
ਫੌਜਾ ਸਿੰਘ ਸਰਾਰੀ ਦੀ ਜਗ੍ਹਾ ਮਿਲਿਆ ਮੰਤਰੀ ਦਾ ਅਹੁਦਾ
ਚੰਡੀਗੜ੍ਹ - ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਬੀਰ ਸਿੰਘ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਮਿਲ ਗਿਆ ਹੈ ਤੇ ਅੱਜ ਉਹਨਾਂ ਨੇ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਡਾ. ਬਲਬੀਰ ਸਿੰਘ ਅਪਣੇ ਪਰਿਵਾਰ ਸਮੇਤ ਰਾਜ ਭਵਨ ਪਹੁੰਚੇ ਸਨ। ਇਸ ਮੌਕੇ ਸੀਐਮ ਭਗਵੰਤ ਮਾਨ, ਡੀਜੀਪੀ, ਆਮ ਆਦਮੀ ਪਾਰਟੀ ਦੇ ਪ੍ਰਧਾਨ ਰਾਘਵ ਚੱਢਾ ਅਤੇ ਹਰਪਾਲ ਚੀਮਾ ਵੀ ਪਹੁੰਚੇ। ਜਿੱਥੇ ਉਹਨਾਂ ਨੂੰ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਵਾਈ ਅਤੇ ਹੁਣ ਉਹਨਾਂ ਨੂੰ ਸਿਹਤ ਮੰਤਰੀ ਬਣਾ ਦਿੱਤਾ ਗਿਆ ਹੈ ਕਿਉਂਕਿ ਉਹ ਨਾਮਵਰ ਆਈ ਸਰਜਨ ਹਨ।
ਦੱਸ ਦਈਏ ਕਿ ਨਵਾਂਸ਼ਹਿਰ ਦੇ ਨੇੜੇ ਪਿੰਡ ਭੌਰਾ ਵਿਚ ਇੱਕ ਗਰੀਬ ਕਿਸਾਨ ਦੇ ਘਰ ਜਨਮੇ ਡਾ. ਬਲਬੀਰ ਸਿੰਘ ਨੇ ਆਪਣੇ ਸ਼ੁਰੂਆਤੀ ਜੀਵਨ ਵਿਚ ਪਾਣੀਆਂ ਵਿਚੋਂ ਮੱਛੀਆਂ ਫੜੀਆਂ ਸਨ। ਥੋੜ੍ਹੇ ਜਿਹੇ ਸਾਧਨਾਂ ਦੇ ਕਾਰਨ, ਉਨ੍ਹਾਂ ਨੇ ਆਪਣੇ ਜੱਦੀ ਪਿੰਡ ਵਾਸੀਆਂ ਅਤੇ ਅਪਣੇ ਅਧਿਆਪਕਾਂ ਵੱਲੋਂ ਦਿੱਤੇ ਵਿੱਤੀ ਯੋਗਦਾਨ ਤੋਂ ਸਿੱਖਿਆ ਪ੍ਰਾਪਤ ਕੀਤੀ। ਇਸ ਤੋਂ ਬਾਅਦ ਆਪਣੀ ਲਗਨ, ਮਿਹਨਤ ਅਤੇ ਵਚਨਬੱਧਤਾ ਨਾਲ ਇੱਕ ਨਾਮਵਰ ਆਈ ਸਰਜਨ ਬਣ ਗਏ।
ਇੱਕ ਡਾਕਟਰ ਹੋਣ ਦੇ ਨਾਤੇ, ਡਾ. ਬਲਬੀਰ ਸਿੰਘ ਨੇ ਲੱਖਾਂ ਮਰੀਜ਼ਾਂ ਦਾ ਬਹੁਤ ਘੱਟ ਖ਼ਰਚੇ 'ਤੇ ਇਲਾਜ ਕੀਤਾ ਅਤੇ ਹਜ਼ਾਰਾਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡਣ ਤੋਂ ਇਲਾਵਾ 30000 ਤੋਂ ਵੱਧ ਨੇਤਰਹੀਣ ਲੋਕਾਂ ਨੂੰ ਰੌਸ਼ਨੀ ਦੀ ਦਾਤ ਦਿੱਤੀ। ਦੇਸ਼ ਭਰ ਦੀਆਂ ਸੂਬਾਂ ਸਰਕਾਰਾਂ ਤੋਂ ਬਹੁਤ ਸਾਰੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਡਾ. ਬਲਬੀਰ ਸਿੰਘ ਨੇ 2014 ਵਿਚ ਰਾਜਨੀਤੀ ਵਿਚ ਪ੍ਰਵੇਸ਼ ਕੀਤਾ ਅਤੇ ਪਟਿਆਲਾ ਲੋਕ ਸਭਾ ਸੀਟ 'ਤੇ 'ਆਪ' ਦੀ ਜਿੱਤ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਡਾ: ਬਲਬੀਰ ਨੇ ਸਖ਼ਤ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦੌਰਾਨ ਦਿੱਲੀ ਦੀਆਂ ਸਰਹੱਦਾਂ 'ਤੇ "ਮੁਫ਼ਤ ਦਵਾਈਆਂ ਅਤੇ ਡਾਕਟਰੀ ਸੇਵਾਵਾਂ ਦੇ ਲੰਗਰ" ਦਾ ਆਯੋਜਨ ਵੀ ਕੀਤਾ। ਡਾ. ਬਲਬੀਰ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਟਿਆਲਾ ਦਿਹਾਤੀ ਤੋਂ 50000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ।