ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣ ਤਕ ਘਰ ਵਾਪਸੀ ਨਹੀਂ : ਟਿਕੈਤ
ਚਰਖੀ ਦਾਦਰੀ, 7 ਫ਼ਰਵਰੀ : ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁਧ ਪ੍ਰਰਦਸ਼ਨਾਂ ਨੂੰ 'ਨਾਕਾਮ ਨਾ ਹੋਣ ਵਾਲਾ ਜਨ ਅੰਦੋਲਨ' ਕਰਾਰ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਐਤਵਾਰ ਨੂੰ ਕਿਹਾ ਕਿ ਮੰਗਾਂ ਪੂਰੀਆਂ ਹੋਣ ਤਕ ਘਰ ਵਾਪਸੀ ਨਹੀਂ ਹੋਵੇਗੀ |
ਟਿਕੈਤ ਨੇ ਇਥੇ ਕਿਸਾਨ ਮਹਾਂਪੰਚਾਇਤ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ, ਐਮ.ਐਸ.ਪੀ ਪ੍ਰਣਾਲੀ ਨੂੰ ਜਾਰੀ ਰਖਣ ਦਾ ਵਿਸ਼ਵਾਸ਼ ਲਿਆਉਣ ਲਈ ਇਕ ਨਵਾਂ ਕਾਨੂੰਨ ਬਣਾਉਣਾ ਚਾਹੀਦਾ ਹੈ ਅਤੇ ਗਿ੍ਫ਼ਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ, ''ਇਹ ਜਨ ਅੰਦੋਲਨ ਹੈ, ਇਹ ਫ਼ੇਲ ਨਹੀਂ ਹੋਵੇਗਾ |' ਟਿਕੈਤ ਨੇ ਦਾਵਆ ਕੀਤਾ ਕਿ ਨਵੇਂ ਖੇਤੀ ਕਾਨੂੰਨਾਂ ਵਿਰੁਧ ਅੰਦੋਲਨ ਮਜ਼ਬੂਤ ਹੁੰਦਾ ਜਾ ਰਿਹਾ ਹੈ | ਕਈ ਖਾਪ ਆਗੂ ਮਹਾਂਪੰਚਾਇਤ ਵਿਚ ਮੌਜੂਦ ਸਨ | ਟਿਕੈਤ ਨੇ ਅੰਦੋਲਨ ਨੂੰ ਮਜ਼ਬੂਤ ਕਰਨ 'ਚ ਉਨ੍ਹਾਂ ਦੀ ਭੂਮਿਕਾ ਦੀ ਸ਼ਲਾਘਾਂ ਕੀਤੀ | ਦਾਦਰੀ ਤੋਂ ਆਜ਼ਾਦ ਵਿਧਾਇਕ ਅਤੇ ਸਾਂਗਵਾਨ ਖਾਪ ਦੇ ਪ੍ਰਮੁੱਖ ਸੋਮਬੀਰ ਸਾਂਗਵਾਨ ਵੀ ਪ੍ਰੋਗਰਾਮ 'ਚ ਮੌਜੂਦ ਸਨ | ਉਨ੍ਹਾਂ ਪਿਛਲੇ ਸਾਲ ਦਸੰਬਰ 'ਚ ਰਾਜ ਦੀ ਭਾਜਪਾ-ਜਜਪਾ ਸਰਕਾਰ ਤੋਂ ਸਮਰਥਨ
ਵਾਪਸ ਲੈ ਲਿਆ ਸੀ | ਉਨ੍ਹਾਂ ਰਾਜ ਸਰਕਾਰ ਨੂੰ 'ਕਿਸਾਨ ਵਿਰੋਧੀ' ਕਿਹਾ ਹੈ | ਟਿਕੈਤ ਨੇ ਕਿਹਾ ਕਿ ਰਾਜਾ ਹਰਸ਼ਵਰਧਨ ਦੇ ਸ਼ਾਸਨਕਾਲ ਦੇ ਦੌਰ ਤੋਂ ਹੀ ਖਾਪ ਸਮਾਜ 'ਚ ਅਪਣੀ ਭੂਮਿਕਾ ਨਿਭਾਉਂਦੇ ਆ ਰਿਹਾ ਹੈ |
ਸਿੱਖ ਤੇ ਗ਼ੈਰ ਸਿੱਖ ਦੇ ਤੌਰ 'ਤੇ ਵੰਡ ਪਾਉਣ ਦੀ ਕੋਸ਼ਿਸ਼ ਕਰ ਰਹੇ ਕੁੱਝ ਲੋਕ
ਟਿਕੈਤ ਨੇ ਕਿਹਾ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਇਸ ਨੂੰ ਪੰਜਾਬ ਅਤੇ ਹਰਿਆਣਾ ਦਾ ਅੰਦੋਲਨ ਕਰਾਰ ਦਿੰਦੇ ਹੋਏ ਇਸ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਗਈ ਸੀ | ਕਿਸਾਨ ਸੰਗਠਨਾਂ ਵਿਚ ਇਕਜੁੱਟਤਾ ਬਾਰੇ ਦੱਸਦੇ ਹੋਏ ਟਿਕੈਤ ਨੇ ਕਿਹਾ, ''ਮੰਚ ਅਤੇ ਪੰਜ ਨਹੀਂ ਬਦਲਾਂਗੇ | ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਕਿਹਾ, ''ਕੁੱਝ ਲੋਕ ਤੁਹਾਨੂੰ ਸਿੱਖ, ਗ਼ੈਰ ਸਿੱਖ ਦੇ ਤੌਰ 'ਤੇ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਅਸੀਂ ਇਕਜੁੱਟ ਰਹਿਣਾ ਹੈ | ਟਿਕੈਤ ਨੇ ਇਕ ਵਾਰ ਫਿਰ ਪੰਜਾਬ ਬੀਕੇਯੂ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਤਾਰੀਫ਼ ਕੀਤੀ, ਜਿਨ੍ਹਾਂ ਨੇ ਅੰਦੋਲਨ ਦੀ ਸ਼ਾਨਦਾਰ ਅਗਵਾਈ ਕੀਤੀ ਹੈ | ਟਿਕੈਤ ਨੇ ਕਿਹਾ, 'ਰਾਜੇਵਾਲ ਸਾਡੇ ਵੱਡੇ ਆਗੂ ਹਨ | ਅਸੀਂ ਇਹ ਜੰਗ ਮਜ਼ਬੂਤੀ ਨਾਲ ਲੜਾਂਗੇ |''
(ਪੀਟੀਆਈ)