
ਕਿਸਾਨ ਅੰਦੋਲਨ ਦਾ ਅੱਜ 11ਵਾਂ ਦਿਨ
ਚੰਡੀਗੜ੍ਹ - ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਇਸ ਅੰਦੋਲਨ 'ਚ ਬੱਚੇ, ਬਜ਼ੁਰਗ ਅਤੇ ਬੀਬੀਆਂ ਵੀ ਵਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਉਨ੍ਹਾਂ ਨੂੰ ਠੰਡ ਵੀ ਦੀ ਪਰਵਾਹ ਨਹੀਂ ਹੈ। ਕਿਸਾਨ ਆਪਣੇ ਹੱਕਾਂ ਲਈ ਲੜਾਈ ਓਨਾਂ ਚਿਰ ਜਾਰੀ ਰੱਖਣਗੇ, ਜਦੋਂ ਤੱਕ ਉਨ੍ਹਾਂ ਨੂੰ ਆਪਣੇ ਹੱਕ ਨਹੀਂ ਮਿਲ ਜਾਂਦੇ ਤੇ ਖੇਤੀ ਦੇ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ। ਕਿਸਾਨ ਅੰਦੋਲਨ ਦਾ ਅੱਜ 11ਵਾਂ ਦਿਨ ਹੈ।
Farmers Protest
ਕਿਸਾਨਾਂ ਦੇ ਇਸ ਅੰਦੋਲਨ ਨੂੰ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਵੀ ਹਿਮਾਇਤ ਕੀਤੀ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ ਜਿਸ ਵਿਚ ਉਹਨਾਂ ਕਿਹਾ ਕਿ ਅੱਜ ਭਾਰਤ ਦੀ ਅਸਲ ਬਹੁਗਿਣਤੀ ਆਪਣੀ ਤਾਕਤ ਵਿਖਾ ਰਹੀ ਹੈ। ਕਿਸਾਨ ਅੰਦੋਲਨ ਅਨੇਕਤਾ ਵਿਚ ਏਕਤਾ ਪੈਦਾ ਕਰ ਰਿਹਾ ਹੈ।
Navjot Sidhu
ਇਹ ਅਸਹਿਮਤੀ ਦੀ ਚਿੰਗਾੜੀ ਹੈ, ਜੋ ਇਕ ਅੰਦੋਲਨ 'ਚ ਪੂਰੇ ਦੇਸ਼ ਨੂੰ ਇਕ ਕਰ ਦਿੰਦੀ ਹੈ, ਜਿਸ 'ਚ ਜਾਤ, ਰੰਗ ਅਤੇ ਨਸਲ ਤੋਂ ਉੱਪਰ ਉੱਠ ਕੇ ਇਕ ਵਿਸ਼ਾਲ ਅੰਦੋਲਨ 'ਚ ਇਕਜੁੱਟ ਹਨ। ਕਿਸਾਨਾਂ ਦੀ ਇਹ ਗਰਜ ਪੂਰੀ ਦੁਨੀਆ ਵਿਚ ਸੁਣਾਈ ਦੇ ਰਹੀ ਹੈ। ਦੱਸ ਦਈਏ ਕਿ ਕਿਸਾਨ ਅੰਦੋਲਨ ਇਕੱਲਾ ਦਿੱਲੀ ਤੱਕ ਹੀ ਸੀਮਤ ਨਹੀਂ ਰਹਿ ਗਿਆ।
Farmers Protest
ਵਿਦੇਸ਼ਾਂ 'ਚ ਬੈਠੇ ਪੰਜਾਬੀ ਵੀ ਕਿਸਾਨਾਂ ਦੇ ਸਮਰਥਨ 'ਚ ਕਾਲੇ ਕਾਨੂੰਨਾਂ ਖ਼ਿਲਾਫ਼ ਰੋਸ ਮੁਜ਼ਾਹਰੇ ਕਰ ਰਹੇ ਹਨ। ਨਵਜੋਤ ਸਿੱਧੂ ਵਲੋਂ ਕੀਤਾ ਗਿਆ ਇਹ ਟਵੀਟ ਵੀ ਕਿਸਾਨਾਂ ਦੀ ਹਿਮਾਇਤ ਲਈ ਹੈ। ਦੱਸਣਯੋਗ ਹੈ ਕਿ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਕਿਸਾਨਾਂ ਨੇ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਵੀ ਕੀਤਾ ਹੈ। ਕੇਂਦਰ ਸਰਕਾਰ ਨਾਲ 5ਵੇਂ ਦੌਰ ਦੀ ਗੱਲਬਾਤ ਵੀ ਬੇਸਿੱਟਾ ਰਹੀ। ਹੁਣ 9 ਦਸੰਬਰ ਨੂੰ ਸਵੇਰੇ 11 ਵਜੇ ਕਿਸਾਨ ਅਤੇ ਕੇਂਦਰ ਸਰਕਾਰ ਵਿਚਾਲੇ 6ਵੇਂ ਦੌਰ ਦੀ ਬੈਠਕ ਹੋਵੇਗੀ। ਜੇਕਰ ਇਸ ਬੈਠਕ 'ਚ ਵੀ ਕੋਈ ਹੱਲ ਨਾ ਨਿਕਲਿਆ ਤਾਂ ਕਿਸਾਨ ਆਪਣਾ ਅੰਦੋਲਨ ਹੋਰ ਤੇਜ਼ ਕਰਨਗੇ।