
ਕੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਿਰਫ਼ ਪੰਜਾਬ ਪੁਲਿਸ ਤੱਕ ਹੀ ਸੀਮਤ ਸੀ? RAW, IB ਵਰਗੀਆਂ ਕੇਂਦਰੀ ਏਜੰਸੀਆਂ ਦੀ ਕੀ ਕੋਈ ਜ਼ਿੰਮੇਵਾਰੀ ਨਹੀਂ?-ਸਿੱਧੂ
ਕਿਹਾ, BJP ਫਟ ਚੁੱਕੇ ਗੁਬਾਰੇ ਦੀ ਤਰ੍ਹਾਂ ਹੋ ਚੁੱਕੀ ਹੈ
ਇੱਕ ਅਸੁਰੱਖਿਅਤ ਅਤੇ ਡਰੇ ਹੋਏ ਪ੍ਰਧਾਨ ਮੰਤਰੀ ਦੇ ਹੱਥ ਵਿਚ ਭਾਰਤ ਕਦੇ ਵੀ ਸੁਰੱਖਿਅਤ ਨਹੀਂ ਰਹਿ ਸਕਦਾ - ਅਲਕਾ ਲਾਂਬਾ
ਚੰਡੀਗੜ੍ਹ : 5 ਜਨਵਰੀ ਨੂੰ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੌਰਾਨ ਉਨ੍ਹਾਂ ਨੂੰ ਫ਼ਿਰੋਜ਼ਪੁਰ ਵਿਖੇ ਰੈਲੀ ਕੀਤੇ ਬਿਨ੍ਹਾ ਹੀ ਵਾਪਸ ਜਾਣਾ ਪਿਆ ਸੀ ਜਿਸ ਤੋਂ ਬਾਅਦ ਹਰ ਸਿਆਸਤਦਾਨ ਵਲੋਂ ਵੱਖ ਵੱਖ ਪ੍ਰਤੀਕਿਰਿਆ ਦਿਤੀ ਜਾ ਰਹੀ ਹੈ। ਅੱਜ ਪ੍ਰੈਸ ਕਾਨਫਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਇਸ ਮਸਲੇ ਬਾਰੇ ਕਾਫੀ ਲੰਬੀ ਚੌੜੀਗੱਲ ਕੀਤੀ।
ਨਵਜੋਤ ਸਿੱਧੂ ਨੇ ਕਿਹਾ ਕਿ ਸਾਡੇ ਕਿਸਾਨ ਹੱਕੀ ਮੰਗਾਂ ਲਈ ਕਰੀਬ ਡੇਢ ਸਾਲ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਰਹੇ। ਪ੍ਰਧਾਨ ਮੰਤਰੀ ਵਲੋਂ ਕਿਸਾਨਾਂ ਦੀ ਕਮਾਈ ਦੁੱਗਣੀ ਕਰਨ ਦੀ ਗੱਲ ਆਖੀ ਸੀ ਪਰ ਉਹ ਦੁੱਗਣੀ ਤਾਂ ਨਹੀਂ ਹੋਈ ਸਗੋਂ ਜੋ ਕਿਸਾਨਾਂ ਦੇ ਪੱਲੇ ਸੀ ਉਹ ਵੀ ਖੋਹ ਲਿਆ। ਸਾਡੀ ਪੱਗ, ਸਾਡੇ ਕਿਸਾਨਾਂ, ਜਿਨ੍ਹਾਂ ਦੀ ਸਫ਼ਲਤਾ ਨੂੰ ਰੋਕਿਆ ਨਹੀਂ ਜਾ ਸਕਦਾ, ਉਨ੍ਹਾਂ ਨੂੰ ਤੁਸੀਂ ਅਤਿਵਾਦੀ,ਖ਼ਾਲਿਸਤਾਨੀ ਅਤੇ ਮਵਾਲੀ ਦਾ ਨਾਮ ਦਿਤਾ। ਪੰਜਾਬ ਵਿਚ 60 ਫ਼ੀਸਦ ਕਿਸਾਨ ਤੁਹਾਡੇ ਵਿਰੋਧ ਵਿਚ ਤਾਂ ਖੜ੍ਹੇ ਹੋ ਸਕਦੇ ਹਨ ਪਰ ਇਹ ਮੰਨਣਯੋਗ ਨਹੀਂ ਕਿ ਉਨ੍ਹਾਂ ਵਿਚੋਂ ਇੱਕ ਵਿਚ ਵੀ ਹਿੰਸਾ ਸੀ।
PC
