
ਖੜ੍ਹੀਆਂ ਬੱਸਾਂ 'ਚ ਲੱਗੇ ਟਰੈਕਿੰਗ ਸਿਸਟਮ ਦੇ ਪ੍ਰਾਈਵੇਟ IT ਕੰਪਨੀ ਨੂੰ ਦੇਣੇ ਪੈ ਰਹੇ ਨੇ ਲੱਖਾਂ ਰੁਪਏ
ਪੰਜਾਬ ਰੋਡਵੇਜ਼ 'ਚ ਡਰਾਈਵਰਾਂ ਅਤੇ ਕੰਡਕਟਰਾਂ ਦੀ ਘਾਟ
ਕਬਾੜ ਬਣਨ ਦੀ ਕਗਾਰ 'ਤੇ ਹਨ ਡਿੱਪੂਆਂ 'ਚ ਖੜ੍ਹੀਆਂ ਕਰੀਬ 600 ਬੱਸਾਂ
ਮੋਹਾਲੀ : ਟਰਾਂਸਪੋਰਟ ਵਿਭਾਗ ਵੱਲੋਂ ਡਰਾਈਵਰਾਂ ਅਤੇ ਕੰਡਕਟਰਾਂ ਦੀ ਰੈਗੂਲਰ ਭਰਤੀ ਨਾ ਕਰਨ ਹੋਣ ਕਾਰਨ ਸਟਾਫ ਦੀ ਘਾਟ ਹੋ ਗਈ ਹੈ ਜਿਸ ਦੇ ਚਲਦੇ ਪੰਜਾਬ ਰੋਡਵੇਜ਼ ਦੀਆਂ ਸੈਂਕੜੇ ਬੱਸਾਂ ਡਿੱਪੂਆਂ ਵਿੱਚ ਖੜ੍ਹੀਆਂ ‘ਜਾਮ’ ਹੋ ਰਹੀਆਂ ਹਨ। ਜਾਣਕਾਰੀ ਅਨੁਸਾਰ 600 ਦੇ ਕਰੀਬ ਬੱਸਾਂ ਕਬਾੜ ਬਣਨ ਦੀ ਕਗਾਰ 'ਤੇ ਹਨ।
ਭਰਤੀ ਨਾ ਹੋਣ ਕਰਕੇ ਇਨ੍ਹਾਂ ਬੱਸਾਂ ਨੂੰ ਚਲਾਉਣ ਲਈ ਸਟਾਫ ਹੀ ਨਹੀਂ ਹੈ। ਵਿਭਾਗ ਦੀ ਇਸ ਅਣਦੇਖੀ ਕਰ ਕੇ ਸਟਾਫ਼ ਦੋ-ਦੋ ਦਿਨ ਬਾਅਦ ਬੱਸਾਂ ਬਦਲ-ਬਦਲ ਕੇ ਚਲਾ ਰਿਹਾ ਹੈ। ਡਿੱਪੂਆਂ ਵਿੱਚ ਖੜ੍ਹੀਆਂ ਇਨ੍ਹਾਂ ਬੱਸਾਂ ਦੀਆਂ ਬੈਟਰੀਆਂ ਤੇ ਟਾਇਰ ਖਰਾਬ ਹੋ ਰਹੇ ਹਨ। ਇਸ ਤੋਂ ਇਲਾਵਾ ਬੱਸਾਂ ਦੀਆਂ ਖਿੜਕੀਆਂ ਅਤੇ ਸ਼ੀਸ਼ੇ ਜਾਮ ਹੋ ਚੁੱਕੇ ਹਨ।
ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਬੱਸਾਂ ਵਿੱਚ ਲੱਗੇ ਹੋਏ ਵੀ.ਟੀ.ਐਸ. (ਵਹੀਕਲ ਟਰੈਕਿੰਗ ਸਿਸਟਮ) ਦੇ ਪ੍ਰਤੀ ਬੱਸ ਪ੍ਰਾਈਵੇਟ ਆਈ.ਟੀ. ਕੰਪਨੀ ਨੂੰ ਲੱਖਾਂ ਰੁਪਏ ਦੇਣੇ ਪੈ ਰਹੇ ਹਨ ਪਰ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀ ਹੀ ਇਨ੍ਹਾਂ ਬੱਸਾਂ ਨੂੰ ਚਲਾਉਣ ਲਈ ਦਿਲਚਸਪੀ ਨਹੀਂ ਦਿਖਾ ਰਹੇ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਹੈ ਕਿ ਹੋਰਨਾਂ ਸੂਬਿਆਂ ਦੀਆਂ ਬੱਸਾਂ ਪੰਜਾਬ ਵਿੱਚੋਂ ਸਵਾਰੀਆਂ ਲਿਜਾ ਰਹੀਆਂ ਹਨ ਪਰ ਸਟਾਫ਼ ਦੀ ਘਾਟ ਕਾਰਨ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੀਆਂ ਆਪਣੀਆਂ ਬੱਸਾਂ ਡਿੱਪੂਆਂ ਵਿੱਚ ਹੀ ਬੰਦ ਹਨ।
ਇਸ ਮਾਮਲੇ ਬਾਰੇ ਟਰਾਂਸਪੋਰਟ ਸਕੱਤਰ ਵਿਕਾਸ ਗਰਗ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਬੱਸਾਂ ਨੂੰ ਚਲਾਉਣ ਲਈ ਆਊਟਸੋਰਸਿੰਗ ਰਾਹੀਂ ਸਟਾਫ਼ ਦੀ ਭਰਤੀ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੋ ਰਿਹਾ ਕਿਉਂਕਿ ਹਰ ਵਾਰ ਯੂਨੀਅਨ ਦੀਆਂ ਹੜਤਾਲਾਂ ਕਰ ਕੇ ਭਰਤੀ ਪ੍ਰਭਾਵਿਤ ਹੁੰਦੀ ਹੈ। ਟਰਾਂਸਪੋਰਟ ਸਕੱਤਰ ਵਿਕਾਸ ਗਰਗ ਨੇ ਜਲਦ ਹੀ ਸਟਾਫ਼ ਭਰਤੀ ਕਰ ਕੇ ਖੜ੍ਹੀਆਂ ਬੱਸਾਂ ਨੂੰ ਚਲਾਏ ਜਾਣ ਦੀ ਗੱਲ ਵੀ ਆਖੀ ਹੈ।