
ਕੈਪਟਨ-ਬਾਦਲ ਦੇ ਦੋਸਤਾਨਾ ਮੈਚ ਦੀ ਸਜ਼ਾ ਭੁਗਤ ਰਿਹੈ ਪੰਜਾਬ : ਮਾਨ
ਚੰਡੀਗੜ੍ਹ, 5 ਦਸੰਬਰ (ਸੁਰਜੀਤ ਸਿੰਘ ਸੱਤੀ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਹੈ ਕਿ ਕੈਪਟਨ ਅਤੇ ਬਾਦਲਾਂ ਦੇ ਦਹਾਕਿਆਂ ਤੋਂ ਦੋਸਤਾਨਾ ਮੈਚ ਦੀ ਪੰਜਾਬ ਸਜ਼ਾ ਭੁਗਤ ਰਿਹਾ ਹੈ। ਖ਼ੁਸ਼ਹਾਲ ਪੰਜਾਬ ਨੂੰ ਬਦਹਾਲੀ ਵਲ ਧੱਕਣ ਲਈ ਕੈਪਟਨ ਅਤੇ ਬਾਦਲਾਂ ਦਾ ਭ੍ਰਿਸ਼ਟ ਅਤੇ ਮਾਫ਼ੀਆ ਰਾਜ ਜ਼ਿੰਮੇਵਾਰ ਹੈ। ਪੰਜਾਬ ਦੀ ਲੁੱਟੀ ਗਈ ਸ਼ਾਨ ਮੁੜ ਬਹਾਲ ਕਰਨ ਲਈ ਭ੍ਰਿਸ਼ਟਾਚਾਰ ਮੁਕਤ ਅਤੇ ਸੱਚੀ-ਸੁੱਚੀ ਨੀਅਤ ਵਾਲੀ ਸਰਕਾਰ ਦੀ ਜ਼ਰੂਰਤ ਹੈ। ਇਸ ਲਈ ਅਰਵਿੰਦ ਕੇਜਰੀਵਾਲ ਦੀ ਦਿੱਲੀ ਸਰਕਾਰ ਮਾਡਲ ਹੀ ਇਕਲੌਤਾ ਬਦਲ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ, ''ਤੁਸੀਂ 13 ਸਾਲਾਂ ਤੋਂ ਅਦਾਲਤੀ ਕੇਸਾਂ ਦਾ ਹਵਾਲਾ ਦੇ ਕੇ ਕਿਸ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਸਾਰਾ ਪੰਜਾਬ ਜਾਣਦਾ ਹੈ ਕਿ ਪੰਜਾਬ ਨੂੰ ਲੁੱਟਣ ਅਤੇ ਕੁੱਟਣ ਲਈ ਵਾਰੀ ਬੰਨ ਕੇ ਸੱਤਾ ਹਾਸਲ ਕਰਨ ਲਈ ਪਿਛਲੇ 19 ਸਾਲਾਂ ਤੋਂ ਫਰੈਂਡਲੀ ਮੈਚ ਖੇਡ ਰਹੇ ਹੋ।''
ਭਗਵੰਤ ਮਾਨ ਨੇ ਕੈਪਟਨ ਨੂੰ ਪੁਛਿਆ ਕਿ ਬਾਦਲਾਂ ਦੇ 3500 ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਕਰਨ ਵਾਲੇ ਦੋਸ਼ਾਂ ਤਹਿਤ 2002 'ਚ ਦਰਜ ਕੀਤੇ ਗਏ ਕੇਸ ਦਾ ਕੀ ਬਣਿਆ? ਜਦੋਂ ਬਾਦਲਾਂ ਵਿਰੁਧ ਸਾਰੇ ਨਿੱਜੀ ਅਤੇ ਸਰਕਾਰੀ ਗਵਾਹ ਮੁਕਰ ਰਹੇ ਸਨ ਤਾਂ ਕੈਪਟਨ ਅਮਰਿੰਦਰ ਸਿੰਘ ਚੁੱਪ ਕਿਉਂ ਬੈਠੇ ਰਹੇ? ਪੰਜਾਬ ਦੇ ਲੋਕਾਂ ਨੂੰ ਸਪਸ਼ਟ ਕੀਤਾ ਜਾਵੇ ਕਿ 2017 'ਚ ਮੁੜ ਸੱਤਾ 'ਚ ਆਉਣ ਪਿੱਛੋਂ ਕੈਪਟਨ ਸਰਕਾਰ ਨੇ ਬਾਦਲਾਂ ਦੇ ਭ੍ਰਿਸ਼ਟਾਚਾਰ ਦੇ ਕੇਸਾਂ ਨੂੰ ਮੁੜ ਕਿਉਂ ਨਹੀਂ ਖੋਲ੍ਹਿਆ?
