
ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ
ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸੋਚ, ਸੰਘਰਸ਼ ਅਤੇ ਸ਼ਹਾਦਤ ਬਾਰੇ ਪੁਸਤਕ ਕੀਤੀ ਜਾਰੀ
ਖਾਲੜਾ, 6 ਜਨਵਰੀ (ਗੁਰਪ੍ਰੀਤ ਸਿੰਘ ਸ਼ੈਡੀ): ਗੁਰਦਵਾਰਾ ਸਿੱਖ ਸੈਂਟਰ ਫ਼ਰੈਂਕਫ਼ੋਰਟ ਦੀਆਂ ਸੰਗਤਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 23 ਪੋਹ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ। ਇਸ ਸਮੇਂ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਦੇ ਭੋਗ ਪਾਏ ਗਏ। ਉਪਰੰਤ ਦੀਵਾਨ ਸਜਾਏ ਗਏ। ਸਜੇ ਦੀਵਾਨ ਵਿਚ ਸਿੱਖ ਪ੍ਰਚਾਰਕ ਭਾਈ ਚਮਕੌਰ ਸਿੰਘ ਸਭਰਾ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਉਪਦੇਸ਼ਾਂ, ਜੀਵਨ ਤੇ ਵਿਚਾਰਾਂ ਦੀ ਸਾਂਝ ਪਾਈ। ਉਥੇ ਮੂਲ ਨਾਨਕਸ਼ਾਹੀ ਕੈਲੰਡਰ ਦੀ ਮਹੱਤਤਾ ’ਤੇ ਚਾਨਣਾ ਪਾਇਆ ਕਿ ਅੱਜ ਜਰਮਨ ਸਰਕਾਰ ਜਾਂ ਵਿਦੇਸ਼ਾਂ ਦੀਆਂ ਸਰਕਾਰਾਂ ਜੇਕਰ ਕਹਿਣ ਕਿ ਗੁਰੂ ਨਾਨਕ ਸਾਹਿਬ ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਛੁੱਟੀ ਕਰਨੀ ਚਾਹੁਣ ਤਾਂ ਕਿਹੜੀ ਇਕ ਪੱਕੀ ਤਰੀਕ ਦਸਣਗੇ ਪਰ ਪਾਲ ਸਿੰਘ ਪੁਰੇਵਾਲ ਨੇ ਨਾਨਕਸ਼ਾਹੀ ਕੈਲੰਡਰ ਬਹੁਤ ਵਧੀਆਂ ਬਣਾਇਆਂ ਸੀ, ਪਰ ਬਿਕਰਮੀ ਕੈਲੰਡਰ ਨੂੰ ਨਾਨਕਸ਼ਾਹੀ ਕਲੰਡਰ ਦਾ ਨਾਮ ਦੇ ਕੇ ਸਿੱਖ ਸੰਗਤਾਂ ਵਿਚ ਭੁਲੇਖਾ ਤੇ ਦੁਵਿਧਾ ਪਾਈ ਗਈ ਹੈ।
ਗੁਰਦਵਾਰਾ ਸਿੱਖ ਸੈਂਟਰ ਫ਼ਰੈਂਕਫ਼ੋਰਟ ਦੀ ਪ੍ਰਬੰਧਕ ਕਮੇਟੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਮਾਣਤ ਰਹਿਤ ਮਰਿਆਦਾ ਤੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਸਾਹਿਬ ਦੇ ਦਿਹਾੜੇ ਮਨਾਉਣ ’ਤੇ ਪਹਿਰਾ ਦੇ ਰਹੀ ਹੈ। ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੰਦਿਆਂ ਹੋਇਆਂ ਮੋਦੀ ਸਰਕਾਰ ਵਲੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨਾਂ ਵਿਰੁਧ ਚਲ ਰਹੇ ਕਿਸਾਨੀ ਸੰਘਰਸ਼ ਦੀ ਅਤੇ ਕੜਾਕੇ ਦੀ ਠੰਢ ਤੇ ਵਰ੍ਹਦੇ ਮੀਂਹ ਵਿਚ ਕਿਸਾਨਾਂ ਦੇ ਸਿਰੜ ਸਿਦਕ ਨੂੰ ਸਿਜਦਾ ਕੀਤਾ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਕਿਸਾਨਾਂ ਦੀ ਅਵਾਜ਼ ਉਠਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ 26 ਜਨਵਰੀ ਨੂੰ ਜਰਮਨ ਕੀ ਯੂਰਪ ਵਿਚ ਭਾਰਤੀ ਸਫ਼ਾਰਤਖ਼ਾਨਿਆਂ ਅੱਗੇ ਕਿਸਾਨੀ ਸੰਘਰਸ਼ ਦੀ ਹਮਾਇਤ ਵਿਚ ਖ਼ਾਲਸਾਈ ਨਿਸ਼ਾਨ ਸਾਹਿਬ ਦੀ ਛੱਤਰ ਛਾਇਆ ਹੇਠ ਰੋਹ ਮੁਜ਼ਾਹਰੇ ਕਰ ਕੇ ਕਾਲੇ ਦਿਨ ਦੇ ਤੌਰ ’ਤੇ ਮਨਾਇਆ ਜਾਵੇਗਾ।
ਸਮਾਗਮ ਦੇ ਅੰਤ ਵਿਚ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਸੋਚ, ਸੰਘਰਸ਼ ਤੇ ਸ਼ਹਾਦਤ ਬਾਰੇ ਸਿੱਖ ਚਿੰਤਕ ਸ. ਅਜਮੇਰ ਸਿੰਘ ਦੀ ਲਿਖੀ ਕਿਤਾਬ ਜਾਰੀ ਕੀਤੀ ਗਈ। ਭਾਈ ਗੁਰਚਰਨ ਸਿੰਘ ਗੁਰਾਇਆ ਨੇ ਪਹਿਲੀ ਭੇਟ ਸਿੱਖ ਪ੍ਰਚਾਰਕ ਭਾਈ ਚਮਕੌਰ ਸਿੰਘ ਸਭਰਾ ਤੇ ਭਾਈ ਕੁਲਵਿੰਦਰ ਸਿੰਘ ਸਭਰਾ ਨੂੰ ਭੇਟ ਕੀਤੀ ਗਈ।
ਖਾਲੜਾ-ਗੁਰਪ੍ਰੀਤ-6-01-ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਏ ਗਏ ਗੁਰਪੁਰਬ ਦੀਆਂ ਵੱਖ-ਵੱਖ ਤਸਵੀਰਾਂ।