
ਆਲੂਆਂ ਦੀ ਕੁਆਲਟੀ 'ਤੇ ਵੀ ਅਸਰ ਪੈਣ ਦੀ ਸੰਭਾਵਨਾ
ਚੰਡੀਗੜ੍ਹ : ਉਤਰ-ਭਾਰਤ 'ਚ ਹੋ ਰਹੀ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੇ ਚਿਹਰੇ ਮੁਰਝਾ ਦਿਤੇ ਹਨ, ਕਿਉਂਕਿ ਕਿਸਾਨਾਂ ਦੀ ਫ਼ਸਲ ਬੇਮੌਸਮੀ ਬਰਸਾਤ, ਤੇਜ਼ ਹਨੇਰੀ ਨੇ ਕਣਕ ਦੀ ਫ਼ਸਲ ਅਤੇ ਆਲੂਆਂ ਦੀ ਫ਼ਸਲ ਬਰਬਾਦ ਕਰ ਦਿਤੀ ਹੈ। ਦੂਜੇ ਦਿਨ ਪੈ ਰਹੀ ਬਾਰਸ਼ ਨੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਹੋਰ ਵਧਾ ਦਿਤਾ ਹੈ, ਕਿਉਂਕਿ ਉਨ੍ਹਾਂ ਦੀ ਪੁੱਤਾਂ ਵਾਂਗ ਕਣਕ ਦੀ ਫ਼ਸਲ ਜ਼ਮੀਨ 'ਤੇ ਵਿੱਛ ਕੇ ਬਿਲਕੁੱਲ ਖ਼ਰਾਬ ਹੋ ਚੁੱਕੀ ਹੈ ਅਤੇ ਕਿਸਾਨ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਕਿਸਾਨਾਂ ਦੀ ਹਰ ਫ਼ਸਲ ਦਾ ਬੀਮਾ ਹੋਣਾ ਚਾਹੀਦਾ ਹੈ ਤੇ ਤਾਂ ਹੀ ਕਿਸਾਨ ਕੁਦਰਤੀ ਆਫ਼ਤਾਂ ਤੋਂ ਬਚ ਸਕੇਗਾ ਨਹੀਂ ਤਾਂ ਕਿਸਾਨ ਖ਼ੁਦਕੁਸ਼ੀਆਂ ਤੋਂ ਇਲਾਵਾ ਕੁੱਝ ਨਹੀਂ ਕਰ ਸਕਦਾ।
Photo
ਕਿਸਾਨ ਤਾਂ ਪਹਿਲਾਂ ਤੋਂ ਹੀ ਬਰਬਾਦ ਹੋ ਚੁੱਕਿਆ ਹੈ। ਭਾਵੇਂ ਬੀਤੇ ਕਲ ਮੁੱਖ ਮੰਤਰੀ ਨੇ ਬਰਬਾਦ ਹੋਈਆਂ ਫ਼ਸਲਾਂ ਦੀ ਗਿਰਦਾਵਰੀ ਕਰਨ ਦਾ ਹੁਕਮ ਦਿਤਾ ਹੈ ਪਰ ਹੇਠਲੇ ਪਧਰਲੇ ਪ੍ਰਸ਼ਾਸਨ ਤੋਂ ਕਿਸਾਨਾਂ ਦਾ ਵਿਸ਼ਵਾਸ ਉਠ ਚੁਕਾ ਹੈ ਕਿਉਂਕਿ ਮਾਲ ਮਹਿਕਮੇ ਦੇ ਅਧਿਕਾਰੀ ਉਥੇ ਹੀ ਕਲਮ ਚਲਾਉਂਦੇ ਹਨ ਜਿਥੇ ਪਿੰਡਾਂ ਦੇ ਉਪਰਲੇ ਧੜੇ ਹੁਕਮ ਕਰਦੇ ਹਨ। ਕਿਸਾਨਾਂ ਨੂੰ ਡਰ ਹੈ ਕਿ ਇਸ ਵਾਰ ਪਹਿਲਾਂ ਰੱਬ ਨੇ ਧੱਕਾ ਕਰ ਦਿਤਾ ਹੈ ਤੇ ਕਿਧਰ ਪ੍ਰਸ਼ਾਸਨ ਵੀ ਨਾ ਉਸ ਦਾ ਹਿੱਸਾ ਬਣ ਜਾਵੇ।
file photo
ਸ਼ੁਕਰਵਾਰ ਰਾਤ ਨੂੰ ਮੀਂਹ ਦੀ ਝੜੀ ਸ਼ੁਰੂ ਹੋਈ, ਜੋ ਸਨਿਚਰਵਾਰ ਸ਼ਾਮ ਤਕ ਜਾਰੀ ਰਹੀ। ਇਸ ਝੜੀ ਨਾਲ ਕਣਕ, ਆਲੂ ਅਤੇ ਸਰੋਂ ਦੀ ਫ਼ਸਲ ਕਾਫ਼ੀ ਹੱਦ ਤਕ ਖ਼ਰਾਬ ਹੋ ਗਈ ਹੈ। ਇਥੋਂ ਤਕ ਕਿ ਬਰਸੀਮ ਵੀ ਵਿਛ ਜਾਣ ਕਾਰਨ ਗਲਣੀ ਸ਼ੁਰੂ ਹੋ ਗਈ ਹੈ।
file photo
