ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਦੇ ਕਤਲ ਮਾਮਲੇ ’ਚ ਅਦਾਲਤ ਨੇ ਕੀਤੀ ਕਾਰਵਾਈ
ਬਠਿੰਡਾ: ਬਠਿੰਡਾ ਦੀ ਸਥਾਨਕ ਅਦਾਲਤ ਨੇ ਅੰਮ੍ਰਿਤਪਾਲ ਸਿੰਘ ਮਹਿਰੋਂ ਜੋ ਯੂ.ਏ.ਈ. ਵਿਚ ਛੁਪਿਆ ਹੋਇਆ ਹੈ ਅਤੇ ਉਸ ਦੇ ਸਾਥੀ ਰਣਜੀਤ ਸਿੰਘ ਨੂੰ ਅਦਾਲਤੀ ਕਾਰਵਾਈ ਤੋਂ ਭੱਜਣ ਤੋਂ ਬਾਅਦ ਅਪਰਾਧੀ ਐਲਾਨ ਦਿੱਤਾ ਹੈ। ਅਦਾਲਤ ਵੱਲੋਂ ਇਹ ਕਾਰਵਾਈ ਡਿਜ਼ਿਟਲ ਕੰਟੈਂਟ ਕ੍ਰੀਏਟਰ ਕੰਚਨ ਕੁਮਾਰੀ ਦੇ ਕਤਲ ਮਾਮਲੇ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਪੁਲੀਸ ਨੇ ਅਦਾਲਤ ਨੂੰ ਦੱਸਿਆ ਕਿ ਦੋਵੇਂ ਮੁਲਜ਼ਮ ਕਤਲ ਮਾਮਲੇ ਵਿੱਚ ਲਗਾਤਾਰ ਫਰਾਰ ਹਨ। ਇਸ ਕੇਸ ਦੀ ਸੁਣਵਾਈ 1 ਦਸੰਬਰ ਨੂੰ ਹੋਈ, ਜਿੱਥੇ ਐਡੀਸ਼ਨਲ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਗੁਰਕੀਰਤ ਸਿੰਘ ਸੇਖੋਂ ਨੇ ਕਿਹਾ ਕਿ ਮੁਲਜ਼ਮਾਂ ਵਿਰੁੱਧ ਜਾਰੀ ਗੈਰ-ਜ਼ਮਾਨਤੀ ਵਾਰੰਟ ਲਾਭਕਾਰੀ ਨਹੀਂ ਰਹੇ ਅਤੇ ਉਹ ਲੁਕਦੇ ਫਿਰ ਰਹੇ ਹਨ।
ਅਦਾਲਤ ਨੇ ਕਿਹਾ ਕਿ ਮੁਲਜ਼ਮ ਜਾਣਬੁੱਝ ਕੇ ਗ੍ਰਿਫ਼ਤਾਰੀ ਤੋਂ ਬਚ ਰਹੇ ਹਨ ਅਤੇ ਆਮ ਕਾਨੂੰਨੀ ਪ੍ਰਕਿਰਿਆ ਰਾਹੀਂ ਹਾਜ਼ਰ ਨਹੀਂ ਹੋ ਸਕਦੇ । ਹੁਣ ਅਦਾਲਤ ਨੇ ਉਨ੍ਹਾਂ ਨੂੰ ਇਸ਼ਤਿਹਾਰ ਰਾਹੀਂ ਤਲਬ ਕਰਨ ਦਾ ਹੁਕਮ ਦਿੱਤਾ ਹੈ। ਕੇਸ ਦੀ ਅਗਲੀ ਸੁਣਵਾਈ 22 ਦਸੰਬਰ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ 27 ਨਵੰਬਰ ਨੂੰ ਮ੍ਰਿਤਕ ਕੰਚਨ ਕੁਮਾਰੀ (ਉਰਫ਼ ਕਮਲ ਕੌਰ ਭਾਬ੍ਹੀ, ਲੁਧਿਆਣਾ) ਦੀ ਮਾਤਾ ਗਿਰਜਾ ਦੇਵੀ ਨੇ ਅਦਾਲਤ ਵਿੱਚ ਆਪਣਾ ਬਿਆਨ ਦਰਜ ਕਰਵਾਇਆ ਸੀ । ਉਹ ਇਸ ਮਾਮਲੇ ਦੀ ਸ਼ਿਕਾਇਤਕਰਤਾ ਹੈ । ਜਾਂਚ ਅਧਿਕਾਰੀਆਂ ਨੇ ਕਿਹਾ ਕਿ ਉਸ ਦਾ ਬਿਆਨ ਮਾਮਲੇ ਨੂੰ ਕਾਨੂੰਨੀ ਤਾਕਤ ਦਿੰਦਾ ਹੈ । ਇਕ ਹੋਰ ਗਵਾਹ, ਨਰੇਸ਼ ਕੁਮਾਰ, ਨੇ ਵੀ ਅਦਾਲਤ ਵਿਚ ਬਿਆਨ ਦਿੱਤਾ ਹੈ।
