
ਪੰਜਾਬ 'ਚ ਅੱਜ ਖੁਲ੍ਹਣਗੇ ਸਕੂਲ, ਹੋਰ ਵੀ ਕਈ ਪਾਬੰਦੀਆਂ ਤੋਂ ਮਿਲੀ ਛੋਟ
ਚੰਡੀਗੜ੍ਹ, 6 ਫ਼ਰਵਰੀ (ਪਪ) : ਕੋਰੋਨਾ ਮਾਮਲਿਆਂ ਵਿਚ ਕਮੀ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਬੇ ਵਿਚ ਅੱਜ ਭਾਵ ਸੋਮਵਾਰ, 7 ਫ਼ਰਵਰੀ ਤੋਂ ਸਕੂਲ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ | ਹਾਲਾਂਕਿ ਪੰਜਵੀਂ ਜਮਾਤ ਤਕ ਦੇ ਸਕੂਲ ਫਿਲਹਾਲ ਬੰਦ ਰਹਿਣਗੇ | ਇਨ੍ਹਾਂ ਬਾਰੇ ਫ਼ੈਸਲਾ ਬਾਅਦ ਵਿਚ ਲਿਆ ਜਾਵੇਗਾ | 5ਵੀਂ ਜਮਾਤ ਤਕ ਆਨਲਾਈਨ ਸਿਖਿਆ ਜਾਰੀ ਰਹੇਗੀ |
ਸਕੂਲ ਆਉਣ ਵਾਲੇ 15 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਲਈ ਟੀਕਾਕਰਨ ਲਾਜ਼ਮੀ ਕੀਤਾ ਗਿਆ ਹੈ | ਇਸ ਤੋਂ ਇਲਾਵਾ ਯੂਨੀਵਰਸਿਟੀਆਂ, ਕਾਲਜ, ਕੋਚਿੰਗ ਸੈਂਟਰ, ਲਾਇਬ੍ਰੇਰੀਆਂ ਅਤੇ ਸਿਖਲਾਈ ਸੰਸਥਾਵਾਂ ਖੋਲ੍ਹਣ ਦਾ ਵੀ ਫ਼ੈਸਲਾ ਕੀਤਾ ਗਿਆ ਹੈ | ਹਾਲਾਂਕਿ, ਆਨਲਾਈਨ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਇਹ ਸਹੂਲਤ ਪ੍ਰਦਾਨ ਕਰਨੀ ਪਵੇਗੀ | ਪੰਜਾਬ ਵਿਚ ਬਾਰ ਅਤੇ ਮਾਲ 75 ਫ਼ੀ ਸਦੀ ਸਮਰੱਥਾ ਨਾਲ ਖੁਲ੍ਹ ਸਕਣਗੇ | ਸਿਨੇਮਾ ਹਾਲ, ਮਲਟੀਪਲੈਕਸ, ਰੈਸਟੋਰੈਂਟ,
ਸਪਾ, ਜਿਮ, ਸਪੋਰਟਸ ਕੰਪਲੈਕਸ, ਅਜਾਇਬ ਘਰ ਆਦਿ ਵੀ 75 ਫ਼ੀ ਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇ | ਇਨ੍ਹਾਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਦੋਹਰਾ ਟੀਕਾਕਰਨ ਲਾਜ਼ਮੀ ਹੋਵੇਗਾ | ਏਸੀ ਬਸਾਂ 50 ਫ਼ੀ ਸਦੀ ਸਮਰੱਥਾ ਨਾਲ ਚੱਲ ਸਕਣਗੀਆਂ |