
ਕਾਂਗਰਸ ਤੇ ‘ਆਪ’ ਦੇ ਆਗੂ ਝੂਠ ਦਾ ਪੁਲੰਦਾ : ਕੈਪਟਨ ਅਮਰਿੰਦਰ ਸਿੰਘ
ਖੇੜਕੀ ਨੇ ਕੀਤੀ ਪੰਜਾਬ ਲੋਕ ਕਾਂਗਰਸ ਵਿਚ ਸ਼ਮੂਲੀਅਤ
ਸਮਾਣਾ, 6 ਜਨਵਰੀ (ਦਲਜਿੰਦਰ ਸਿੰਘ/ਚਮਕੌਰ ਮੋਤੀਫ਼ਾਰਮ) : ਕਾਂਗਰਸ ਪਾਰਟੀ ਦੇ ਆਗੂ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਸਮੇਤ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨਿਰਾ ਝੂਠ ਦਾ ਪੁਲੰਦਾ ਹਨ ਜੋ ਆਪੋ-ਅਪਣੀ ਸਰਕਾਰ ਬਣਾਉਣ ਲਈ ਲੋਕਾਂ ਨੂੰ ਝੂਠੇ ਲਾਲਚ ਦੇ ਕੇ ਲਾਰੇ ਲਗਾ ਰਹੇ ਹਨ, ਇਹ ਪ੍ਰਗਟਾਵਾ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਥਾਨਕ ਮੈਰਿਜ਼ ਪੈਲੇਸ ’ਚ ਕਾਂਗਰਸ ਪਾਰਟੀ ਛੱਡ ਕੇ ਪੰਜਾਬ ਲੋਕ ਕਾਂਗਰਸ ਵਿਚ ਸ਼ਾਮਲ ਹੋਏ ਸੀਨੀਅਰ ਆਗੂ ਸੁਰਿੰਦਰ ਸਿੰਘ ਖੇੜਕੀ ਵਲੋਂ ਕਰਵਾਏ ਵਿਸ਼ਾਲ ਸਮਾਗਮ ’ਚ ਸ਼ਮੂਲੀਅਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਿੱਧੂ ਤੇ ਕੇਜਰੀਵਾਲ ਵਧ-ਚੜ੍ਹ ਕੇ ਸਹੂਲਤਾਂ ਦੇ ਐਲਾਨ ਕਰ ਰਹੇ ਹਨ ਉਹ ਪੈਸਾ ਕਿਥੋਂ ਆਵੇਗਾ ਕਿਸੇ ਆਗੂ ਨੂੰ ਪਤਾ ਨਹੀਂ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਸਰਕਾਰ ਦੌਰਾਨ ਲੱਖਾਂ ਨੌਜਵਾਨ ਲੜਕੇ-ਲੜਕੀਆਂ ਨੂੰ ਨੌਕਰੀਆਂ ਦੇ ਕੇ ਰੁਜ਼ਗਾਰ ਮੁਹਈਆ ਕਰਵਾਇਆ ਗਿਆ ਤੇ ਨਸ਼ਿਆਂ ਦੇ ਖ਼ਾਤਮੇ ਲਈ ਹਰ ਇਕ ਯਤਨ ਕੀਤਾ ਗਿਆ, ਜਿਸ ਨਾਲ ਕਾਫੀ ਹੱਦ ਤਕ ਨਸ਼ਿਆਂ ’ਤੇ ਰੋਕ ਲੱਗੀ ਸੀ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਹੁਣ ਫਿਰ ਦੁਬਾਰਾ ਸ਼ਰੇਆਮ ਨਸ਼ਿਆਂ ਦੀ ਵਿਕਰੀ ਹੋ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਆ ਕੇ ਇਕ ਰੈਲੀ ਨੂੰ ਸੰਬੋਧਨ ਕੀਤੇ ਬਿਨਾਂ ਚਲੇ ਜਾਣਾ ਤੇ ਉਨ੍ਹਾਂ ਦੀ ਸੁਰੱਖਿਆ ’ਚ ਸੰਨ੍ਹ ਲਗਣਾ ਬਹੁਤ ਮਾੜੀ ਘਟਨਾ ਹੈ, ਜਿਸ ਨਾਲ ਦੁਨੀਆਂ ਭਰ ਵਿਚ ਪੰਜਾਬ ਦਾ ਨਾਮ ਕਲੰਕਿਤ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਾਇਰ ਅਤੇ ਡਰਪੋਕ ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਅਪਣੀ ਜ਼ਿੰਮੇਵਾਰੀ ਤੋਂ ਭੱਜ ਕੇ ਐਸਐਮਪੀ, ਆਈਜੀ ਨੂੰ ਸਸਪੈਂਡ ਕਰਨਾ ਜਾਂ ਪੁਲਿਸ ਨੂੰ ਦੋਸ਼ ਦੇ ਕੇ ਚੰਨੀ ਤੇ ਰੰਧਾਵਾ ਨੇ ਅਪਣੀ ਕਾਇਰਤਾ ਦਾ ਪ੍ਰਮਾਣ ਦਿਤਾ ਹੈ।
ਉਨ੍ਹਾਂ ਇਸ ਨੂੰ ਸੂਬਾ ਸਰਕਾਰ ਦੀ ਵੱਡੀ ਗ਼ਲਤੀ ਦਸਦਿਆਂ ਕਿਹਾ ਕਿ ਇਸ ਮਾਮਲੇ ’ਚ ਪੰਜਾਬ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਸਾਨਾਂ ਵਲੋਂ ਅੰਦੋਲਨ ਖ਼ਤਮ ਹੋਣ ’ਤੇ ਵੀ ਆਗੂਆਂ ਦੇ ਰਾਹ ਰੋਕਣ ਸਬੰਧੀ ਪੁੱਛੇ ਜਾਣ ’ਤੇ ਕਿਹਾ ਕਿ ਜਿਸ ਘਰ ਦਾ ਜੀਅ ਚਲਾ ਜਾਵੇ ਉਸ ਵਿਚ ਗੁੱਸਾ ਤਾਂ ਹੁੰਦਾ ਹੀ ਹੈ। ਇਸ ਮੌਕੇ ਉਨ੍ਹਾਂ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਭਰਤਇੰਦਰ ਸਿੰਘ ਚਾਹਲ, ਸੰਦੀਪ ਸਿੰਗਲਾ, ਜਗਦੀਸ਼ ਜੱਗਾ ਰਾਜਪੁਰਾ, ਰਮੇਸ਼ ਸਿੰਗਲਾ, ਠੇਕੇਦਾਰ ਪ੍ਰਮੋਦ ਸਿੰਗਲਾ, ਵਿਜੈ ਅਗਰਵਾਲ, ਲਖਬੀਰ ਸਿੰਘ ਖੁਹੰਟੀ ਛੰਨਾ, ਕ੍ਰਿਸ਼ਨ ਠੇਕੇਦਾਰ, ਪਵਨ ਕੁਮਾਰ ਪੱਨੀ, ਸਵਰਨ ਸਿੰਘ ਮਠਾੜੂ, ਲਲਿਤ ਭੱਲਾ, ਦਮਨ ਭੱਲਾ ਆਦਿ ਹਾਜ਼ਰ ਸਨ।
ਫੋਟੋ ਨੰ 6ਪੀਏਟੀ. 8
ਫੋਟੋ 6 ਚਮਕੌਰ ਮੋਤੀਫ਼ਾਰਮ
ਕੈਪਟਨ
ਅਮਰਿੰਦਰ ਸਿੰਘ ਦਾ ਸਨਮਾਨ ਕਰਦੇ ਹੋਏ ਸੁਰਿੰਦਰ ਸਿੰਘ ਖੇੜਕੀ। ਫੋਟੋ: ਚਮਕੌਰ ਮੋਤੀਫ਼ਾਰਮ