
ਇਕ ਹੋਰ ਵਿਅਕਤੀ ਜ਼ਖ਼ਮੀ
ਸ਼੍ਰੀਨਗਰ: ਸ਼੍ਰੀਨਗਰ ’ਚ ਬੁਧਵਾਰ ਨੂੰ ਹੋਏ ਅਤਿਵਾਦੀ ਹਮਲੇ ’ਚ ਇਕ ਸਿੱਖ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ। ਅਧਿਕਾਰਤ ਸੂਤਰਾਂ ਨੇ ਦਸਿਆ ਕਿ ਅਤਿਵਾਦੀਆਂ ਨੇ ਹੱਬਾ ਕਦਲ ਇਲਾਕੇ ’ਚ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਅਤੇ ਅੰਮ੍ਰਿਤਪਾਲ ਸਿੰਘ (31) ’ਤੇ ਗੋਲੀਆਂ ਚਲਾਈਆਂ, ਜਿਸ ਨਾਲ ਉਸ ਦੀ ਮੌਤ ਹੋ ਗਈ।
ਜਦਕਿ ਇਸ ਗੋਲੀਬਾਰੀ ’ਚ ਇਕ ਹੋਰ ਜ਼ਖ਼ਮੀ ਵਿਅਕਤੀ ਦੀ ਪਛਾਣ ਰੋਹਿਤ ਵਜੋਂ ਹੋਈ ਹੈ। ਇਕ ਸੂਤਰ ਨੇ ਦਸਿਆ ਕਿ ਅੰਮ੍ਰਿਤਪਾਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਜ਼ਖਮੀ ਰੋਹਿਤ ਦੇ ਪੇਟ ’ਚ ਗੋਲੀਆਂ ਲਗੀਆਂ ਹਨ ਅਤੇ ਉਸ ਨੂੰ ਐਸ.ਐਮ.ਐਚ.ਐਸ. ਹਸਪਤਾਲ ਲਿਜਾਇਆ ਗਿਆ ਹੈ। ਅੰਮ੍ਰਿਤਪਾਲ ਸਿੰਘ ਪੰਜਾਬ ਦੇ ਅੰਮ੍ਰਿਤਸਰ ਦਾ ਰਹਿਣ ਵਾਲੇ ਸੀ ਅਤੇ ਸ੍ਰੀਨਗਰ ’ਚ ਮਜ਼ਦੂਰੀ ਦਾ ਕੰਮ ਕਰਦਾ ਸੀ। ਉਸ ਨੂੰ ਅਤਿਵਾਦੀਆਂ ਨੇ ਏ.ਕੇ. ਰਾਈਫ਼ਲ ਨਾਲ ਬਹੁਤ ਨੇੜਿਉਂ ਗੋਲੀ ਮਾਰੀ। ਰੋਹਿਤ ਵੀ ਅੰਮ੍ਰਿਤਸਰ ਤੋਂ ਆਇਆ ਸੀ।
ਸੁਰਖਿਆ ਫ਼ੋਰਸ ਨੇ ਹਮਲਾਵਰਾਂ ਨੂੰ ਫੜਨ ਲਈ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ। ਇਸ ਸਾਲ ਕਿਸੇ ਗ਼ੈਰਸਥਾਨਕ ’ਤੇ ਅਤਿਵਾਦੀਆਂ ਵਲੋਂ ਕੀਤਾ ਗਿਆ ਇਹ ਪਹਿਲਾ ਹਮਲਾ ਹੈ। ਪਿਛਲੇ ਸਾਲ ਅਤਿਵਾਦੀਆਂ ਨੇ ਅਨੰਤਨਾਗ ਅਤੇ ਸ਼ੋਪੀਆਂ ਸਮੇਤ ਵਾਦੀ ਦੇ ਗ਼ੈਰ-ਸਥਾਨਕ ਮਜ਼ਦੂਰਾਂ ’ਤੇ ਕਈ ਹਮਲੇ ਕੀਤੇ ਸਨ।