
ਕੰਗਣਾ ਰਨੌਤ ਨੂੰ ਬਜ਼ੁਰਗ ਔਰਤ ਲਈ ਵਰਤੀ ਭੱਦੀ ਸ਼ਬਦਾਵਲੀ ਲਈ ਨੋਟਿਸ
ਫ਼ਿਲੌਰ, 5 ਦਸੰਬਰ ( ਸੁਰਜੀਤ ਸਿੰਘ ਬਰਨਾਲਾ): ਫਿਲੌਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਰੇਨੂੰ ਜੋਸਨ ਨੇ ਕਿਹਾ ਕਿ ਕੇਂਦਰ ਸਰਕਾਰ ਵਿਰੁਧ ਕਿਸਾਨ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਜੋ ਅਪਣੇ ਬੱਚਿਆਂ ਦੇ ਭਵਿੱਖ ਲਈ ਚਿੰਤਤ ਹਨ ਅਤੇ ਸੰਘਰਸ਼ ਵਿਚ ਅਪਣੇ ਬੱਚਿਆਂ, ਮਾਤਾਵਾਂ ਅਤੇ ਭੈਣਾਂ ਨੂੰ ਵੀ ਨਾਲ ਲੈ ਕੇ ਦਿੱਲੀ ਵਿਖੇ ਧਰਨੇ ਚ ਸ਼ਾਮਲ ਹੋਏ ਹਨ। ਬੀਤੇ ਦਿਨੀਂ ਕੰਗਣਾ ਰਨੌਤ ਨੇ ਬਜ਼ੁਰਗ ਮਾਤਾ ਮਹਿੰਦਰ ਕੌਰ ਅਤੇ ਕਿਸਾਨਾਂ ਲਈ ਵਰਤੀ ਗਈ ਭੱਦੀ ਸ਼ਬਦਾਵਲੀ ਲਈ ਉਸ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ਜਿਸ ਵਿਚ ਉਨ੍ਹਾਂ ਕੰਗਣਾ ਰਨੌਤ ਨੂੰ 15 ਦਿਨ ਦੇ ਅੰਦਰ ਪਬਲਿਕ ਤੌਰ ਤੇ ਮੁਆਫ਼ੀ ਮੰਗਣ ਲਈ ਕਿਹਾ ਗਿਆ ਹੈ।
ਉਨ੍ਹਾਂ ਕਿਹਾ ਕਿ ਅਗਰ ਕੰਗਣਾ ਰਨੌਤ ਮੁਆਫ਼ੀ ਨਹੀਂ ਮੰਗਦੀ ਤਾਂ ਉਸ ਵਿਰੁਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ 10 ਦਿਨ ਤੋਂ ਕਿਸਾਨ ਕੜਕਦੀ ਠੰਢ ਵਿਚ ਸੜਕਾਂ ਤੇ ਦਿਨ ਰਾਤ ਕੱਟ ਕੇ ਅਪਣੇ ਸੰਘਰਸ਼ ਨੂੰ ਕਾਮਯਾਬ ਕਰ ਰਹੇ ਹਨ। ਜਿਸ ਵਿਚ ਉਨ੍ਹਾਂ ਦਾ ਸਾਥ ਗਾਇਕ, ਫ਼ਿਲਮੀ ਕਲਾਕਾਰ ਅਤੇ ਹੋਰ ਮਸ਼ਹੂਰ ਹਸਤੀਆਂ ਦੇ ਰਹੀਆਂ ਹਨ। ਦੂਜੇ ਪਾਸੇ ਕੰਗਣਾ ਰਨੌਤ ਵਲੋਂ ਅੰਦੋਲਨ ਨੂੰ ਬਦਨਾਮ ਕਰਨ ਦੀਆ ਪੋਸਟਾਂ ਸੋਸ਼ਲ ਮੀਡੀਆ ਉਤੇ ਪਾਈਆ ਜਾ ਰਹੀਆਂ ਹਨ ਜਿਸ ਨੂੰ ਪੰਜਾਬੀ ਕਿਸੇ ਵੀ ਕੀਮਤ ਉਤੇ ਬਰਦਾਸ਼ਤ ਨਹੀਂ ਕਰਨਗੇ।
05ਫਿਲੌਰ03ਲੋਕਲ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਰੇਨੂੰ ਜੋਸਨ। ਤਸਵੀਰ: ਸੁਰਜੀਤ ਸਿੰਘ ਬਰਨਾਲਾ