
ਵਕੀਲ ਪਰਦੀਪ ਸਿੰਘ ਵਿਰਕ ਨੇ ਰੋਜ਼ਾਨਾ ਸਪੋਕਸਮੈਨ ਨਾਲ ਇੰਟਰਵਿਊ ਦੌਰਾਨ ਕਹੀਆਂ ਵੱਡੀਆਂ ਗੱਲਾਂ
ਚੰਡੀਗੜ੍ਹ: ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰਾਂ ਵਲੋਂ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਲੀਡਰਾਂ ਨੂੰ ਸਜ਼ਾ ਸੁਣਾਈ ਗਈ। ਸਜ਼ਾ ਮਿਲਣ ਤੋਂ ਬਾਅਦ ਸੁਖਬੀਰ ਬਾਦਲ ਤੇ ਅਕਾਲੀ ਲੀਡਰਾਂ ਨੇ ਅਪਣੇ-ਅਪਣੇ ਗੁਨਾਹਾਂ ਦੀ ਸਜ਼ਾ ਭੁਗਤਣੀ ਵੀ ਸ਼ੁਰੂ ਕਰ ਦਿਤੀ ਹੈ। ਸੁਖਬੀਰ ਬਾਦਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਰਗਾੜੀ ਗੋਲੀਕਾਂਡ ਤੇ ਸਿੱਖਾਂ ’ਤੇ ਹਮਲੇ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਦੇਣ ਦਾ ਗੁਨਾਹ ਕਬੂਲਿਆ ਹੈ। ਇਨ੍ਹਾਂ ਪੁਲਿਸ ਅਫ਼ਸਰਾਂ ਵਿਚ ਇਕ ਨਾਮ ਸੁਮੇਧ ਸੈਣੀ ਦਾ ਵੀ ਆਉਂਦਾ ਹੈ।
ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਈ ਰੋਜ਼ਾਨਾ ਸਪੋਕਸਮੈਨ ਨੇ ਵਕੀਲ ਪਰਦੀਪ ਸਿੰਘ ਵਿਰਕ ਨਾਲ ਗੱਲਬਾਤ ਕੀਤੀ। ਪਰਦੀਪ ਸਿੰਘ ਵਿਰਕ ਨੇ ਗੱਲਬਾਤ ਕਰਦਿਆਂ ਕਿਹਾ ਕਿ ਦਾਗ਼ੀ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਦਿਤੀਆਂ ਗਈਆਂ। ਸੁਮੇਧ ਸੈਣੀ ਨੂੰ ਆਈਜੀ ਤੋਂ ਡੀਜੀ ਰੈਂਕ ਨਾਲ ਨਿਵਾਜਿਆ ਗਿਆ, ਪਰਮਰਾਜ ਸਿੰਘ ਉਮਰਾਨੰਗਲ ਨੂੰ ਐਸਐਸਪੀ ਰੈਂਕ ਤੋਂ ਆਈਜੀ ਰੈਂਕ ਦਿਤਾ ਗਿਆ। ਜਦੋਂਕਿ ਦੋਹਾਂ ’ਤੇ ਝੂਠੇ ਮੁਕਾਬਲਿਆਂ ਦੇ ਦੋਸ਼ ਲੱਗੇ ਸਨ। ਅਕਾਲੀ ਸਰਕਾਰ ਵੇਲੇ ਇਕ ਅਫ਼ਸਰ ਬਲਕਾਰ ਸਿੰਘ ਸਿੱਧੂ ਸੀ ਜਿਸ ਨੂੰ ਇਨ੍ਹਾਂ ਨੇ ਤਰੱਕੀ ਦਿਤੀ।
