
ਨਵੀਂ ਸਿਖਿਆ ਨੀਤੀ ਨੂੰ ਰੱਦ ਕਰਵਾਉਣ ਲਈ ਕਰਾਂਗੇ ਸੰਘਰਸ਼ : ਸ਼ੀਰੀਂ
ਸੁਨਾਮ ਊਧਮ ਸਿੰਘ ਵਾਲਾ, 6 ਫ਼ਰਵਰੀ (ਦਰਸ਼ਨ ਸਿੰਘ ਚੌਹਾਨ) : ਸਥਾਨਕ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ਼ ਦੇ ਸੈਮੀਨਾਰ ਹਾਲ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਜ਼ਿਲ੍ਹਾ ਕਮੇਟੀ ਵੱਲੋਂ ”ਨਵੀਂ ਸਿੱਖਿਆ ਨੀਤੀ 2020” ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ।ਜਿਸ ਵਿਚ ਸ਼ੀਰੀਂ ਬਠਿੰਡਾ ਨੇ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਕੋਰੋਨਾ ਕਾਲ ਦੀ ਆੜ ਹੇਠ ਜਿੱਥੇ ਕਿਸਾਨ ਮਾਰੂ ਕਾਲੇ ਖੇਤੀ ਕਾਨੂੰਨ ਬਣਾਉਣ ਵਿੱਚ ਕਾਹਲੀ ਵਰਤੀ ਹੈ ਉੱਥੇ ਹੀ ਸਿੱਖਿਆ ਖੇਤਰ ਵਿਚ ਵੀ ਵੱਡੇ ਕਦਮ ਚੁੱਕਣ ਦਾ ਦਾਅਵਾ ਕਰਕੇ ਬਣਾਈ ਨਵੀਂ ਸਿੱਖਿਆ ਨੀਤੀ 2020 ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਨਵੀਂ ਸਿੱਖਿਆ ਨੀਤੀ ਵਿਦਿਆਰਥੀ ਮਾਰੂ ਅਤੇ ਲੋਕ ਮਾਰੂ ਹੈ,ਜਿਸ ਨੇ ਸਕੂਲ, ਕਾਲਜ ਤੇ ਯੂਨੀਵਰਸਿਟੀ ਦੀ ਪੜ੍ਹਾਈ ਨੂੰ ਸਿੱਖਿਆ ਸੁਧਾਰਾਂ ਦੇ ਨਾਂਅ ’ਤੇ ਮੁਨਾਫੇ ਦਾ ਧੰਦਾ ਬਣਾਉਣ ਲਈ ਨਿੱਜੀ ਹੱਥਾਂ ’ਚ ਸੌਂਪਣਾ ਹੈ। ਨਵੀਂ ਸਿੱਖਿਆ ਨੀਤੀ ਅਨੁਸਾਰ ਸਰਕਾਰ ਕੇਵਲ ਪ੍ਰਾਇਮਰੀ ਪੱਧਰ ਦੀ ਸਿੱਖਿਆ ਤੇ ਹੀ ਪੈਸੇ ਖਰਚ ਕਰੇਗੀ ਜਦ ਕਿ ਅਗਲੇਰੀ ਸਿੱਖਿਆ ਨੂੰ ਲੋਕਾਂ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ ਜਾਵੇਗਾ।ਸੈਮੀਨਾਰ ਵਿੱਚ ਡੀ.ਟੀ.ਐੱਫ ਦੇ ਆਗੂ ਵਿਸ਼ਵ ਕਾਂਤ ਨੇ ਕਿਹਾ ਕਿ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਵਧਾਈ ਦੀ ਹੱਕਦਾਰ ਹੈ ਕਿ ਉਸਨੇ ਇਹੋ ਜਿਹੇ ਗੰਭੀਰ ਵਿਸੇ ਤੇ ਸੈਮੀਨਾਰ ਕਰਵਾਇਆ ਹੈ।ਸੈਮੀਨਾਰ ਦੇ ਅਖੀਰ ਵਿਚ ਜ਼ਿਲ੍ਹਾ ਪ੍ਰਧਾਨ ਹੁਸ਼ਿਆਰ ਸਿੰਘ ਸਲੇਮਗੜ੍ਹ ਨੇ ਕਿਹਾ ਕਿ ਮੌਜੂਦਾ ਸਿੱਖਿਆ ਨੀਤੀ ਵੀ ਵਿਦਿਆਰਥੀ ਵਿਰੋਧੀ ਅਤੇ ਲੋਕ ਵਿਰੋਧੀ ਹੈ। ਮੋਦੀ ਸਰਕਾਰ ਵੱਲੋਂ ਪਾਸ ਕੀਤੀ ਇਸ ਨਵੀਂ ਵਿਦਿਆਰਥੀ ਵਿਰੋਧੀ ਨੀਤੀ ਖਿਲਾਫ ਇੱਕਜੁਟ ਹੋਣ ਦੀ ਲੋੜ ਹੈ, ਸੱਤਰਵਿਆਂ ਦੀ ਇਨਕਲਾਬੀ ਵਿਦਿਆਰਥੀ ਲਹਿਰ ਤੋਂ ਸੇਧ ਲੈਕੇ ਜੱਥੇਬੰਦ ਹੋਣ ਦੀ ਲੋੜ ਹੈ।