
ਨਾਗਾਲੈਂਡ ਵਿਚ ਸੁਰੱਖਿਆ ਬਲਾਂ ਨੇ ਆਮ ਲੋਕਾਂ ਨੂੰ ਅਤਿਵਾਦੀ ਸਮਝ ਕੇ ਕੀਤੀ ਗੋਲੀਬਾਰੀ, 13 ਮੌਤਾਂ
ਫ਼ੌਜ ਨੇ ਘਟਨਾ ਦੀ 'ਕੋਰਟ ਆਫ਼ ਇਨਕੁਆਰੀ' ਦੇ ਦਿਤੇ ਹੁਕਮ
ਕੋਹਿਮਾ/ਨਵੀਂ ਦਿੱਲੀ, 5 ਦਸੰਬਰ : ਨਾਗਾਲੈਂਡ ਦੇ ਮੋਨ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਦੀ ਗੋਲੀਬਾਰੀ 'ਚ ਘੱਟੋ ਘੱਟ 13 ਆਮ ਲੋਕਾਂ ਦੀ ਮੌਤ ਹੋ ਗਈ | ਪੁਲਿਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ | ਪੁਲਿਸ ਨੇ ਦਸਿਆ ਕਿ ਉਹ ਇਸ ਘਟਨਾ ਦੀ ਜਾਂਚ ਕਰ ਹੀ ਹੈ, ਤਾਕਿ ਇਹ ਪਤਾ ਚੱਲ ਸਕੇ ਕਿ ਕੀ ਇਹ ਗ਼ਲਤ ਪਹਿਚਾਣ ਦਾ ਮਾਮਲਾ ਹੈ ਜਾਂ ਨਹੀਂ |
ਫ਼ੌਜ ਨੇ ਘਟਨਾ ਦੀ 'ਕੋਰਟ ਆਫ਼ ਇਨਕੁਆਰੀ' ਦਾ ਆਦੇਸ਼ ਦਿਤਾ ਹੈ | ਫ਼ੌਜ ਨੇ ਦਸਿਆ ਕਿ ਇਸ ਦੌਰਾਨ ਇਕ ਫ਼ੌਜੀ ਦੀ ਮੌਤ ਹੋ ਗਈ ਅਤੇ ਕਈ ਹੋਰ ਫ਼ੌਜੀ ਜ਼ਖ਼ਮੀ ਹੋ ਗਏ | ਇਸ ਨੇ ਕਿਹਾ ਕਿ ਇਹ ਘਟਨਾ ਅਤੇ ਉਸ ਦੇ ਬਾਅਦ ਜੋ ਹੋਇਆ, ਉਹ 'ਬੇਹਦ ਮੰਦਭਾਗਾ' ਹੈ ਅਤੇ ਲੋਕਾਂ ਦੀ ਮੌਤ ਹੋਣ ਦੀ ਇਸ ਦੁੱਖਭਰੀ ਘਟਨਾ ਦੀ ਉੱਚ ਪੱਧਰ 'ਤੇ ਜਾਂਚ ਕੀਤੀ ਜਾ ਰਹੀ ਹੈ | ਇਸ ਸਬੰਧ 'ਚ ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਮਿ੍ਤਕਾਂ ਦੀ ਕੁਲ ਗਿਣਤੀ ਦਾ ਹਾਲੇ ਪਤਾ ਨਹੀਂ ਚੱਲ ਸਕਿਆ ਕਿਉਂਕਿ 13 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਕਈ ਲੋਕਾਂ ਨੇ ਗੁਆਂਢੀ ਸੂਬੇ ਅਸਮ ਦੇ ਹਸਪਤਾਲਾਂ 'ਚ ਦਮ ਤੋੜ ਦਿਤਾ |
ਪੁਲਿਸ ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਓਟਿੰਗ ਅਤੇ ਤਿਰੂ ਪਿੰਡਾਂ ਵਿਚਕਾਰ ਉਸ ਸਮੇਂ ਵਾਪਰੀ, ਜਦੋਂ ਕੁੱਝ ਦਿਹਾੜੀ ਮਜ਼ਦੂਰ ਸਨਿਚਰਵਾਰ ਸ਼ਾਮ ਇਕ ਪਿੱਕਅਪ ਵੈਨ ਰਾਹੀਂ ਇਕ ਕੋਲਾ ਖਾਨ ਤੋਂ ਅਪਣੇ ਘਰ ਜਾ ਰਹੇ ਸਨ | ਉਨ੍ਹਾਂ ਦਸਿਆ ਕਿ ਪਾਬੰਦੀਸ਼ੁਦਾ ਨੈਸ਼ਨਲ ਸੋਸ਼ਲਿਸਟ ਕਾਉਂਸਲ ਆਫ਼ ਨਾਗਾਲੈਂਡ-ਕੇ (ਐਨਐਸਸੀਐਨ-ਕੇ) ਦੇ ਯੁੰਗ ਓਾਗ ਧੜੇ ਦੇ ਅਤਿਵਾਦੀਆਂ ਦੀ
ਗਤੀਵਿਧੀ ਦੀ ਸੂਚਨਾ ਮਿਲਣ ਦੇ ਬਾਅਦ ਇਲਾਕੇ 'ਚ ਮੁਹਿੰਮ ਚਲਾ ਰਹੇ ਫ਼ੌਜੀਆਂ ਨੇ ਵਾਹਨ 'ਤੇ ਕਥਿਤ ਰੂਪ ਨਾਲ ਗੋਲੀਬਾਰੀ ਕਰ ਦਿਤੀ | ਅਧਿਕਾਰੀ ਨੇ ਕਿਹਾ ਕਿ ਇਹ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਗ਼ਲਤ ਪਹਿਚਾਣ ਕੀਤੇ ਜਾਣ ਦਾ ਮਾਮਲਾ ਹੈ ਜਾਂ ਨਹੀਂ |
ਗੁੱਸੇ 'ਚ ਆਈ ਲੋਕਾਂ ਦੀ ਭੀੜ ਨੇ ਜਲਦ ਹੀ ਫ਼ੌਜ ਦੇ ਵਾਹਨਾਂ ਨੂੰ ਮੌਕੇ 'ਤੇ ਹੀ ਘੇਰ ਲਿਆ ਅਤੇ ਉਸ ਦੇ ਬਾਅਦ ਹੋਈ ਲੜਾਈ ਵਿਚ ਇਕ ਫ਼ੌਜੀ ਦੀ ਮੌਤ ਹੋ ਗਈ ਅਤੇ ਘੱਟੋ ਘੱਟ ਤਿੰਨ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿਤਾ ਗਿਆ | ਨਾਗਾਲੈਂਡ ਦੇ ਮੁੱਖ ਮੰਤਰੀ ਨੇਫ਼ਿਯੂ ਰਿਓ ਨੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਾਏ ਜਾਣ ਦਾ ਵਾਅਦਾ ਕੀਤਾ ਅਤੇ ਸਮਾਜ ਦੇ ਸਾਰੇ ਵਰਗਾਂ ਤੋਂ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ | (ਏਜੰਸੀ)