜ਼ਾਰ ਦੇ ਕਰੀਬ ਮੁਲਾਜ਼ਮਾਂ ਨੂੰ ਮਿੱਟੀ ਦੇ ਦੀਵੇ ਵੰਡ ਕੇ ਦੀਵਾਲੀ ਮਨਾਈ ਜਾਂਦੀ ਹੈ। ਇਸ ਵਾਰ ਫਿਰ ਕੰਪਨੀ ਦੇ ਸੀਨੀਅਰ ਅਧਿਕਾਰੀ ਰਜਨੀਸ਼ ਵਿੱਜ ਦੀ ਅਗਵਾਈ ਹੇਠ ਕੰਪਨੀ ਦੇ ਕਰਮਚਾਰੀਆਂ ਦੇ ਨਾਲ ਨਾਲ ਹਜ਼ਾਰਾਂ ਲੋਕਾਂ ਨੂੰ ਮਿੱਟੀ ਦੇ ਦੀਵੇ ਦੇ ਨਾਲ ਨਾਲ ਜੋਤਾਂ ਵੰਡਦੇ ਹੋਏ ਇਕ ਸ਼ਾਨਦਾਰ ਸੰਦੇਸ਼ ਦਿਤਾ ਗਿਆ।
ਅਪਣੇ ਸੰਬੋਧਨ ’ਚ ਮੈਨੇਜਿੰਗ ਡਾਇਰੈਕਟਰ ਵਿਨੋਦ ਦੱਤ ਨੇ ਕਿਹਾ ਕਿ ਤਿਉਹਾਰੀ ਸੀਜ਼ਨ ’ਚ ਬਾਜ਼ਾਰਾਂ ਵਿਚ ਵਿਦੇਸ਼ੀ ਮਾਲ ਦੀ ਇੰਨੀ ਧਮਕ ਰਹਿੰਦੀ ਹੈ ਕਿ ਅਜੋਕੇ ਸਮੇਂ ਅੰਦਰ ਦੀਵਾਲੀ ਮੌਕੇ ਮਿੱਟੀ ਦੇ ਦੀਵੇ ਜਗਾਉਣ ਦਾ ਪੁਰਾਤਨ ਰਿਵਾਜ਼ ਵੀ ਖ਼ਤਮ ਹੁੰਦਾ ਜਾ ਰਿਹਾ ਹੈ। ਪ੍ਰੰਤੂ ਹਾਲੇ ਵੀ ਜਿਥੇ ਅਨੇਕ ਲੋਕ ਅਪਣੇ ਸਭਿਆਚਾਰ ਨਾਲ ਜੁੜੇ ਹੋਏ ਹਨ, ਉੱਥੇ ਕੁੱਝ ਉਦਯੋਗਿਕ ਅਦਾਰੇ ਵੀ ਹਨ ਜੋ ਵਿਦੇਸ਼ੀ ਮਾਲ ਦਾ ਬਾਈਕਾਟ ਕਰ ਕੇ ਦੀਵਾਲੀ ਮੌਕੇ ਮਿੱਟੀ ਦੇ ਦੀਵੇ ਜਗਾਉਣ ਦੀ ਪ੍ਰੇਰਣਾ ਦਿੰਦੇ ਹਨ। ਇਸੇ ਤਰ੍ਹਾਂ ਉਨ੍ਹਾਂ ਦੇ ਅਦਾਰੇ ਅੰਦਰ ਮਿੱਟੀ ਦੇ ਦੀਵੇ ਵੰਡ ਕੇ ਚੀਨੀ ਮਾਲ ਦਾ ਬਾਈਕਾਟ ਕਰਨ ਦਾ ਸੰਦੇਸ਼ ਦਿਤਾ ਜਾਂਦਾ ਹੈ। ਉਨ੍ਹਾਂ ਨੇ ਖੁਦ ਵੀ ਮਿੱਟੀ ਦੇ ਦੀਵੇ ਬਾਲ ਕੇ ਦੀਵਾਲੀ ਮਨਾਈ।
ਕੰਪਨੀ ਦੇ ਸੀਨੀਅਰ ਅਧਿਕਾਰੀ ਰਜਨੀਸ਼ ਦੱਤ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਪਿਛਲੇ ਕੁੱਝ ਸਾਲਾਂ ਤੋਂ ਦੀਵਾਲੀ ਮੌਕੇ ਚੀਨ ਦੇ ਸਮਾਨ ਦੀ ਵਿਕਰੀ ਦਾ ਗ੍ਰਾਫ਼ ਦਿਨ-ਪ੍ਰਤੀਦਿਨ ਘਟਦਾ ਜਾ ਰਿਹਾ ਹੈ ਜੋਕਿ ਸਾਡੇ ਲਈ ਮਾਣ ਦੀ
ਗੱਲ ਹੈ।
-ਫੋਟੋ ਕੈਪਸ਼ਨ ਖੰਨਾ ਦੇ ਸੁਪਕ ਮਿਲਕ ਪਲਾਂਟ ’ਚ ਕੰਪਨੀ ਦੇ ਅਧਿਕਾਰੀ ਰਜਨੀਸ਼ ਵਿੱਜ ਕਰਮਚਾਰੀਆਂ ਨੂੰ ਮੁਫਤ ਮਿੱਟੀ ਦੇ ਦੀਵੇ ਦਿੰਦੇ ਹੋਏ।