ਉਨ੍ਹਾਂ ਵਿਚੋਂ ਇੱਕ ਵਿਅਕਤੀ ਵੀ ਅਜਿਹਾ ਨਹੀਂ ਸੀ ਜਿਸ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਾਨ ਦਾ ਖ਼ਤਰਾ ਹੋਵੇ। ਅਸੀਂ ਪੰਜਾਬੀਅਤ ਵਿਚ ਅਤੇ ਦੇਸ਼ ਪ੍ਰੇਮ ਵਿਚ ਬੰਨ੍ਹੇ ਹੋਏ ਹਾਂ ਇਸ ਲਈ ਆਪਣੀ ਜਾਨ ਨੂੰ ਖ਼ਤਰਾ ਦੱਸ ਕੇ ਜੋ ਸਾਡੇ ਸਾਰਿਆਂ ਦੇ ਨਾਮ 'ਤੇ ਕਾਲਖ ਪੋਥਣ ਦਾ ਯਤਨ ਕੀਤਾ ਜਾ ਰਿਹਾ ਹੈ ਉਹ ਕਦੇ ਵੀ ਸਫਲ ਨਹੀਂ ਹੋਵੇਗਾ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਪੰਜਾਬ ਵਿਚ ਨਾ ਤਾਂ ਤੁਹਾਡੇ ਲਈ ਵੋਟ ਹੈ ਅਤੇ ਨਾ ਹੀ ਸਪੋਰਟ। ਪੰਜਾਬ ਵਿਚ ਤੁਹਾਡਾ ਕੋਈ ਅਧਾਰ ਨਹੀਂ ਹੈ। ਇਹ ਇੱਕ ਡੇਢ ਮਹੀਨਾ ਪੰਜਾਬ ਵਿਚ ਅਜਿਹੇ ਹਾਲਾਤ ਬਣਾ ਕੇ ਸੂਬੇ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਪੰਜਾਬੀ ਤਾਂ ਕਹਿੰਦੇ ਹਨ ਕਿ ਇਨ੍ਹਾਂ ਦੇ ਪੱਲੇ ਕੱਖ ਨਹੀਂ ਹੈ, ਇਹ ਸਿਰਫ਼ ਗੰਦ ਪਾਉਣ ਆਏ ਹਨ।
ਨਵਜੋਤ ਸਿੱਧੂ ਨੇ ਕਿਹਾ ਕਿ ਭਾਜਪਾ ਹੋਰ ਸੂਬਿਆਂ ਵਿਚ ਚੋਣ ਮੈਦਾਨ ਵਿਚ ਉਤਰਨਾ ਚਾਹੁੰਦੀ ਹੈ। ਜਿਥੇ ਜਿਥੇ ਵੀ ਭਾਜਪਾ ਇਹੋ ਜਿਹੇ ਸਵਾਂਗ ਰਚਾਉਂਦੀ ਹੈ ਉਥੇ ਰਾਜਨੀਤੀ ਮੁੱਦਾਹੀਣ ਹੋ ਜਾਂਦੀ ਹੈ। ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੇ ਮੁੱਦੇ ਕਿਥੇ ਗਏ? ਪੰਜਾਬ ਦੇ ਮਸਲਿਆਂ, ਨੌਜਵਾਨ ਪੀੜ੍ਹੀ, ਪੰਜਾਬ ਦੀ ਕਿਰਸਾਨੀ ਵਰਗੇ ਮੁੱਦਿਆਂ ਦੀ ਗੱਲ ਕਿਸ ਨੇ ਕੀਤੀ ਹੈ?
PC
ਇਹ ਸਿਰਫ਼ ਸੁਰੱਖਿਆ ਦਾ ਰੱਟਾ ਲਗਾਇਆ ਹੋਇਆ ਹੈ ਅਤੇ ਦੋ ਤਿੰਨ ਤੋਤੇ ਰੱਖੇ ਹੋਏ ਹਨ। ਸਭ ਤੋਂ ਵੱਡਾ ਤੋਤਾ ਸਾਡਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ ਪਿੰਜਰੇ 'ਚ ਬੰਦ ਹੈ। ਦਿੱਲੀਓਂ ਚੂਰੀ ਪੈਂਦੀ ਤੇ ਤੋਤਾ ਸਿਕਿਉਰਿਟੀ..ਸਿਕਿਉਰਿਟੀ...ਸਿਕਿਉਰਿਟੀ ਕਰਦਾ। ਭਾਜਪਾ ਨੇ ਅਜਿਹੇ ਕਈ ਤੋਤੇ ਰੱਖੇ ਹੋਏ ਹਨ ਜਿਨ੍ਹਾਂ ਨੇ ਕਦੇ ਵੀ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕੀਤੀ।
