Punjab School Holidays News: 13 ਜਨਵਰੀ ਤੱਕ ਬੰਦ ਰਹਿਣਗੇ ਸਕੂਲ, ਵਧਦੀ ਠੰਢ ਦੇ ਮੱਦੇਨਜ਼ਰ ਲਿਆ ਫ਼ੈਸਲਾ
ਚੰਡੀਗੜ੍ਹ: ਪੰਜਾਬ ਵਿੱਚ ਕੜਾਕੇ ਦੀ ਠੰਢ ਨੂੰ ਮੱਦੇਨਜ਼ਰ ਰੱਖਦੇ ਹੋਏ ਸੂਬੇ ਦੇ ਸਕੂਲਾਂ ਵਿੱਚ 13 ਜਨਵਰੀ ਤੱਕ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਹੁਣ 14 ਜਨਵਰੀ ਨੂੰ ਸਕੂਲ ਖੁੱਲ੍ਹਣਗੇ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਜਾਣਕਾਰੀ ਦਿੱਤੀ ਹੈ।
ਹਰਜੋਤ ਬੈਂਸ ਨੇ ਟਵੀਟ ਕਰਦਿਆਂ ਲਿਖਿਆ ਕਿ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸੂਬੇ ਵਿੱਚ ਲਗਾਤਾਰ ਵੱਧ ਰਹੀ ਠੰਢ ਅਤੇ ਧੁੰਦ ਨੂੰ ਦੇਖਦਿਆਂ, ਬੱਚਿਆਂ ਅਤੇ ਸਟਾਫ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਦੇ ਸਾਰੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ 13 ਜਨਵਰੀ ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ। ਹੁਣ ਸੂਬੇ ਦੇ ਸਾਰੇ ਸਕੂਲ 14 ਜਨਵਰੀ ਤੋਂ ਆਮ ਦਿਨਾਂ ਵਾਂਗ ਖੁੱਲ੍ਹਣਗੇ।
photo
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੂਬੇ ਵਿੱਚ 1 ਤੋਂ 7 ਜਨਵਰੀ ਤੱਕ ਸਕੂਲਾਂ ਦੀਆਂ ਛੁੱਟੀਆਂ ਵਧਾਈਆਂ ਗਈਆਂ ਸਨ, ਪਰ ਮੌਸਮ ਵਿੱਚ ਸੁਧਾਰ ਨਾ ਹੋਣ ਅਤੇ ਲਗਾਤਾਰ ਵਧਦੀ ਠੰਢ ਕਾਰਨ ਸਰਕਾਰ ਨੂੰ ਛੁੱਟੀਆਂ ਅੱਗੇ ਵਧਾਉਣ ਦਾ ਫ਼ੈਸਲਾ ਲੈਣਾ ਪਿਆ।
ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਭਰ ਵਿਚ ਸੀਤ ਲਹਿਰ ਚੱਲ ਰਹੀ ਹੈ। ਜਿਸ ਨਾਲ ਤਾਪਮਾਨ ਵਿਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਸਵੇਰ ਅਤੇ ਸ਼ਾਮ ਵੇਲੇ ਪੈ ਰਹੀ ਸੰਘਣੀ ਧੁੰਦ ਕਾਰਨ ਆਵਾਜਾਈ ਵਿਚ ਭਾਰੀ ਦਿੱਕਤ ਆ ਰਹੀ ਹੈ, ਜਿਸ ਕਾਰਨ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਮਾਪਿਆਂ ਵਿਚ ਚਿੰਤਾ ਪਾਈ ਜਾ ਰਹੀ ਸੀ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸੂਬਾ ਸਰਕਾਰ ਨੇ ਸਕੂਲਾਂ ਵਿਚ ਛੁੱਟੀਆਂ ਵਧਾ ਦਿੱਤੀਆਂ ਹਨ।
ਪੰਜਾਬ ਵਿੱਚ ਇਸ ਵੇਲੇ 19,000 ਤੋਂ ਵੱਧ ਸਰਕਾਰੀ ਸਕੂਲ ਹਨ, ਜਿਨ੍ਹਾਂ ਵਿੱਚ ਲਗਭਗ 35 ਲੱਖ ਵਿਦਿਆਰਥੀ ਪੜ੍ਹਦੇ ਹਨ। ਮੌਸਮ ਵਿਭਾਗ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ 7 ਜਨਵਰੀ ਤੋਂ ਬਾਅਦ ਠੰਢ ਵਧ ਸਕਦੀ ਹੈ। ਇਸ ਲਈ, ਵਿਭਾਗ ਕੋਈ ਵੀ ਜੋਖ਼ਮ ਲੈਣ ਤੋਂ ਝਿਜਕਦਾ ਹੈ।
