
ਅੰਦੋਲਨ ਦੇ ਸ਼ਹੀਦ ਕਿਸਾਨ ਗੱਜਣ ਸਿੰਘ ਦੇ ਪਰਵਾਰ ਲਈ 'ਆਪ' ਕਿਸਾਨ ਵਿੰਗ ਵਲੋਂ 2 ਲੱਖ ਰੁਪਏ ਦਾ ਐਲਾਨ
ਚੰਡੀਗੜ੍ਹ, 5 ਦਸੰਬਰ (ਸੁਰਜੀਤ ਸਿੰਘ ਸੱਤੀ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਿਸਾਨ ਵਿੰਗ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਖੱਟੜਾਂ (ਸਮਰਾਲਾ) ਦੇ ਕਿਸਾਨ ਗੱਜਣ ਸਿੰਘ ਦੇ ਪਰਵਾਰ ਲਈ 2 ਲੱਖ ਰੁਪਏ ਦੀ ਮਦਦ ਦਾ ਐਲਾਨ ਕੀਤਾ ਹੈ। ਪਾਰਟੀ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਠੰਢ ਅਤੇ ਹਾਦਸਿਆਂ ਦੌਰਾਨ ਕਿਸਾਨਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ, ਪ੍ਰੰਤੂ ਮੋਦੀ ਸਰਕਾਰ ਅਪਣੀ ਜ਼ਿੱਦ ਛੱਡਣ ਲਈ ਤਿਆਰ ਨਹੀਂ। ਸੰਧਵਾਂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਸਰਕਾਰਾਂ ਤੋਂ ਮੰਗ ਕੀਤੀ ਕਿ ਜੇਕਰ ਅੰਦੋਲਨ ਦੌਰਾਨ ਕੋਈ ਵੀ ਅੰਦੋਲਨਕਾਰੀ ਕਿਸਾਨ ਸ਼ਹੀਦੀ ਪਾਉਂਦਾ ਹੈ ਤਾਂ ਅਜਿਹੇ ਹਰ ਸ਼ਹੀਦ ਕਿਸਾਨ ਦੇ ਪਰਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਸੰਪੂਰਨ ਕਰਜ਼ਾ ਮੁਆਫ਼ੀ ਅਤੇ ਢੁੱਕਵਾਂ ਮੁਆਵਜ਼ਾ ਐਲਾਨਿਆ ਜਾਵੇ।
ਸੰਧਵਾਂ ਨੇ ਦਸਿਆ ਕਿ ਪਾਰਟੀ ਦੇ ਕਿਸਾਨ ਵਿੰਗ ਨੇ ਗੱਜਣ ਸਿੰਘ ਦੇ ਪਰਵਾਰ ਦੀ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਪ੍ਰਬੰਧ ਕੀਤਾ ਹੈ। ਸੰਧਵਾਂ ਨੇ ਦਸਿਆ ਕਿ ਆਮ ਆਦਮੀ ਪਾਰਟੀ ਅਤੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਕਿਸਾਨਾਂ ਦੇ ਇਸ ਅੰਦੋਲਨ 'ਚ ਸੇਵਾਦਾਰਾਂ ਵਜੋਂ ਕੰਮ ਕਰ ਰਹੀ ਹੈ। ਇਸ ਤਹਿਤ ਪਾਰਟੀ ਵਲੋਂ ਪਹਿਲ ਕਰਦਿਆਂ ਬੀਤੇ ਦਿਨੀਂ ਹਾਦਸੇ ਦਾ ਸ਼ਿਕਾਰ ਹੋਏ ਅੰਦੋਲਨਕਾਰੀ ਮਕੈਨਿਕ ਦੇ ਪਰਵਾਰ ਲਈ 10 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਜੁਟਾਈ ਸੀ।