
ਬਰਤਾਨੀਆ ਦੀ ਸਿੱਖ ਐਮ.ਪੀ ਪ੍ਰੀਤ ਕੌਰ ਗਿੱਲ ਦਾ ਸਰਵੋਤਮ ਐਵਾਰਡ ਨਾਲ ਸਨਮਾਨ
ਨਵੀਂ ਦਿੱਲੀ, 5 ਦਸੰਬਰ (ਸੁਖਰਾਜ ਸਿੰਘ): ਬਰਤਾਨੀਆ ਦੀ ਸਿੱਖ ਐਮ.ਪੀ ਪ੍ਰੀਤ ਕੌਰ ਗਿੱਲ ਨੂੰ ਯੂ.ਕੇ ਦੇ ਪਾਰਲੀਮੈਂਟ ਮੈਂਬਰਾਂ ਦੇ ਕੰਮਕਾਜ ਉਪਰ ਨਿਗਰਾਨੀ ਰੱਖਣ ਵਾਲੀ ਸੰਸਥਾ ਪੈਚ ਵਰਕ ਨੇ ਸਾਲ ਦੀ ਸਰਵੋਤਮ ਐਮ.ਪੀ ਦੇ ਐਵਾਰਡ ਨਾਲ ਸਨਮਾਨਿਆ ਗਿਆ ਹੈ। ਇਹ ਦੇਸ਼-ਵਿਦੇਸ਼ ਵਿਚ ਵਸਦੇ ਸਿੱਖਾਂ ਤੇ ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਹੈ।
ਇਸ ਸਬੰਧੀ ਪ੍ਰੀਤ ਕੌਰ ਗਿੱਲ ਨੇ ਸੋਸ਼ਲ ਮੀਡੀਆ ਉਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਇਸ ਸੰਸਥਾ ਵਲੋਂ ਮੇਰੇ ਕੀਤੇ ਗਏ ਕੰਮਾਂ ਨੂੰ ਦੇਖਦਿਆਂ ਮੈਨੂੰ ਇਹ ਐਵਾਰਡ ਦਿਤਾ ਜਾ ਰਿਹਾ ਹੈ, ਜੋ ਕਿ ਸਿੱਖਾਂ ਦੇ ਮਾਣ ਦੇ ਨਾਲ-ਨਾਲ ਮੇਰੇ ਲਈ ਵੀ ਬਹੁਤ ਖ਼ੁਸ਼ੀ ਦੀ ਗੱਲ ਹੈ। ਉਨ੍ਹਾਂ ਦਸਿਆ ਕਿ ਮੇਰੇ ਵਲੋਂ ਘੱਟ ਗਿਣਤੀਆਂ ਖ਼ਾਸ ਕਰ ਕੇ ਗ਼ਰੀਬ ਤਬਕੇ ਜਿਸ ਵਿਚ ਨੌਜਵਾਨਾਂ ਲਈ ਕੁੱਝ ਸਕੀਮਾਂ ਚਾਲੂ ਕੀਤੀਆਂ ਗਈਆਂ ਸਨ ਜਿਸ ਨਾਲ ਉਨ੍ਹਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਸਰਕਾਰ ਤਕ ਪਹੁੰਚ ਸਕਣ। ਇਸ ਸਕੀਮ ਦਾ ਬਹੁਤੇ ਲੋਕਾਂ ਨੂੰ ਭਰਵਾਂ ਲਾਭ ਪਹੁੰਚ ਰਿਹਾ ਹੈ। ਉਨ੍ਹਾਂ ਦਸਿਆ ਕਿ ਮੇਰੇ ਦਫ਼ਤਰ ਵਿਚ ਹਰ ਹਫ਼ਤੇ ਕੋਈ ਨਾ ਕੋਈ ਨੌਜਵਾਨ ਜ਼ਰੂਰ ਆਉਂਦਾ ਹੈ ਤੇ ਅਪਣੀ ਪ੍ਰੇਸ਼ਾਨੀ ਦਸਦਾ ਹੈ ਜਿਸ ਨੂੰ ਹੱਲ ਕਰਨ ਵਿਚ ਸਾਡੀ ਪੂਰੀ ਟੀਮ ਨੂੰ ਬਹੁਤ ਖ਼ੁਸ਼ੀ ਮਹਿਸੂਸ ਹੁੰਦੀ ਹੈ। ਪ੍ਰੀਤ ਕੌਰ ਗਿੱਲ ਨੂੰ ਸਰਵੋਤਮ ਐਵਾਰਡ ਮਿਲਣ 'ਤੇ ਸਿੱਖ ਜਥੇਬੰਦੀਆਂ, ਸਿੱਖ ਸੰਸਥਾਵਾਂ ਨੇ ਮੁਬਾਰਕਬਾਦ ਦਿਤੀ।