
ਕਾਂਗਰਸ ਨੇ ਸੌ ਸਾਲ ਤਕ ਸੱਤਾ ’ਚ ਨਾ ਆਉਣ ਦਾ ਮਨ ਬਣਾਇਆ ਲਗਦੈ : ਮੋਦੀ
ਨਵੀਂ ਦਿੱਲੀ, 7 ਫ਼ਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਲੋਕ ਸਭਾ ’ਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਧਨਵਾਦ ਪ੍ਰਸਤਾਵ ’ਤੇ ਜਵਾਬ ਦਿਤਾ। ਸੰਸਦ ਦੇੇ ਬਜਟ ਸੈਸ਼ਨ ਦੀ ਸ਼ੁਰੂਆਤ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸੰਬੋਧਨ ਨਾਲ ਹੋਈ ਸੀ। ਰਾਸ਼ਟਰਪਤੀ ਦੇ ਭਾਸ਼ਣ ਦੇ ਧਨਵਾਦ ਪ੍ਰਸਤਾਵ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਜਵਾਬ ਦਿਤਾ। ਪ੍ਰਧਾਨ ਮੰਤਰੀ ਨੇ ਲੋਕ ਸਭਾ ’ਚ ਗਾਇਕਾ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਦਿਤੀ ਅਤੇ ਜਿਸ ਤੋਂ ਬਾਅਦ ਲੋਕ ਸਭਾ ਮੈਂਬਰਾਂ ਨੂੰ ਸੰਬੋਧਨ ਕੀਤਾ। ਵਿਰੋਧੀ ਧਿਰ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਦੇਸ਼ ਦੀ ਜਨਤਾ ਤੁਹਾਨੂੰ ਪਛਾਣਦੀ ਹੈ। ਬਹੁਤ ਸਾਰੇ ਲੋਕਾਂ ਦੀ ਸੂਈ 2014 ’ਤੇ ਹੀ ਅਟਕੀ ਹੋਈ ਹੈ। ਅਸਿੱਧੇ ਰੂਪ ਨਾਲ ਕਾਂਗਰਸ ’ਤੇ ਨਿਸ਼ਾਨਾ ਵਿਨ੍ਹਦੇ ਹੋਏ ਮੋਦੀ ਨੇ ਕਿਹਾ ਕਿ ਜ਼ਮੀਨ ਨਾਲ ਜੁੜੇ ਹੁੰਦੇ ਤਾਂ ਤੁਹਾਨੂੰ ਪਤਾ ਹੁੰਦਾ। ਜਵਾਬ ਦੇਣਾ ਸਾਡੀ ਮਜਬੂਰੀ ਹੈ। ਬੰਗਾਲ ਨੇ 1972 ’ਚ ਤੁਹਾਨੂੰ ਪਸੰਦ ਕੀਤਾ ਸੀ। ਸਵਾਲ ਚੋਣ ਨਤੀਜਿਆਂ ਦਾ ਨਹੀਂ, ਨੀਅਤ ਦਾ ਹੈ। ਇੰਨੀ ਵਾਰ ਹਾਰਨ ਤੋਂ ਬਾਅਦ ਵੀ ਤੁਹਾਡਾ ਹੰਕਾਰ ਨਹੀਂ ਜਾਂਦਾ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਅੱਜ ਦੇਸ਼ ਆਜ਼ਾਦੀ ਦੇ ਮਹਾਉਤਸਵ ’ਚ ਪ੍ਰਵੇਸ਼ ਕਰ ਰਿਹਾ ਹੈ। ਅਸੀਂ ਸਾਰੇ ਲੋਕਤੰਤਰ ਪ੍ਰਤੀ ਵਚਨਬੱਧ ਹਾਂ। 2 ਸਾਲ ਤੋਂ ਪੂਰੀ ਦੁਨੀਆਂ ਮਹਾਮਾਰੀ ਝੱਲ ਰਹੀ ਹੈ। ਮੇਡ ਇਨ ਇੰਡੀਆ ਵੈਕਸੀਨ ਸੱਭ ਤੋਂ ਜ਼ਿਆਦਾ ਅਸਰਦਾਰ ਹੈ।
