
ਸ਼ਿਮਲੇ ਵਿਚ ਗਿ੍ਰਫ਼ਤਾਰ ਹੋਣ ਵਾਲੇ ਨੌਜਵਾਨ ਹੁਣ ਯੂ.ਐਨ.ਓ. ਤਕ ਪਹੁੰਚਾਉਣਗੇ ਕਿਸਾਨੀ ਮੁੱਦਾ
ਨਵੀਂ ਦਿੱਲੀ, 6 ਫ਼ਰਵਰੀ (ਹਰਦੀਪ ਸਿੰਘ ਭੋਗਲ) : ਅਸੀਂ ਨਿਆਂ ਦੀ ਉਮੀਦ ਕਰਦੇ ਸੀ ਪਰ ਸਾਡੀਆਂ ਸਰਕਾਰਾਂ ਸਾਨੂੰ ਨਿਆਂ ਦੇਣ ਵਿਚ ਅਸਫ਼ਲ ਰਹੀਆਂ ਹਨ। ਇਸ ਲਈ ਅਸੀਂ ਯੂ.ਐਸ.ਏ. ਅਤੇ ਯੂ.ਐਨ.ਓ. ਕੋਲ ਪਹੁੰਚ ਕਰਨ ਲਈ ਮਜਬੂਰ ਹੋਏ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਹਰਪ੍ਰੀਤ ਸਿੰਘ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਰਾਸ਼ਟਰੀ ਮੀਡੀਏ ਵਲੋਂ ਕਿਸਾਨਾਂ ਨੂੰ ਅਨਪੜ੍ਹ ਗਵਾਰ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਦਸਣਾ ਚਾਹੁੰਦੇ ਹਾਂ ਕਿ ਅਸੀਂ ਅਨਪੜ੍ਹ ਜਾਂ ਗਵਾਰ ਨਹੀਂ ਹਾਂ ਅਸੀਂ ਕਿਸਾਨੀ ਅੰਦੋਲਨ ਦੀ ਆਵਾਜ਼ ਨੂੰ ਯੂ.ਐਨ.ਓ ਤਕ ਪਹੁੰਚਣ ਦੀ ਸਮਰੱਥਾ ਵੀ ਰੱਖਦੇ ਹਾਂ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਇਸ ਲਈ ਅਸੀਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ, ਵਾਈਸ ਪ੍ਰੈਜੀਡੈਂਟ ਕਮਲਾ ਹੈਰਿਸ ਅਤੇ ਯੂਐਨਓ ਨੂੰ ਇਕ ਪੱਤਰ ਲਿਖਿਆ ਹੈ ਜਿਸ ਵਿਚ ਅਸੀਂ ਕਿਸਾਨੀ ਮਸਲੇ ਨੂੰ ਹੱਲ ਕਰਨ ਲਈ ਉਨ੍ਹਾਂ ਦੇ ਦਖ਼ਲ ਦੀ ਮੰਗ ਕਰਦੇ ਹਾਂ ਅਤੇ ਅਪੀਲ ਕੀਤੀ ਹੈ ਕਿ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਕਿਉਂਕਿ ਸਰਕਾਰ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ। ਜਿਨ੍ਹਾਂ ਨੇ ਇਨ੍ਹਾਂ ਨੂੰ ਤਖ਼ਤ ’ਤੇ ਬਿਠਾਇਆ ਹੈ। ਨੌਜਵਾਨ ਕਿਸਾਨ ਨੇ ਕਿਹਾ ਕਿ ਬਾਲੀਵੁਡ ਸਿਤਾਰਿਆਂ ਨੇ ਦੇਸ਼ ਦੇ ਕਿਸਾਨਾਂ ਦਾ ਸਾਥ ਨਹੀਂ ਦਿਤਾ। ਉਨ੍ਹਾਂ ਕਿਹਾ ਕਿ ਜਦਕਿ ਇਨ੍ਹਾਂ ਬਾਲੀਵੁਡ ਸਿਤਾਰਿਆਂ ਨੇ ਪੰਜਾਬੀਆਂ ਤੇ ਫ਼ਿਲਮਾਂ ਬਣਾ ਕੇ ਕਰੋੜਾਂ ਅਰਬਾਂ ਰੁਪਏ ਕਮਾਏ ਹਨ, ਜਦੋਂ ਹੁਣ ਕਿਸਾਨਾਂ ਨਾਲ ਖੜਨ ਦਾ ਵਕਤ ਆਇਆ ਤਾਂ ਇਹ ਸਿਤਾਰੇ ਸਰਕਾਰ ਨਾਲ ਜਾ ਖੜੇ ਹਨ, ਜੋ ਬਹੁਤ ਹੀ ਮੰਦਭਾਗਾ ਹੈ । ਦੂਜੇ ਪਾਸੇ ਵਿਸ਼ਵ ਪੱਧਰ ਦੇ ਵੱਡੇ ਸਿਤਾਰੇ ਕਿਸਾਨੀ ਅੰਦੋਲਨ ਦੀ ਹਮਾਇਤ ਵਿਚ ਹਾਅ ਦਾ ਨਾਹਰਾ ਮਾਰ ਕੇ ਜਿੰਦਾ ਜ਼ਮੀਰ ਹੋਣ ਦਾ ਸਬੂਤ ਦਿਤਾ ਹੈ।
ਉਨ੍ਹਾਂ ਕਿਹਾ ਕਿ ਕਿਸਾਨੀ ਮਸਲਾ ਹੁਣ ਵਿਸ਼ਵ ਵਿਆਪੀ ਬਣ ਗਿਆ ਹੈ, ਵਿਦੇਸ਼ਾਂ ਵਿਚ ਵਸਦੇ ਲੋਕ ਆਪ ਮੁਹਾਰੇ ਕਿਸਾਨਾਂ ਦੀ ਹਮਾਇਤ ਕਰ ਰਹੇ ਹਨ। ਕੇਂਦਰ ਸਰਕਾਰ ਕਿਸਾਨਾਂ ਨੂੰ ਹੁਣ ਹੋਰ ਗੁਮਰਾਹ ਨਹੀਂ ਕਰ ਸਕਦੀ, ਸਰਕਾਰ ਨੂੰ ਕਿਸਾਨਾਂ ਦੀ ਗੱਲ ਨੂੰ ਹਰ ਹਾਲ ਵਿਚ ਸੁਣ ਕੇ ਅਤੇ ਮਸਲੇ ਨੂੰ ਹੱਲ ਕਰਨਾ ਪਵੇਗਾ।