
ਸਸਕਾਰ ਤੋਂ ਪਹਿਲਾਂ ਸੁਧੀਰ ਸੂਰੀ ਦੀ ਅੰਤਿਮ ਯਾਤਰਾ ਘਰ ਤੋਂ ਸ਼ੁਰੂ ਹੋ ਕੇ ਉਨ੍ਹਾਂ ਦੇ ਦਫ਼ਤਰ ਸਾਈਨ ਟ੍ਰੈਵਲ ਤੋਂ ਹੁੰਦੀ ਹੋਈ ਦੁਰਗਿਆਣਾ ਮੰਦਿਰ ਸ਼ਿਵਪੁਰੀ ਪਹੁੰਚੀ।
ਅੰਮ੍ਰਿਤਸਰ - ਕੱਲ੍ਹ ਅੰਮ੍ਰਿਤਸਰ ਵਿਖੇ ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਅੰਤਿਮ ਸਸਕਾਰ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਭਾਜਪਾ ਦੀ ਸਾਬਕਾ ਮੰਤਰੀ ਲਕਸ਼ਮੀ ਕਾਂਤ ਚਾਵਲਾ ਸਮੇਤ ਕਈ ਮਹਾਨ ਸ਼ਖ਼ਸੀਅਤਾਂ ਪਹੁੰਚੀਆਂ। ਸਸਕਾਰ ਤੋਂ ਪਹਿਲਾਂ ਸੁਧੀਰ ਸੂਰੀ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਘਰ ਤੋਂ ਸ਼ੁਰੂ ਹੋ ਕੇ ਉਨ੍ਹਾਂ ਦੇ ਦਫ਼ਤਰ ਸਾਈਨ ਟ੍ਰੈਵਲ ਤੋਂ ਹੁੰਦੀ ਹੋਈ ਦੁਰਗਿਆਣਾ ਮੰਦਿਰ ਸ਼ਿਵਪੁਰੀ ’ਚ ਪਹੁੰਚੀ।
ਘਰ ਵਿਚ ਅੰਤਿਮ ਰਸਮਾਂ ਨਿਭਾਉਣ ਤੋਂ ਬਾਅਦ ਸੁਧੀਰ ਸੂਰੀ ਦੀ ਮ੍ਰਿਤਕ ਦੇਹ ਨੂੰ ਆਖਰੀ ਵਾਰ ਘਰ ਨੇੜੇ ਉਨ੍ਹਾਂ ਵੱਲੋਂ ਬਣਵਾਏ ਗਏ ਸਾਈਂ ਬਾਬਾ ਦੇ ਮੰਦਿਰ ’ਚ ਲਿਜਾਇਆ ਗਿਆ ਸੀ, ਫਿਰ ਇਥੋਂ ਅੰਤਿਮ ਯਾਤਰਾ ਦੁਰਗਿਆਣਾ ਮੰਦਿਰ ਸ਼ਿਵਪੁਰੀ ’ਚ ਸਥਿਤ ਸ਼ਮਸ਼ਾਨਘਾਟ ਪਹੁੰਚੀ, ਜਿੱਥੇ ਨਮ ਅੱਖਾਂ ਨਾਲ ਸੁਧੀਰ ਸੂਰੀ ਨੂੰ ਅੰਤਿਮ ਵਿਦਾਈ ਦਿੱਤੀ ਗਈ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਸੀ।
ਜ਼ਿਕਰਯੋਗ ਹੈ ਕਿ ਅੰਤਿਮ ਯਾਤਰਾ ’ਚ ਸ਼ਾਮਲ ਹੋਣ ਵਾਲੇ ਨੇਤਾਵਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਸੀ। ਇਸ ’ਤੇ ਸੂਰੀ ਦਾ ਪਰਿਵਾਰ ਭੜਕ ਗਿਆ ਸੀ ਅਤੇ ਅੰਤਿਮ ਸਸਕਾਰ ਕਰਨ ਤੋਂ ਫਿਰ ਇਨਕਾਰ ਕਰ ਦਿੱਤਾ ਸੀ। ਪਰਿਵਾਰ ਦਾ ਐਲਾਨ ਸੀ ਕਿ ਜਦੋਂ ਤੱਕ ਨਜ਼ਰਬੰਦ ਕੀਤੇ ਗਏ ਆਗੂਆਂ ਨੂੰ ਪੁਲਿਸ ਨਹੀਂ ਛੱਡਦੀ, ਉਦੋਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ। ਇਸ ਤੋਂ ਬਾਅਦ ਪੁਲਿਸ ਨੇ ਆਗੂਆਂ ਨੂੰ ਛੱਡ ਦਿੱਤਾ ਜਿਸ ਤੋਂ ਬਾਅਦ ਫਿਰ ਸਸਕਾਰ ਕਰਨ ਲਈ ਪਰਿਵਾਰ ਤਿਆਰ ਹੋ ਗਿਆ ਸੀ ਤੇ ਹੁਣ ਸੁਧੀਰ ਸੂਰੀ ਦਾ ਸਸਕਾਰ ਹੋ ਗਿਆ।