80 ਫ਼ੀ ਸਦੀ ਲੋਕਾਂ ਨੂੰ ਕੋਰੋਨਾ ਦੀ ਦੂਜੀ ਡੋਜ਼ ਵੀ ਲੱਗ ਚੁਕੀ ਹੈ। ਵੈਕਸੀਨ ’ਤੇ ਵੀ ਸਿਆਸਤ ਹੋਈ। ਹਾਲਾਂਕਿ ਪ੍ਰਧਾਨ ਮੰਤਰੀ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਖੜੇ ਹੋ ਗਏ ਅਤੇ ਉਨ੍ਹਾਂ ਨੇ ਮੋਦੀ ਨੂੰ ਵਿਚਾਲੇ ਹੀ ਟੋਕਿਆ। ਫਿਰ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੁਣ ਤਾਂ ਮੈਂ ਨਾਂ ਲਵਾਂਗਾ ਕਿ ਕਾਂਗਰਸ ਨੇ ਤਾਂ ਹੱਦ ਹੀ ਕਰ ਦਿਤੀ। ਕਾਂਗਰਸ ਨੇ ਮੁਫ਼ਤ ਵਿਚ ਮਜ਼ਦੂਰਾਂ ਨੂੰ ਰੇਲਵੇ ਟਿਕਟ ਦਿਤੇ, ਕਿ ਤੁਸੀਂ ਯੂਪੀ, ਬਿਹਾਰ ਦੇ ਹੋ, ਜਾਉ ਤੇ ਕੋਰੋਨਾ ਫ਼ੈਲਾਉ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਵੀ ਅਜਿਹੀ ਸਰਕਾਰ ਹੈ, ਜਿਸ ਨੇ ਮਾਈਕ ’ਤੇ ਹੋਕਾ ਦਿਤਾ ਕਿ ਸਾਰੇ ਮਜ਼ਦੂਰ ਘਰ ਜਾਣ। ਯੂਪੀ, ਉਤਰਾਖੰਡ, ਪੰਜਾਬ ਵਿਚ ਲੋਕ ਕਾਂਗਰਸ ਕਾਰਨ ਕੋਰੋਨਾ ਦੀ ਲਪੇਟ ਵਿਚ ਆਏ।
ਪ੍ਰਧਾਨ ਮੰਤਰੀ ਨਰਿੰਦਰ ਨੇ ਸਦੀ ਦੀ ਸਭ ਤੋਂ ਭਿਆਨਕ ਕੋਵਿਡ ਮਹਾਮਾਰੀ ’ਚ ਵਿਰੋਧੀ ਧਿਰ ’ਤੇ ਮਾੜੀ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸ਼ਾਇਦ ਕਾਂਗਰਸ ਨੇ ਇਹ ਫ਼ੈਸਲਾ ਕਰ ਲਿਆ ਹੈ ਕਿ ਆਉਣ ਵਾਲੇ ਸੌ ਸਾਲਾਂ ਤਕ ਸੱਤਾ ਵਿਚ ਵਾਪਸੀ ਨਹੀਂ ਕਰਨੀ। ਲੋਕ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਧਨਵਾਦ ਮਤੇ ਦਾ ਜਵਾਬ ਦਿੰਦਿਆਂ ਮੋਦੀ ਨੇ ਕੋਰੋਨਾ ਕਾਲ ਦੌਰਾਨ ਕਾਂਗਰਸ ਉਤੇ ਲਗਾਤਾਰ ਸਰਕਾਰ ਨੂੰ ਬਦਨਾਮ ਕਰਨ ਲਈ ਜਨਤਾ ਨੂੰ ਮੁਸੀਬਤ ਵਿਚ ਪਾਉਣ ਦਾ ਦੋਸ਼ ਲਾਇਆ।