ਉਨ੍ਹਾਂ ਸਵਾਲ ਕਰਦਿਆਂ ਕਿਹਾ, 'ਕੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਿਰਫ਼ ਪੰਜਾਬ ਪੁਲਿਸ ਤੱਕ ਹੀ ਸੀਮਤ ਸੀ? RAW, IB ਵਰਗੀਆਂ ਕੇਂਦਰੀ ਏਜੰਸੀਆਂ ਦੀ ਕੀ ਕੋਈ ਜ਼ਿੰਮੇਵਾਰੀ ਨਹੀਂ?' ਉਨ੍ਹਾਂ ਕਿਹਾ ਕਿ ਮੈਨੂੰ ਕੋਈ ਜਵਾਬ ਦੇਵੇ ਕਿ 70 ਹਜ਼ਾਰ ਕੁਰਸੀਆਂ 'ਤੇ 500 ਬੰਦੇ ਬੈਠਣਾ, ਇਹ ਕੀ ਦਰਸਾਉਂਦਾ ਹੈ? ਇਹ ਕਹਿੰਦੇ ਸਨ ਕੀ ਵਿਰੋਧੀ ਪਾਰਟੀਆਂ ਵਿਚੋਂ ਕਈ ਭਾਜਪਾ ਵਿਚ ਸ਼ਾਮਲ ਹੋਣਗੇ ਪਰ ਇਨ੍ਹਾਂ ਦੀ ਫੂਕ ਨਿਕਲ ਗਈ ਹੈ।
ਲੋਕੀ ਮੌਤ ਦੇ ਖੂਹ ਵਿਚ ਛਾਲ ਮਾਰਨੀ ਪਸੰਦ ਕਰਨਗੇ ਪਰ ਇਨ੍ਹਾਂ ਦੀ ਪਾਰਟੀ ਵਿਚ ਸ਼ਾਮਲ ਨਹੀਂ ਹੋਣਗੇ। ਹੁਣ ਸਭ ਸਾਫ਼ ਹੋ ਗਿਆ ਹੈ ਕਿ ਪੰਜਾਬ ਵਿਚੋਂ ਇਨ੍ਹਾਂ ਦੀ ਹਮਾਇਤ ਵਿਚ ਕੋਈ ਨਹੀਂ ਹੈ।
ਇਸ ਮੌਕੇ ਕਾਂਗਰਸ ਮੰਤਰੀ ਅਲਕਾ ਲਾਂਬਾ ਨੇ ਕਿਹਾ ਕਿ ਇਹ ਸਿਰਫ਼ ਚੋਣ ਸਟੰਟ ਹੈ। ਸਾਡੇ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਦਿੱਲੀ ਵਿਖੇ ਸੰਘਰਸ਼ ਕਰਦੇ ਰਹੇ ਅਤੇ ਕਰੀਬ 700 ਕਿਸਾਨ ਸ਼ਹੀਦ ਹੋ ਗਏ। ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਦਾ ਮੁੱਦਾ ਚੁੱਕਿਆ ਜਾ ਰਿਹਾ ਹੈ ਪਰ ਸੱਚ ਤਾਂ ਇਹ ਹੈ ਕਿ ਮੋਦੀ ਜੀ ਨੂੰ ਆਪਣੀ ਕਰ ਦਾ ਸ਼ੀਸ਼ਾ ਵੀ ਥੱਲੇ ਨਹੀਂ ਕੀਤਾ ਹੋਣਾ ਅਤੇ ਪੰਜਾਬ ਦੀ ਹਵਾ ਦਾ ਝੋਕਾ ਵੀ ਉਨ੍ਹਾਂ ਨੂੰ ਨਹੀਂ ਛੂਹ ਸਕਿਆ ਹੋਣਾ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਉਨ੍ਹਾਂ ਦੀ ਸੁਰੱਖਿਆ ਵਿਚ ਕੁਤਾਹੀ ਹੋਈ ਹੈ ਤਾਂ ਇਸ ਦਾ ਮਤਲਬ ਇਹ ਕਿ ਭਾਰਤ ਦੀ ਜਨਤਾ ਵੀ ਸੁਰੱਖਿਅਤ ਨਹੀਂ ਹੈ। ਅਲਕਾ ਲਾਂਬਾ ਨੇ ਕਿਹਾ ਇੱਕ ਅਸੁਰੱਖਿਅਤ ਅਤੇ ਡਰੇ ਹੋਏ ਪ੍ਰਧਾਨ ਮੰਤਰੀ ਦੇ ਹੱਥ ਵਿਚ ਭਾਰਤ ਕਦੇ ਵੀ ਸੁਰੱਖਿਅਤ ਨਹੀਂ ਰਹਿ ਸਕਦਾ। ਉਨ੍ਹਾਂ ਕਿਹਾ, ''ਸੁਪ੍ਰੀਮ ਕੋਰਟ ਨੇ ਇਸ ਮਾਮਲੇ ਦੀ ਜਾਂਚ ਬਠਿੰਡਾ ਸੈਸ਼ਨ ਜੱਜ ਦੇ ਅਧੀਨ ਕਰਵਾਉਣ ਦੇ ਹੁਕਮ ਦੇ ਕੇ ਪੰਜਾਬ, ਪੰਜਾਬੀਅਤ ਅਤੇ ਪੰਜਾਬ ਸਰਕਾਰ 'ਤੇ ਭਰੋਸਾ ਦਿਖਾਇਆ ਹੈ। ਜੇਕਰ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਸ ਦਾ ਫੈਸਲਾ ਵੀ ਪੰਜਾਬ ਦੇ ਅੰਦਰ ਹੀ ਹੋਵੇਗਾ। ਇਹ ਪੰਜਾਬ ਦੀ ਵੱਡੀ ਜਿੱਤ ਹੈ।''