
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਾਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਚੁਕਿਆ ਕਦਮ
- ਵੇਲੇ ਸਿਰ ਆਉਣ, ਵਰਦੀ ’ਚ ਡਿਊਟੀ ਕਰਨ, ਤੇ ਨੇਮ ਪਲੇਟ ਲਗਾ ਕੇ ਰੱਖਣ ਲਈ ਵੀ ਕਿਹਾ
ਅਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਾਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਝੰਗੇੜਾ ਨੇ ਡਿਊਟੀ ਦੌਰਾਨ ਮੋਬਾਈਲ ਫੋਨ ਦੀ ਵਰਤੋਂ ’ਤੇ ਪਾਬੰਦੀ ਲਗਾ ਦਿਤੀ ਹੈ।
ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਝੰਗੇੜਾ ਦੇ ਦਸਤਖ਼ਤਾਂ ਹੇਠ ਨਿਗਰਾਨ ਅਧਿਕਾਰੀਆਂ ਅਤੇ ਸੁਪਰਵਾਈਜ਼ਰਾਂ ਨੂੰ ਭੇਜੇ ਗਏ ਪੱਤਰ ਨੰਬਰ 5152 ਤਹਿਤ ਦਿਤੇ ਗਏ ਹੁਕਮਾਂ ’ਚ, ਕਰਮਚਾਰੀਆਂ ਨੂੰ ਸਮੇਂ ਸਿਰ ਅਪਣੀ ਡਿਊਟੀ ਸ਼ੁਰੂ ਕਰਨ ਦੇ ਹੁਕਮ ਵੀ ਦਿਤੇ ਗਏ ਹਨ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਮੇਂ ਸਿਰ ਡਿਊਟੀ ਨਾ ਪਹੁੰਚਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ।
ਉਪਰੋਕਤ ਕਰਮਚਾਰੀਆਂ ਵਲੋਂ ਨਿਯਮਿਤ ਤੌਰ ’ਤੇ ਵਰਦੀ ਨਾ ਪਹਿਨਣ ਸੰਬੰਧੀ ਮਿਲੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ, ਇਹ ਵੀ ਹਦਾਇਤਾਂ ਦਿਤੀਆਂ ਗਈਆਂ ਹਨ ਕਿ ਭਵਿੱਖ ’ਚ ਸਾਰੇ ਕਰਮਚਾਰੀ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਧਾਰਮਕ ਸਥਾਨਾਂ ’ਤੇ ਡਿਊਟੀ ਦੌਰਾਨ ਵਰਦੀ ’ਚ ਹੋਣਗੇ। ਵਰਦੀ ਤੋਂ ਬਿਨਾਂ ਕਰਮਚਾਰੀਆਂ ਨੂੰ ਡਿਊਟੀ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਇਹ ਲਾਜ਼ਮੀ ਕਰ ਦਿਤਾ ਗਿਆ ਹੈ।
ਹੁਕਮਾਂ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਕੋਈ ਕਰਮਚਾਰੀ ਸ਼੍ਰੋਮਣੀ ਕਮੇਟੀ ਦੇ ਇੰਸਪੈਕਟਰਾਂ ਅਤੇ ਫਲਾਇੰਗ ਸਕੁਐਡ ਵਲੋਂ ਚੈਕਿੰਗ ਦੌਰਾਨ ਮੋਬਾਈਲ ਫੋਨ ਸੁਣਦਾ ਪਾਇਆ ਗਿਆ ਤਾਂ ਉਸ ਵਿਰੁਧ ਮੌਕੇ ’ਤੇ ਹੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਜੇਕਰ ਕਰਮਚਾਰੀ ਅਪਣੀ ਨੇਮ ਪਲੇਟ ਨਹੀਂ ਲਗਾਉਂਦਾ ਤਾਂ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਹਰ ਸਾਲ ਅਪ੍ਰੈਲ ਮਹੀਨੇ ਤੋਂ ਤਰੱਕੀਆਂ ਮਿਲਦੀਆਂ ਹਨ, ਜੇਕਰ ਕੋਈ ਅਧਿਕਾਰੀ ਜਾਂ ਮੁਲਾਜ਼ਮ ਕੋਲ ਗਲਤੀਆਂ ਹੁੰਦੀਆਂ ਹਨ ਤਾਂ ਤਰੱਕੀ ਰੋਕੀ ਜਾ ਸਕਦੀ ਹੈ।