
ਚੀਨ ਨੇ ਚੰਨ 'ਤੇ ਲਹਿਰਾਇਆ ਝੰਡਾ
ਬੀਜਿੰਗ, 5 ਦੰਸਬਰ : ਅਮਰੀਕਾ ਦੇ ਬਾਅਦ ਚੀਨ ਚੰਨ 'ਤੇ ਅਪਣਾ ਝੰਡਾ ਲਹਿਰਾਉਣ ਵਾਲਾ ਦੁਨੀਆ ਦਾ ਦੂਜਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਇਹ ਵੱਡੀ ਉਪਲੱਬਧੀ ਹਾਸਲ ਕੀਤੀ ਸੀ। ਅਮਰੀਕਾ ਨੇ ਲਗਭਗ 50 ਸਾਲ ਪਹਿਲਾਂ ਚੰਨ 'ਤੇ ਅਪਣਾ ਝੰਡਾ ਲਹਿਰਾਇਆ ਸੀ। ਚੀਨੀ ਮੀਡੀਆ ਨੇ ਕਿਹਾ ਹੈ ਕਿ ਦੇਸ਼ ਦੇ ਏਅਰੋਸਪੇਸ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ। ਜਦੋਂ ਚੰਨ 'ਤੇ ਰਾਸ਼ਟਰੀ ਝੰਡੇ ਨੂੰ ਲਹਿਰਾਇਆ ਗਿਆ ਹੈ। ਚਾਇਨਾ ਨੈਸ਼ਨਲ ਸਪੇਸ ਐਡਮਿਨੀਸਟਰੇਸ਼ਨ ਨੇ ਚੰਨ 'ਤੇ ਲਹਿਰਾਏ ਗਏ ਅਪਣੇ ਝੰਡੇ ਦੀ ਤਸਵੀਰ ਸਾਂਝੀ ਕੀਤੀ ਹੈ, ਜੋ ਕਿ ਚਾਂਗ-5 ਪੁਲਾੜ ਯਾਨ ਤੋਂ ਲਈ ਗਈ ਹੈ। ਚਾਂਗ-5 ਚੰਨ 'ਤੇ ਸਫ਼ਲਤਾਪੂਰਵ ਉੱਤਰਨ ਵਾਲਾ ਤੀਜਾ ਚੀਨੀ ਪੁਲਾੜ ਯਾਨ ਹੈ ਅਤੇ ਉੱਥੋਂ ਉਤਰਣ ਵਾਲਾ ਪਹਿਲਾ। ਇਹ ਬੀਜਿੰਗ ਦੇ ਸਪੇਸ ਪ੍ਰੋਗਰਾਮ ਲਈ ਵੱਡੀ ਉਪਲੱਬਧੀ ਹੈ।
ਚੀਨ ਦੇ ਇਸ ਪੁਲਾੜ ਯਾਨ ਨਾਲ ਚੰਨ ਨਾਲ ਜੁੜੀਆਂ ਕਈ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ। ਖ਼ਾਸ ਕਰ ਕੇ ਉਸ ਦੀ ਮਿੱਟੀ ਅਤੇ ਚੱਟਾਨ ਦੇ ਨਮੂਨਿਆਂ ਨਾਲ ਚੰਨ ਦੀ ਉਤਪੱਤੀ, ਭੂ-ਗਰਭ ਵਿਕਾਸ ਅਤੇ ਜਵਾਲਾਮੁਖੀ ਨਾਲ ਜੁੜੀ ਜਾਣਕਾਰੀ ਸਾਹਮਣੇ ਆ ਸਕਦੀ ਹੈ। 16 ਦਸੰਬਰ ਨੂੰ ਪੁਲਾੜ ਯਾਨ ਦੇ ਇਨਰ ਮੰਗੋਲੀਆ ਦੀ ਧਰਤੀ 'ਤੇ ਉੱਤਰਨ ਦੀ ਉਮੀਦ ਹੈ। ਉੱਥੋਂ ਨਮੂਨਿਆਂ ਨੂੰ ਵਿਸ਼ਲੇਸ਼ਣ ਲਈ ਵਿਸ਼ੇਸ਼ ਪ੍ਰਯੋਗਸ਼ਾਲਾਵਾਂ ਵਿਚ ਪਹੁੰਚਾਇਆ ਜਾਵੇਗਾ।
(ਏਜੰਸੀ)