8 ਜਨਵਰੀ ਹੋਵੇਗਾ ਬਲੌਂਗੀ ਵਿਖੇ ਅੰਤਿਮ ਸਸਕਾਰ
ਚੰਡੀਗੜ੍ਹ: ਪੰਜਾਬੀ ਦੀ ਬਹੁ-ਵਿਧਾਵੀ ਲੇਖਿਕਾ ਸੁਰਜੀਤ ਕੌਰ ਬੈਂਸ ਦਾ ਸੰਖੇਪ ਬਿਮਾਰੀ ਤੋਂ ਬਾਅਦ ਅੱਜ ਤੜਕਸਾਰ ਮੋਹਾਲੀ ਦੇ ਆਪਣੇ ਘਰ ਵਿਚ ਦੇਹਾਂਤ ਹੋ ਗਿਆ। ਉਹ 86 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਅੰਤਮ-ਸਸਕਾਰ 8 ਜਨਵਰੀ ਨੂੰ ਦੁਪਹਿਰ 12.30 ਵਜੇ ਬਲੌਂਗੀ, ਮੋਹਾਲੀ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।
ਪੰਜਾਬੀ ਕਵਿਤਾ, ਕਹਾਣੀ ਅਤੇ ਵਾਰਤਕ ਵਿਚ ਇੱਕੋ ਜਿੰਨੀ ਸ਼ਿੱਦਤ ਅਤੇ ਸਮਰੱਥਾ ਨਾਲ਼ ਲਿਖਣ ਵਾਲੇ ਸੁਰਜੀਤ ਕੌਰ ਬੈਂਸ 10 ਦੇ ਕਰੀਬ ਪੁਸਤਕਾਂ ਦੇ ਰਚੇਤਾ ਸਨ। ਉਨ੍ਹਾਂ ਦੀਆਂ ਬੇਹੱਦ ਪਸੰਦ ਕੀਤੀਆਂ ਗਈਆਂ ਕਿਤਾਬਾਂ ਵਿਚ 'ਇਕ ਰਾਤ ਜਾਗਦੀ ਏ' (1969), 'ਰੀਝਾਂ' (2006), 'ਸੁਨੈਣਾ' (2008), 'ਰੇਸ਼ਮੀ ਕੁੜੀ' (2014), 'ਸੁਣ ਸੁਰਜੀਤ' (2018) ਅਤੇ 'ਮੈਂ ਤੇ ਮੇਰੇ' (2023) ਸ਼ਾਮਲ ਹਨ। ਉਨ੍ਹਾਂ ਦੀਆਂ ਲਿਖਤਾਂ ਨਾ ਸਿਰਫ਼ ਜੀਵਨ ਦੀਆਂ ਗਹਿਰਾਈਆਂ ਨੂੰ ਉਜਾਗਰ ਕਰਦੀਆਂ ਹਨ ਸਗੋਂ ਔਰਤਾਂ ਦੇ ਅੰਦਰੂਨੀ ਸੰਘਰਸ਼ਾਂ ਅਤੇ ਸਮਾਜਿਕ ਹਕੀਕਤਾਂ ਨੂੰ ਵੀ ਬੇਬਾਕ ਤਰੀਕੇ ਨਾਲ ਪੇਸ਼ ਕਰਦੀਆਂ ਹਨ।
ਸੁਰਜੀਤ ਕੌਰ ਬੈਂਸ ਆਪਣੀ ਲਿਖਤਾਂ ਵਾਂਗ ਹੀ ਬੇਹੱਦ ਦਿਲਚਸਪ ਅਤੇ ਜ਼ਿੰਦਾ-ਦਿਲ ਇਨਸਾਨ ਸਨ। ਉਨ੍ਹਾਂ ਉਮਰ ਭਰ ਜ਼ਿੰਦਗੀ ਦੀਆਂ ਤਮਾਮ ਮੁਸੀਬਤਾਂ ਦਾ ਹੱਸ ਕੇ ਟਾਕਰਾ ਹੀ ਨਹੀਂ ਕੀਤਾ, ਸਗੋਂ ਸ਼ਬਦਾਂ ਦੇ ਆਸਰੇ ਨਵੇਂ ਰਾਹ-ਰਸਤੇ ਤਲਾਸ਼ ਕਰਨ ਵਿਚ ਵੀ ਸਫਲ ਰਹੇ।
