
ਨਹੀਂ ਘਟਿਆ ਕਿਸਾਨਾਂ ਦਾ ਜੋਸ਼, ਕੁੰਡਲੀ ਬਾਰਡਰ ’ਤੇ ਪਹੁੰਚੀਆਂ ਬੀਬੀਆਂ ਨੇ ਪਾਈ ਸਰਕਾਰ ਨੂੰ ਝਾੜ
ਨਵੀਂ ਦਿੱਲੀ, 6 ਫ਼ਰਵਰੀ (ਹਰਦੀਪ ਸਿੰਘ ਭੋਗਲ): ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਸਪੋਕਸਮੈਨ ਦੇ ਪੱਤਰਕਾਰ ਵਲੋਂ ਕੁੰਡਲੀ ਬਾਰਡਰ ’ਤੇ ਪਹੁੰਚੀਆਂ ਮਹਿਲਾਵਾਂ ਜੋ ਕਿ ਖੰਨੇ ਤੋਂ ਆਈਆ ਹਨ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ 30 ਬੀਬੀਆਂ ਦਾ ਜਥਾ ਆਇਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਹੁਣ ਤਾਂ ਮੋਦੀ ਨੂੰ ਮੰਨਣਾ ਚਾਹੀਦਾ ਹੈ। ਬਹੁਤ ਦੁੱਖ ਹੁੰਦਾ ਹੈ ਬਜ਼ੁਰਗਾਂ, ਬੱਚਿਆਂ ਨੂੰ ਕੜਾਕੇ ਦੀ ਠੰਢ ਵਿਚ ਬੈਠੇ ਵੇਖ ਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਘਰਾਂ ਵਿਚ ਬੈਠ ਕੇ ਡਰ ਲਗਦਾ ਸੀ ਉਥੇ ਕੀ ਹੁੰਦਾ ਹੋਵੇਗਾ ਪਰ ਇਥੇ ਤਾਂ ਮੇਲੇ ਵਰਗਾ ਮਾਹੌਲ ਹੈ। ਬੀਬੀ ਮਨਜੀਤ ਕੌਰ ਨੇ ਦਸਿਆ ਕਿ ਉਨ੍ਹਾਂ ਨੂੰ ਇਥੇ ਆ ਕੇ ਬਹੁਤ ਵਧੀਆਂ ਲੱਗਿਆ, ਲੋਕ ਬੜੇ ਪਿਆਰ ਨਾਲ ਰਹਿ ਰਹੇ ਹਨ। ਸ਼ਾਂਤੀਪੂਰਵਕ ਅਪਣਾ ਪ੍ਰਦਰਸ਼ਨ ਕਰ ਰਹੇ ਹਨ। ਸਰਕਾਰ ਇਹ ਕਾਲੇ ਕਾਨੂੰਨ ਵਾਪਸ ਲੈ ਲਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿਚ ਇਥੇ ਆ ਕੇ ਹੋਰ ਹਿੰਮਤ ਆਈ ਹੈ ਤੇ ਉਹ ਵੀ ਹੁਣ ਡੱਟ ਕੇ ਮੁਕਾਬਲਾ ਕਰਨਗੀਆਂ। ਖੰਨੇ ਤੋਂ 60 ਸਾਲਾ ਆਈ ਬਜ਼ੁਰਗ ਨੇ ਕਿਹਾ ਕਿ ਉਨ੍ਹਾਂ ਦਾ ਪੂਰਾ ਪ੍ਰਵਾਰ ਆਇਆ ਹੋਇਆ ਹੈ ਤੇ ਉਨ੍ਹਾਂ ਤੋਂ ਵੀ ਘਰ ਵਿਚ ਰਿਹਾ ਨਹੀਂ ਗਿਆ।
ਉਨ੍ਹਾਂ ਕਿਹਾ ਕਿ ਸਾਰੇ ਕਿਸਾਨਾਂ ਦੀ ਇਕਜੁਟਤਾ ਵੇਖ ਕੇ ਮਨ ਖ਼ੁਸ਼ ਹੋ ਗਿਆ ਤੇ ਹੁਣ ਮੋਦੀ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ। ਲੋਕਾਂ ਵਿਚ ਡਰ ਵੱਧ ਗਿਆ ਸੀ ਪਰ ਅਸੀਂ ਚੜ੍ਹਦੀ ਕਲਾ ਵਿਚ ਸੀ, ਚੜ੍ਹਦੀ ਕਲਾ ਵਿਚ ਹਾਂ ਤੇ ਚੜ੍ਹਦੀ ਕਲਾ ਵਿਚ ਫ਼ਤਿਹ ਕਰ ਕੇ ਜਾਵਾਂਗੇ । ਉਥੇ ਪਹੁੰਚੇ ਕਿਸਾਨ ਨੇ ਕਿਹਾ ਕਿ ਇਨ੍ਹਾਂ ਬੀਬੀਆਂ, ਧੀਆਂ, ਮਾਵਾਂ ਨੂੰ ਲਿਆਉਣ ਦਾ ਮਕਸਦ ਇਹੀ ਸੀ ਕਿ ਇਨ੍ਹਾਂ ਦੇ ਮਨ ਵਿਚੋਂ ਡਰ ਕਢਿਆ ਜਾਵੇ। ਸਾਡੇ ਪਿੰਡ ਦੇ ਲੋਕਾਂ ਨੇ ਦਸਵੰਧ ਕੱਢ ਕੇ ਇਕ ਬੱਸ ਦੀ ਸੇਵਾ ਸ਼ੁਰੂ ਕੀਤੀ ਹੈ ਕਿ ਹਰ ਰੋਜ਼ ਸਾਡੇ ਬਲਾਕ ਵਿਚੋਂ ਇਕ ਬੱਸ ਦਿੱਲੀ ਜਾਇਆ ਕਰੇਗੀ।