
ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਦਫ਼ਤਰ ਦਾ ਕਈ ਪੁਰਾਣੇ ਸਾਥੀਆਂ ਨਾਲ ਉਦਘਾਟਨ ਕੀਤਾ
ਚੰਡੀਗੜ੍ਹ - ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰਸਮੀ ਤੌਰ ਉੱਤੇ ਆਪਣੀ ਨਵੀਂ ਸਿਆਸੀ ਪਾਰੀ ਦੀ ਸ਼ੁਰੂਆਤ ਕਰ ਦਿੱਤੀ ਹੈ। ਉਨ੍ਹਾਂ ਨੇ ਆਪਣੇ ਪਾਰਟੀ ਦਫ਼ਤਰ ਦਾ ਅੱਜ ਚੰਡੀਗੜ੍ਹ ਵਿਖੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਉਦਘਾਟਨ ਕੀਤਾ। ਉਨ੍ਹਾਂ ਨੇ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਦਫ਼ਤਰ ਦਾ ਕਈ ਪੁਰਾਣੇ ਸਾਥੀਆਂ ਨਾਲ ਉਦਘਾਟਨ ਕੀਤਾ। ਕੈਪਟਨ ਨੇ ਅਪਣਾ ਦਫ਼ਤਰ ਚੰਡੀਗੜ੍ਹ ਦੇ ਸੈਕਟਰ 9 ਡੀ ਵਿਚ ਬਣਾਇਆ ਹੈ। ਹੁਣ ਇੱਥੋਂ ਹੀ ਕੈਪਟਨ ਆਪਣੀ ਅਗਲੀ ਜੰਗ ਲੜਨਗੇ।
Captain Amarinder Singh
ਇਸ ਮੌਕੇ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਭਾਜਪਾ ਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਅਕਾਲੀ ਦਲ ਸੰਯੁਕਤ ਨਾਲ ਰਲ ਕੇ ਚੋਣਾਂ ਲੜੇਗੀ ਤੇ ਪੰਜਾਬ ਵਿਚ ਸਰਕਾਰ ਬਣਾਵੇਗੀ। ਉਨ੍ਹਾਂ ਕਿਹਾ ਕਿ ਮੈਂਬਰਸ਼ਿਪ ਮੁਹਿੰਮ 10 ਦਿਨਾਂ ਤੋਂ ਸ਼ੁਰੂ ਹੈ। ਉਨ੍ਹਾਂ ਕਿਹਾ ਕਿ ਮੈਂ ਮੱਖ ਮੰਤਰੀ ਹੁੰਦਿਆਂ ਆਪਣੇ 92 ਫੀਸਦੀ ਚੋਣ ਵਾਅਦੇ ਪੂਰੇ ਕਰ ਦਿੱਤੇ ਸਨ। ਕੈਪਟਨ ਨੇ ਦਾਅਵਾ ਕੀਤਾ ਕਿ ਪੰਜਾਬ ਚੋਣਾਂ ਲਈ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਕਈ ਕਾਂਗਰਸੀ ਆਗੂ ਉਨ੍ਹਾਂ ਦੀ ਪਾਰਟੀ ਵਿਚ ਸ਼ਾਮਲ ਹੋਣਗੇ।
Captain Amarinder Singh
ਅੱਜ ਦੇ ਉਦਘਾਟਨੀ ਸਮਾਰੋਹ ਦੌਰਾਨ ਕੈਪਟਨ ਦੇ ਕਈ ਪੁਰਾਣੇ ਸਾਥੀ ਤੇ ਵੱਖ ਵੱਖ ਬੋਰਡਾਂ ਜਾਂ ਕਾਰਪੋਰੇਸ਼ਨਾਂ ਦੇ ਚੇਅਰਮੈਨ ਰਹੇ ਕਈ ਆਗੂ ਮੌਜੂਦ ਰਹੇ। ਉਦਘਾਟਨੀ ਸਮਾਰੋਹ ਵਿਚ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਤੇ ਕੈਪਟਨ ਦੇ ਹਮਾਇਤੀ ਕੌਂਸਲਰ ਵੀ ਪਹੁੰਚੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਨੇ ਕਿਹਾ ਕਿ ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਉਹ ਕਿਸੇ ਵੀ ਹੱਦ ਤੱਕ ਜਾਣਗੇ। ਕੈਪਟਨ ਨੇ ਇਸ ਮੌਕੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਗੱਲਬਾਤ ਰਾਹੀਂ ਮੁੱਦੇ ਸੁਲਝਾਉਣ
Captain Amarinder Singh
ਉਹਨਾਂ ਕਿਹਾ ਕਿ ਕਿ ਹੁਣ ਕਿਸਾਨਾਂ ਦੇ ਲੱਗਭਗ ਸਾਰੇ ਮੁੱਦੇ ਹੱਲ ਹੋ ਗਏ ਹਨ। ਕੈਪਟਨ ਨੇ ਇਸ ਮੌਕੇ ਚੰਨੀ ਸਰਕਾਰ ਨੂੰ ਵੀ ਘੇਰਿਆ ਤੇ ਕਿਹਾ ਕਿ ਉਹਨਾਂ ਨੇ ਪੰਜਾਬ ਦਾ ਭੱਠਾ ਬਿਠਾ ਦਿੱਤਾ। ਇਸ ਦੇ ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਹੁੰਦਿਆਂ ਭਾਜਪਾ ਨਾਲ ਮਿਲੇ ਹੋਣ ਦੇ ਦੋਸ਼ਾਂ ਨੂੰ ਵੀ ਬੇਬੁਨਿਆਦ ਦੱਸਿਆ ਤੇ ਕਿਹਾ ਕਿ ਉਹ ਸਿਰਫ਼ ਪੰਜਾਬ ਦੇ ਮੁੱਦਿਆ ਖ਼ਾਤਰ ਪੀਐੱਮ ਮੋਦੀ ਤੇ ਅਮਿਤ ਸਾਹ ਨੂੰ ਮਿਲਦੇ ਸਨ।