
ਉਹਨਾਂ ਇਸ ਮੁੱਦੇ 'ਤੇ ਇਕ ਮੰਗ ਪੱਤਰ ਵੀ ਲਿਖਿਆ ਹੈ।
ਨਵੀਂ ਦਿੱਲੀ: ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਉਹਨਾਂ ਨੇ ਰੇਗੋ ਬ੍ਰਿਜ ਬਾਰੇ ਚਰਚਾ ਕੀਤੀ ਅਤੇ ਇਸ ਦੇ ਪੁਨਰ ਨਿਰਮਾਣ ਲਈ ਕੇਂਦਰ ਸਰਕਾਰ ਦੇ ਦਖਲ ਦੀ ਮੰਗ ਕੀਤੀ। ਉਹਨਾਂ ਇਸ ਮੁੱਦੇ 'ਤੇ ਇਕ ਮੰਗ ਪੱਤਰ ਵੀ ਲਿਖਿਆ ਹੈ।
ਇਹ ਵੀ ਪੜ੍ਹੋ: ਯੂਪੀ ਵਿਚ ਵਾਪਰੀ ਕਾਂਝਵਾਲਾ ਵਰਗੀ ਘਟਨਾ, ਕਾਰ ਨੇ 12 ਕਿਲੋਮੀਟਰ ਤੱਕ ਲਾਸ਼ ਨੂੰ ਘਸੀਟਿਆ
ਸੰਸਦ ਮੈਂਬਰ ਨੇ ਕਿਹਾ ਕਿ ਮਹਾਵੀਰ ਰੇਲਵੇ ਓਵਰਬ੍ਰਿਜ (ਆਰ.ਓ.ਬੀ.) ਜੋ ਕਿ ਅੰਮ੍ਰਿਤਸਰ ਵਿਚ ਰੇਗੋ ਬ੍ਰਿਜ ਵਜੋਂ ਜਾਣਿਆ ਜਾਂਦਾ ਹੈ, ਇਕ 129 ਸਾਲ ਪੁਰਾਣਾ ਢਾਂਚਾ ਹੈ। ਇਸ ਦਾ ਨਿਰਮਾਣ 1905 ਵਿਚ 50 ਸਾਲ ਦੇ ਜੀਵਨ ਕਾਲ ਲਈ ਕੀਤਾ ਗਿਆ ਸੀ। ਕੇਂਦਰ ਸਰਕਾਰ ਦੀ ਗ੍ਰਾਂਟ ਤੋਂ ਬਾਅਦ 1980 ਵਿਚ ਇਸ ਦਾ ਨਵੀਨੀਕਰਨ ਕੀਤਾ ਗਿਆ ਸੀ। ਮਜ਼ਬੂਤੀ ਲਈ ਪੁਲ ਦੇ ਹੇਠਾਂ ਲੋਹੇ ਦੀਆਂ ਚਾਦਰਾਂ ਅਤੇ ਥੰਮ੍ਹ ਰੱਖੇ ਗਏ ਸਨ।
ਉਹਨਾਂ ਦੱਸਿਆ ਕਿ ਖਸਤਾ ਹਾਲਤ ਆਰਓਬੀ ਦੇ ਪੁਨਰ ਨਿਰਮਾਣ ਦਾ ਪ੍ਰਾਜੈਕਟ ਪਿਛਲੇ ਕੁਝ ਸਾਲਾਂ ਤੋਂ ਲਟਕਿਆ ਪਿਆ ਹੈ। ਇਸ ਵੇਲੇ ਹਾਦਸਿਆਂ ਤੋਂ ਬਚਣ ਲਈ ਪੁਲ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਇਲਾਕਾ ਨਿਵਾਸੀਆਂ, ਰਾਹਗੀਰਾਂ, ਸ਼ਰਧਾਲੂਆਂ ਨੂੰ ਲੰਮੇ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨਾਲ ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਵਿਚ ਵੀ ਵਿਘਨ ਪੈ ਰਿਹਾ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ ’ਚ ਸਿੱਖ ਨੌਜਵਾਨ ਦੇ ਕੇਸਾਂ ਦੀ ਬੇਅਦਬੀ, ਵਰਤੇ ਗਏ ਜਾਤੀਸੂਚਕ ਸ਼ਬਦ
ਉਹਨਾਂ ਕਿਹਾ ਕਿ ਪਵਿੱਤਰ ਨਗਰੀ ਦੇ ਵਸਨੀਕਾਂ ਦੀ ਦੁਰਦਸ਼ਾ ਨੂੰ ਧਿਆਨ ਵਿਚ ਰੱਖਦਿਆਂ ਮੈਂ ਕੇਂਦਰੀ ਮੰਤਰੀ ਨੂੰ ਇਸ ਮਾਮਲੇ ਵਿਚ ਨਿੱਜੀ ਤੌਰ 'ਤੇ ਦਖਲ ਦੇਣ ਅਤੇ ਰੇਗੋ ਬ੍ਰਿਜ ਦੇ ਪੁਨਰ ਨਿਰਮਾਣ ਦਾ ਪ੍ਰਾਜੈਕਟ ਸ਼ੁਰੂ ਕਰਨ ਲਈ ਰੇਲਵੇ ਨੂੰ ਨਿਰਦੇਸ਼ ਦੇਣ ਦੀ ਅਪੀਲ ਕਰਦਾ ਹਾਂ।