ਮੀਂਹ ਪੈਣ ਕਾਰਨ ਤਾਪਮਾਨ 'ਚ ਗਿਰਾਵਟ ਆ ਗਈ ਹੈ ਤੇ ਠੰਢ ਵੱਧ ਗਈ ਹੈ। ਮੀਂਹ ਦੌਰਾਨ 20 ਤੋਂ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲੀਆਂ ਹਨ। ਇਨ੍ਹਾਂ ਤੇਜ਼ ਹਵਾਵਾਂ ਕਾਰਨ ਬਹੁਤ ਸਾਰੇ ਕਿਸਾਨਾਂ ਦੀ ਕਣਕ ਦੀ ਫ਼ਸਲ ਖੇਤਾਂ ਵਿਚ ਵਿਛ ਗਈ ਹੈ। ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿਤੀ ਹੈ ਕਿ ਉਹ ਖ਼ਰਾਬ ਮੌਸਮ ਦੌਰਾਨ ਕਣਕ ਨੂੰ ਪਾਣੀ ਨਾ ਲਗਾਉਣ। ਹੁਣ ਤਕ ਵਧ ਤੋਂ ਵਧ ਤਾਪਮਾਨ 19 ਤੇ ਘੱਟੋ-ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਠੰਢ ਮੁੜ ਵਧ ਗਈ ਹੈ ਤੇ ਲੋਕਾਂ ਨੂੰ ਮੁੜ ਰਜ਼ਾਈਆਂ, ਜੈਕਟਾਂ ਤੇ ਸਵੈਟਰ ਕਢਣੇ ਪਏ ਹਨ।
file photo
ਉਧਰ ਲੁਧਿਆਣਾ 'ਚ ਰਾਤ ਤੋਂ ਲਗਾਤਾਰ ਬਾਰਸ਼ ਹੋਣ ਕਾਰਨ ਕਈ ਇਲਾਕਿਆਂ 'ਚ ਪਾਣੀ ਜਮ੍ਹਾਂ ਹੋ ਗਿਆ ਹੈ। ਫ਼ਰੀਦਕੋਟ 'ਚ ਲਗਾਤਾਰ ਬਾਰਿਸ਼ ਕਾਰਨ ਖੇਤਾਂ 'ਚ ਖੜ੍ਹੀ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਖੇਤਾਂ 'ਚ ਫ਼ਸਲ ਵਿਛ ਜਾਣ ਕਾਰਨ ਕਿਸਾਨਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਉਭਰ ਆਈਆਂ ਹਨ। ਮਾਝੇ 'ਚ ਹਲਕੀ ਬਾਰਸ਼ ਹੋ ਰਹੀ ਹੈ, ਤਾਪਮਾਨ ਵੱਧ ਤੋਂ ਵਧ 17 ਤੇ ਘੱਟੋ-ਘੱਟ 11 ਡਿਗਰੀ ਦਰਜ ਕੀਤਾ ਗਿਆ ਹੈ। ਪੁਆਧ 'ਚ ਵੀ ਸ਼ੁਕਰਵਾਰ ਰਾਤ ਤੋਂ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ।
file photo
ਕਣਕ ਦੀ ਫ਼ਸਲ ਪੱਕਣ ਕਿਨਾਰੇ ਹੋਣ ਕਾਰਨ ਮੌਸਮ ਦੀ ਖ਼ਰਾਬੀ ਕਰ ਕੇ ਤੇਲਾ ਅਤੇ ਹੋਰ ਬੀਮਾਰੀਆਂ ਪੈਣ ਦਾ ਡਰ ਹੈ, ਜਿਸ ਦੇ ਚਲਦਿਆਂ ਕਿਸਾਨ ਚਿੰਤਾ 'ਚ ਹਨ। ਇਸ ਮੀਂਹ ਨਾਲ ਵੱਟਾਂ 'ਚ ਪਏ ਆਲੂਆਂ ਨੂੰ ਭਾਰੀ ਨੁਕਸਾਨ ਪਹੁੰਚਣ ਦਾ ਖ਼ਦਸਾ ਪ੍ਰਗਟਾਇਆ ਜਾ ਰਿਹਾ ਹੈ। ਮੀਂਹ ਨੇ ਜਿਥੇ ਆਲੂਆਂ ਦੀ ਪੁਟਾਈ ਨੂੰ ਇਕ ਦਮ ਰੋਕ ਦਿਤਾ ਹੈ, ਉਥੇ ਨਾਲ ਹੀ ਇਸ ਦੀ ਕੁਆਲਟੀ 'ਤੇ ਵੀ ਅਸਰ ਪੈਣ ਦੀ ਸੰਭਾਵਨਾ ਬਣਾ ਦਿਤੀ ਹੈ।