ਪਰਮਜੀਤ ਨਾਂ ਦਾ ਇਕ ਹੋਰ ਅਫ਼ਸਰ ਸੀ ਜੋ ਹੁਣ ਦਿੱਲੀ ਵਿਚ ਸੀਬੀਆਈ ਟਰਾਇਲ ਕੇਸ ਦਾ ਸਾਹਮਣਾ ਕਰ ਰਿਹਾ ਹੈ। ਜੇ ਵੇਖਿਆ ਜਾਵੇ ਤਾਂ ਅਕਾਲੀ ਸਰਕਾਰ ਨੇ ਅਪਣੇ ਸਮੇਂ ਦਾਗ਼ੀ ਅਫ਼ਸਰਾਂ ਨੂੰ ਇਕੱਲੀ ਤਰੱਕੀ ਹੀ ਨਹੀਂ ਸਗੋਂ ਉਨ੍ਹਾਂ ਨੂੰ ਬਚਾਇਆ ਵੀ ਹੈ। ਜਦੋਂ ਹੁਣ ਸੁਖਬੀਰ ਬਾਦਲ ਨੇ ਮੰਨ ਹੀ ਲਿਆ ਹੈ ਕਿ ਝੂਠੇ ਪੁਲਿਸ ਮੁਕਾਬਲੇ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਤਰੱਕੀ ਦਿਤੀਆਂ ਗਈਆਂ, ਝੂਠੇ ਪੁਲਿਸ ਮੁਕਾਬਲੇ ਵਿਚ ਬੇਕਸੂਰ ਲੋਕਾਂ ਨੂੰ ਮਾਰਿਆ ਗਿਆ ਤਾਂ ਉਨ੍ਹਾਂ ਉਪਰ ਤੁਰਤ ਕਤਲ ਦੇ ਮਾਮਲੇ ਦਰਜ ਹੋਣੇ ਚਾਹੀਦੇ ਹਨ। ਮੈਨੂੰ ਸਰਕਾਰ ਤੇ ਸਰਕਾਰ ਵਿਚ ਕੰਮ ਕਰਨ ਵਾਲੇ ਸੀਨੀਅਰ ਪੁਲਿਸ ਅਧਿਕਾਰੀਆਂ ’ਤੇ ਹੈਰਾਨੀ ਹੈ ਕਿ ਕਿਉਂ ਨਹੀਂ ਹੁਕਮ ਦਿਤੇ ਜਾ ਰਹੇ ਕਿ ਕਿਹੜੇ ਪੁਲਿਸ ਅਫ਼ਸਰਾਂ ਨੂੰ ਇਨ੍ਹਾਂ ਨੇ ਤਰੱਕੀਆਂ ਦਿਤੀਆਂ?
ਵਕੀਲ ਪਰਦੀਪ ਸਿੰਘ ਵਿਰਕ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਨੂੰ ਪਤਾ ਹੋਵੇਗਾ ਕਿ ਕਿਹੜੇ ਦਾਗ਼ੀ ਅਫ਼ਸਰਾਂ ਨੂੰ ਤਰੱਕੀਆਂ ਦਿਤੀਆਂ ਗਈਆਂ। ਉਹ ਨਾਮ ਦਸ ਦੇਣ ਤੇ ਕਾਰਵਾਈ ਸ਼ੁਰੂ ਹੋ ਜਾਵੇਗੀ। ਦੂਜੀ ਗੱਲ ਜੇ ਇਨ੍ਹਾਂ ਦੀ ਆਖੀ ਗੱਲ ਗ਼ਲਤ ਹੈ ਤਾਂ ਉਹ ਪੁਲਿਸ ਅਫ਼ਸਰ ਖੜੇ ਹੋਣ ਜਿਨ੍ਹਾਂ ਵਿਰੁਧ ਇਹ ਗੱਲ ਆਖੀ ਗਈ ਹੈ। ਸੁਖਬੀਰ ਬਾਦਲ ਨੂੰ ਹੁਣ ਸੁਮੇਧ ਸੈਣੀ ਨੂੰ ਲੈ ਕੇ ਵੀ ਸੱਚ ਬੋਲ ਦੇਣਾ ਚਾਹੀਦਾ ਹੈ। ਜੇ ਸੁਮੇਧ ਸੈਣੀ ਨੂੰ ਤਰੱਕੀ ਦਿਤੀ ਹੈ ਅਤੇ ਮੰਨਦੇ ਹਨ ਕਿ ਉਨ੍ਹਾਂ ਨੇ ਝੂਠੇ ਮੁਕਾਬਲੇ ਕੀਤੇ ਹਨ ਤਾਂ ਕੋਰਟ ’ਚ ਉਹ ਗਵਾਹ ਬਣਨ। ਪਰ ਜੇਕਰ ਉਹ ਮੁਕਰਦੇ ਹਨ ਤਾਂ ਅਕਾਲ ਤਖ਼ਤ ਕਾਰਵਾਈ ਕਰੇ। ਦੇਖਿਆ ਜਾਵੇ ਤਾਂ ਉਹ ਅਕਾਲ ਤਖ਼ਤ ਸਾਹਿਬ ਅੱਗੇ ਤਾਂ ਝੂਠ ਨਹੀਂ ਬੋਲਣਗੇ। ਅਦਾਲਤ ਵਿਚ ਬਰਗਾੜੀ ਗੋਲੀਕਾਂਡ ਦਾ ਕੇਸ ਚਲ ਰਿਹਾ ਹੈ। ਸੁਖਬੀਰ ਬਾਦਲ ਅਪਣਾ ਹਲਫ਼ਨਾਮਾ ਦਰਜ ਕਰਵਾ ਦੇਣ। ਜੇ ਸਰਕਾਰ ਇਨ੍ਹਾਂ ਕੇਸਾਂ ਦੀ ਜਾਂਚ ਕਰਵਾਉਣਾ ਚਾਹੁੰਦੀ ਤਾਂ ਉਨ੍ਹਾਂ ਨੂੰ ਵਾਅਦਾ ਮੁਆਫ਼ ਗਵਾਹ ਬਣਨ ਦੀ ਗੱਲ ਕਰੇ ਜਾਂ ਸਰਕਾਰ ਕਹੇ ਵੀ ਇਨ੍ਹਾਂ ਨੇ ਇਹ ਗੱਲ ਮੰਨੀ ਸਾਡਾ ਕੇਸ ਸਾਬਤ ਹੁੰਦਾ ਹੈ।
ਵਕੀਲ ਪਰਦੀਪ ਸਿੰਘ ਵਿਰਕ ਨੇ ਕਿਹਾ ਕਿ ਰੱਬ ਦੀ ਲਾਠੀ ਵਿਚ ਆਵਾਜ਼ ਨਹੀਂ ਹੁੰਦੀ ਪਰ ਅੱਜ ਗੁਨਾਹਕਾਰਾਂ ਨੂੰ ਸਬਕ ਮਿਲ ਰਿਹਾ ਹੈ। ਅਕਾਲ ਤਖ਼ਤ ਨੇ ਤਾਂ ਮੁਆਫ਼ੀ ਦੇ ਦਿਤੀ ਪਰ ਕੀ ਸਿੱਖਾਂ ਦਾ ਗੁੱਸਾ ਸ਼ਾਂਤ ਹੋ ਗਿਆ? ਗੁਰੂ ਜੀ ਦੀ ਬੇਅਦਬੀ ਹੋਈ, ਪਾਠ ਕਰਦੀ ਸੰਗਤ ’ਤੇ ਗੋਲੀਆਂ ਚਲਾਈਆਂ ਗਈਆਂ। ਗੋਲੀਆਂ ਚਲਾਉਣ ਵਾਲੇ ਪੁਲਿਸ ਅਫ਼ਸਰਾਂ ’ਤੇ ਕਾਰਵਾਈ ਹੋਣੀ ਚਾਹੀਦੀ ਜੇ ਉਦੋਂ ਨਹੀਂ ਹੋਈ ਤਾਂ ਹੁਣ ਕਾਰਵਾਈ ਹੋਣੀ ਚਾਹੀਦੀ ਹੈ।