ਉਨ੍ਹਾਂ ਸਰਕਾਰੀ ਅਫ਼ਸਰਾਂ ਵਿਰੁਧ ਕੋਈ ਕਾਰਵਾਈ ਕਿਉਂ ਨਹੀਂ ਕੀਤੀ, ਜੋ ਬਾਦਲਾਂ ਵਿਰੁਧ ਗਵਾਹੀ ਦੇਣ ਤੋਂ ਮੁਕਰ ਗਏ ਸਨ?
ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਨੇ ਬਾਦਲਾਂ ਵਿਰੁਧ ਭ੍ਰਿਸ਼ਟਾਚਾਰ ਦੇ ਨਵੇਂ ਅਤੇ ਪੁਰਾਣੇ ਕੇਸਾਂ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ਕੇਸਾਂ ਨੂੰ ਇਸ ਕਰ ਕੇ ਠੰਢੇ ਬਸਤੇ 'ਚ ਸੁੱਟ ਦਿਤਾ ਕਿਉਂਕਿ ਫਰੈਂਡਲੀ ਮੈਚ ਅਨੁਸਾਰ ਬਾਦਲਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਵਿਰੁਧ ਇੰਟਰਾਨੈਟ ਘੁਟਾਲਾ, ਅੰਮ੍ਰਿਤਸਰ ਇੰਪਰੂਵਮੈਂਟ ਸਕੈਂਡਲ ਅਤੇ ਲੁਧਿਆਣਾ ਸਿਟੀ ਸੈਂਟਰ ਘੁਟਾਲੇ 'ਚ ਕੈਪਟਨ ਪਰਵਾਰ ਨੂੰ ਉਸੇ ਤਰ੍ਹਾਂ ਮਦਦ ਕੀਤੀ, ਜਿਵੇਂ ਕੈਪਟਨ ਨੇ ਬਾਦਲਾਂ ਵਿਰੁਧ ਮਾਮਲਿਆਂ 'ਚ।
ਭਗਵੰਤ ਮਾਨ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦਾ ਕਿਸਾਨ ਅਪਣੀ ਹੋਂਦ ਬਚਾਉਣ ਲਈ ਅਪਣੀ ਜਾਨ ਤਲੀ 'ਤੇ ਧਰ ਕੇ ਸਰਦ ਰਾਤਾਂ 'ਚ ਬਜ਼ੁਰਗ ਮਾਵਾਂ-ਬਾਪੂਆਂ ਅਤੇ ਬੱਚਿਆਂ ਸਮੇਤ ਅੰਦੋਲਨ 'ਤੇ ਬੈਠੇ ਹਨ, ਦੂਜੇ ਪਾਸੇ ਕੈਪਟਨ ਇਕੱਲੇ-ਇਕੱਲੇ ਕੇਂਦਰੀ ਗ੍ਰਹਿ ਮੰਤਰੀ ਨਾਲ ਸੈਟਿੰਗਾਂ ਕਰਦੇ ਫਿਰਦੇ ਹਨ। ਮਾਨ ਨੇ ਦੋਸ਼ ਲਗਾਇਆ ਕਿ ਇਸ ਬੰਦ ਕਮਰਾ ਬੈਠਕ ਤੋਂ ਬਾਅਦ ਹੀ ਕੈਪਟਨ ਦਾ ਈਡੀ ਤੋਂ ਡਰ ਮੁੱਕਿਆ ਹੈ ਅਤੇ ਕੈਪਟਨ ਨੇ ਅਰਵਿੰਦ ਕੇਜਰੀਵਾਲ ਸਰਕਾਰ ਵਿਰੁਧ ਝੂਠਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਮੁੜ ਖੜ੍ਹਾ ਕਰਨ ਲਈ ਪੰਜਾਬ ਦਾ ਕਿਸਾਨ, ਨੌਜਵਾਨ ਅਤੇ ਵਪਾਰੀ-ਕਾਰੋਬਾਰੀ ਵਰਗ ਬੇਹੱਦ ਅਹਿਮ ਯੋਗਦਾਨ ਦੇ ਸਕਦਾ ਹੈ, ਪ੍ਰੰਤੂ ਕੈਪਟਨ-ਬਾਦਲ ਦੀਆਂ ਨਿਕੰਮੀਆਂ ਤੇ ਭ੍ਰਿਸ਼ਟ ਸਰਕਾਰਾਂ ਲੈ ਨਹੀਂ ਸਕੀਆਂ।
image