
ਹਰਿਆਣਾ ਦੇ ਸਿਹਤ ਮੰਤਰੀ ਵਿਜ ਕੋਰੋਨਾ ਵਾਇਰਸ ਨਾਲ ਪੀੜਤ
ਦੋ ਹਫ਼ਤੇ ਪਹਿਲਾਂ ਹੀ ਲਗਵਾਇਆ ਸੀ ਕੋਵਿਡ ਦਾ ਟੀਕਾ
ਚੰਡੀਗੜ੍ਹ, 5 ਦਸੰਬਰ : ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਉਨ੍ਹਾਂ ਨੇ ਪਿਛਲੇ ਮਹੀਨੇ ਪ੍ਰੀਖਣ ਵਜੋਂ ਕੋਰੋਨਾ ਵਾਇਰਸ ਵਿਰੁਧ ਵਿਕਸਿਤ ਕੀਤੇ ਜਾ ਰਹੇ ਦੇਸ਼ 'ਚ ਬਣੇ ਕੋਵੈਕਸੀਨ ਦਾ ਟੀਕਾ ਲਗਵਾਇਆ ਸੀ। ਵਿਜ ਨੇ ਕਿਹਾ ਕਿ ਦੂਜੀ ਖ਼ੁਰਾਕ ਲਗਾਉਣ ਦੇ ਬਾਅਦ ਐਂਟੀਬਾਡੀ ਬਣਨ ਲੱਗ ਜਾਂਦੀ ਹੈ ਅਤੇ ਦੂਜੀ ਖੁਰਾਕ ਪਹਿਲੀ ੁਖ਼ਰਾਕ ਦੇ 28 ਦਿਨਾਂ ਬਾਅਦ ਹੀ ਦਿਤੀ ਜਾਂਦੀ ਹੈ। ਵਿਚਕਾਰ ਦੀ ਇਸ ਮਿਆਦ 'ਚ ਕੋਰੋਨਾ ਤੋਂ ਬਚਾਅ ਨਹੀਂ ਹੋ ਪਾਉਂਦਾ ਹੈ। ਹਰਿਆਣਾ ਦੇ 67 ਸਾਲਾ ਮੰਤਰੀ ਨੂੰ 20 ਨਵੰਬਰ ਨੂੰ ਪਹਿਲੀ ਖ਼ੁਰਾਕ ਦਿਤੀ ਗਈ ਸੀ। ਵਿਜ ਹਰਿਆਣਾ ਦੇ ਗ੍ਰਹਿ ਮੰਤਰੀ ਵੀ ਹਨ। ਵਿਜ ਨੇ ਟਵੀਟ ਕਰ ਕੇ ਸਨਿਚਰਵਾਰ ਨੂੰ ਪੀੜਤ ਹੋਣ ਦੀ ਜਾਣਾਰਕੀ ਦਿਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਅਪੀਲ ਕੀਤੀ ਹਾਲ 'ਚ ਉਨ੍ਹਾਂ ਦੇ ਸੰਪਰਕ 'ਚ ਆਏ ਲੋਕ ਅਪਣੀ ਜਾਂਚ ਕਰਾ ਲੈਣ। ਉਨ੍ਹਾਂ ਟਵੀਟ ਕੀਤਾ, ''ਮੈਂ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਹਾਂ ਅਤੇ ਅੰਬਾਲਾ ਕੈਂਟ ਦੇ ਸਿਵਿਲ ਹਸਪਤਾਲ 'ਚ ਦਾਖ਼ਲ ਹਾਂ। ਮੇਰੇ ਸੰਪਰਕ 'ਚ ਆਏ ਲੋਕਾਂ ਨੂੰ ਜਾਂਚ ਕਰਾਉਣ ਦੀ ਸਲਾਹ ਦਿਤੀ ਜਾਂਦੀ ਹੈ। (ਪੀਟੀਆਈ)