
ਸੰਦੀਪ ਸਿੰਘ ਧਾਲੀਵਾਲ ਦੇ ਨਾਮ 'ਤੇ ਹੋਵੇਗਾ ਅਮਰੀਕਾ ਵਿਚ ਡਾਕਘਰ
ਅਮਰੀਕੀ ਸੈਨੇਟ ਨੇ ਇਕ ਡਾਕਘਰ ਦਾ ਨਾਂ ਸਿੱਖ ਪੁਲਿਸ ਅਧਿਕਾਰੀ ਦੇ ਨਾਮ 'ਤੇ ਕਰਨ ਵਾਲੇ ਇਕ ਬਿਲ ਨੂੰ ਦਿਤੀ ਮਨਜ਼ੂਰੀ
ਵਾਸ਼ਿੰਗਟਨ, 5 ਦਸੰਬਰ: ਅਮਰੀਕੀ ਸੰਸਦ ਦੇ ਉੱਚ ਸਦਨ ਸੈਨੇਟ ਨੇ ਸਰਬਸੰਮਤੀ ਨਾਲ ਹਿਊਸਟਨ ਦੇ ਉਸ ਡਾਕਘਰ ਦਾ ਨਾਮ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਮ 'ਤੇ ਕਰਨ ਲਈ ਇਕ ਬਿਲ ਨੂੰ ਮੰਜ਼ੂਰੀ ਦੇ ਦਿਤੀ ਜਿਥੇ ਪਿਛਲੇ ਸਾਲ ਨਿਯਮਤ ਜਾਂਚ ਲਈ ਵਾਹਨ ਰੋਕਣ 'ਤੇ ਉਨ੍ਹਾਂ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ ਸੀ।
ਕਾਂਗਰਸ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਸਤੰਬਰ ਵਿਚ ਹੀ ਦੋ-ਪੱਖੀ ਸਮਰਥਨ ਨਾਲ ਹਿਊਸਟਨ ਦੇ 315 ਏਡਿਕਸ ਹਾਵੇਲ ਰੋਡ ਸਥਿਤ ਪੋਸਟ ਆਫ਼ਿਸ ਦਾ ਨਾਮ 'ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫ਼ਿਸ ਬਿਲਡਿੰਗ' ਕਰਨ ਨੂੰ ਅਪਣੀ ਮਨਜ਼ੂਰੀ ਦੇ ਚੁੱਕੀ ਹੈ। ਹੁਣ ਇਸ ਬਿਲ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਸਤਾਖਰ ਲਈ ਵ੍ਹਾਈਟ ਹਾਊਸ ਭੇਜਿਆ ਜਾਵੇਗਾ। ਇਸ ਬਿਲ ਦੇ ਅਮਲ ਦੇ ਬਾਅਦ ਹਿਊਸਟਨ ਸਥਿਤ ਧਾਲੀਵਾਲ ਦੂਜਾ ਪੋਸਟ ਆਫ਼ਿਸ ਹੋਵੇਗਾ ਜਿਸ ਦਾ ਨਾਮ ਕਿਸੇ ਭਾਰਤੀ ਦੇ ਨਾਮ 'ਤੇ ਹੋਵੇਗਾ। ਇਸ ਤੋਂ ਪਹਿਲਾਂ ਦਖਣੀ ਕੈਲੀਫ਼ੋਰਨੀਆ ਵਿਚ ਕਾਂਗਰਸ ਮੈਂਬਰ ਰਹੇ ਦਲੀਪ ਸਿੰਘ ਸੌਂਧ ਨੂੰ ਸਾਲ 2006 ਵਿਚ ਇਹ ਸਨਮਾਨ ਮਿਲਿਆ ਸੀ।
ਜ਼ਿਕਰਯੋਗ ਹੈ ਕਿ ਧਾਲੀਵਾਲ ਸਾਲ 2015 ਵਿਚ ਹੈਰਿਸ ਕਾਊਂਟੀ ਸ਼ੈਰਿਫ ਦਫ਼ਤਰ ਵਿਚ ਤਾਇਨਾਤ ਪਹਿਲੇ ਸਿੱਖ ਅਮਰੀਕੀ ਸਨ, ਜਿਨ੍ਹਾਂ ਨੂੰ ਪੱਗ ਨਾਲ ਕੰਮ ਕਰਨ ਦੇ ਨੀਤੀਗਤ ਫ਼ੈਸਲੇ ਤਹਿਤ ਨਿਯੁਕਤੀ ਮਿਲੀ ਸੀ। ਪਿਛਲੇ ਸਾਲ 27 ਸਤੰਬਰ ਨੂੰ ਉਨ੍ਹਾਂ ਨੇ ਡਿਊਟੀ ਦੌਰਾਨ ਅਪਣੀ ਜਾਨ ਗਵਾਈ। (ਪੀ.ਟੀ.ਆਈ)