ਉਨ੍ਹਾਂ ਕਿਹਾ ਕਿ ਦੁਨੀਆਂ ਪਿਛਲੇ 2 ਸਾਲਾਂ ਤੋਂ ਇਸ ਮਹਾਮਾਰੀ ਦਾ ਸਾਹਮਣਾ ਕਰ ਰਹੀ ਹੈ, ਉਸ ਤੋਂ ਇਹ ਦਿਸ ਰਿਹਾ ਹੈ ਕਿ ਅਸੀਂ ਇਕ ਨਵੀਂ ਵਿਸ਼ਵ ਵਿਵਸਥਾ ਵਲ ਵਧ ਰਹੇ ਹਾਂ। ਅਜਿਹੇ ਮੋੜ ’ਤੇ ਭਾਰਤ ਨੂੰ ਮੌਕਾ ਨਹੀਂ ਗੁਆਉਣਾ ਚਾਹੀਦਾ ਅਤੇ ਭਾਰਤ ਦੀ ਆਵਾਜ਼ ਬੁਲੰਦ ਰਹਿਣੀ ਚਾਹੀਦੀ ਹੈ। ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੋਂ ਬਾਅਦ ਦੇਸ਼ ਜਿਸ ਅੰਮ੍ਰਿਤ ਕਾਲ ਵਿਚ ਪ੍ਰਵੇਸ਼ ਕਰ ਰਿਹਾ ਹੈ, ਉਸ ਤੋਂ ਬਾਅਦ ਸ਼ਤਾਬਦੀ ਵਰ੍ਹੇ ਵਿਚ ਦੇਸ਼ ਉਸ ਮੁਕਾਮ ’ਤੇ ਪਹੁੰਚਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਭਾਰਤ ਨੇ ਕਈ ਖੇਤਰਾਂ ਵਿਚ ਤਾਕਤ ਦਾ ਅਹਿਸਾਸ ਕੀਤਾ ਹੈ। ਗ਼ਰੀਬਾਂ ਨੂੰ ਘਰ ਮਿਲਣ ਤੋਂ ਬਾਅਦ ਹੁਣ ਉਹ ਲੱਖਪਤੀ ਕਹਾਉਣ ਲੱਗੇ ਹਨ। (ਏਜੰਸੀ)
ਉਦਮੀਆਂ ਨੂੰ ਕੋਰੋਨਾ ਵੈਰੀਐਂਟ ਨਾ ਕਹੋ
ਪ੍ਰਧਾਨ ਮੰਤਰੀ ਨੇ ਅਪਣੇ ਭਾਸ਼ਣ ਵਿਚ ਨਾਂ ਲਏ ਬਿਨਾਂ ਰਾਹੁਲ ਗਾਂਧੀ ਨੂੰ ਕਿਹਾ ਕਿ ਦੇਸ਼ ਦੇ ਉਦਮੀਆਂ ਨੂੰ ਕੋਰੋਨਾ ਵੈਰੀਐਂਟ ਨਾ ਕਹੋ। ਅਸਲ ਵਿਚ ਰਾਹੁਲ ਗਾਂਧੀ ਨੇ ਬੁਧਵਾਰ ਨੂੰ ਕਿਹਾ ਸੀ ਕਿ ਦੇਸ਼ ਦੀ ਅਰਥਵਿਵਸਥਾ ਵਿਚ ਡਬਲ ‘ਏ’ ਭਾਵ ਅੰਬਾਨੀ ਅਤੇ ਅਡਾਣੀ। ਉਨ੍ਹਾਂ ਕਿਹਾ ਸੀ ਕਿ ਦੋ ਹਿੰਦੋਸਤਾਨ ਬਣ ਰਹੇ ਹਨ, ਇਕ ਅਮੀਰਾਂ ਦਾ ਇਕ ਗ਼ਰੀਬਾਂ ਦਾ। ਜਦੋਂ ਮੋਦੀ ਨੇ ਰਾਹੁਲ ’ਤੇ ਇਹ ਫ਼ਿਕਰਾ ਕਸਿਆ, ਉਦੋਂ ਉਹ ਸਦਨ ਵਿਚ ਮੌਜੂਦ ਸਨ।