
ਹੁਣ ਮੋਦੀ ਨੇ ਪੂਰੇ ਦੇਸ਼ ਨੂੰ ਇਸੇ ਖੂਹ 'ਚ ਧੱਕਿਆ : ਰਾਹੁਲ ਗਾਂਧੀ
ਨਵੀਂ ਦਿੱਲੀ, 5 ਦਸੰਬਰ : ਕਿਸਾਨ ਆਗੂਆਂ ਅਤੇ ਕੇਂਦਰ ਵਿਚਾਲੇ ਨਵੇਂ ਦੌਰ ਦੀ ਗੱਲਬਾਤ ਦੌਰਾਨ ਕਾਂਗਰਸ ਨੇ ਸਨਿਚਰਵਾਰ ਨੂੰ ਕਿਹਾ ਕਿ ਸਰਕਾਰ ਨੂੰ ਅਪਣੀ ਜ਼ਿਦ ਛੱਡ ਕੇ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਕਿਸਾਨਾਂ ਦੇ ਸਮਰਥਨ 'ਚ ਸਰਕਾਰ ਨੂੰ ਨਿਸ਼ਾਨੇ 'ਤੇ ਲੈ ਰਹੇ ਹਨ। ਇਸ ਦੌਰਾਨ ਰਾਹੁਲ ਗਾਂਧੀ ਨੇ ਸਨਿਚਰਵਾਰ ਨੂੰ ਕਿਹਾ ਕਿ ਬਿਨਾਂ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਅਤੇ ਏ.ਪੀ.ਐੱਮ.ਸੀ. ਦੇ ਬਿਹਾਰ ਦੇ ਕਿਸਾਨ ਬੇਹੱਦ ਮੁਸੀਬਤ 'ਚ ਹਨ ਅਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਦੇਸ਼ ਨੂੰ ਇਸੇ ਖੂਹ 'ਚ ਧੱਕ ਦਿਤਾ ਹੈ। ਕਾਂਗਰਸ ਨੇਤਾ ਨੇ ਟਵੀਟ ਕਰ ਕੇ ਕਿਹਾ, ''ਬਿਹਾਰ ਦਾ ਕਿਸਾਨ ਐੱਮ.ਐੱਸ.ਪੀ.-ਏ.ਪੀ.ਐੱਮ.ਸੀ. ਦੇ ਬਿਨਾਂ ਬੇਹੱਦ ਮੁਸੀਬਤ 'ਚ ਹੈ ਅਤੇ ਹੁਣ ਪੀ.ਐੱਮ. ਨੇ ਪੂਰੇ ਦੇਸ਼ ਨੂੰ ਇਸੇ ਖੂਹ 'ਚ ਧੱਕ ਦਿਤਾ ਹੈ। ਅਜਿਹੇ 'ਚ ਦੇਸ਼ ਦੇ ਅੰਨਦਾਤਾ ਦਾ ਸਾਥ ਦੇਣਾ ਸਾਡਾ ਕਰਤਵ ਹੈ।'' ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਵਿਚਾਲੇ ਮੀਟਿੰਗ ਤੋਂ ਪਹਿਲਾਂ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, ''ਮੋਦੀ ਜੀ, ਰਾਜਹੱਠ ਤਿਆਗੋ, ਰਾਜਧਰਮ ਮੰਨੋ, ਅੰਨਦਾਤਾ ਦੀ ਸੁਣੋ, ਕਾਲੇ ਕਾਨੂੰਨਾਂ ਨੂੰ ਰੱਦ ਕਰੋ। ਨਹੀਂ ਤਾਂ, ਇਤਿਹਾਸ ਨੇ ਕਦੇ ਹੰਕਾਰ ਨੂੰ ਮਾਫ਼ ਨਹੀਂ ਕੀਤਾ।'' (ਪੀਟੀਆਈ)