
ਰੂਸ-ਯੂਕਰੇਨ ਜੰਗ ’ਚ ਗੋਲੀ ਲੱਗਣ ਨਾਲ ਜ਼ਖ਼ਮੀ ਹੋਇਆ ਹਰਜੋਤ ਸਿੰਘ ਦਿੱਲੀ ਪੁੱਜਾ
ਨਵੀਂ ਦਿੱਲੀ, 7 ਮਾਰਚ : ਯੂਕਰੇਨ ਦੀ ਰਾਜਧਾਨੀ ਕੀਵ ਵਿਚ ਕੁੱਝ ਦਿਨ ਪਹਿਲਾਂ ਗੋਲੀ ਲੱਗਣ ਨਾਲ ਜ਼ਖ਼ਮੀ ਹੋਇਆ ਭਾਰਤੀ ਵਿਦਿਆਰਥੀ ਹਰਜੋਤ ਸਿੰਘ, ਭਾਰਤੀ ਹਵਾਈ ਫ਼ੌਜ ਦੇ ਇਕ ਜਹਾਜ਼ ਰਾਹੀਂ ਸੋਮਵਾਰ ਸ਼ਾਮ ਇਥੇ ਹਿੰਡਨ ਹਵਾਈ ਫ਼ੌਜ ਅੱਡੇ ’ਤੇ ਉਤਰਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਇਸ ਜਹਾਜ਼ ਤੋਂ ਹਵਾਬਾਜ਼ੀ ਰਾਜ ਮੰਤਰੀ ਵੀ.ਕੇ. ਸਿੰਘ ਅਤੇ ਕਰੀਬ 200 ਭਾਰਤੀ ਜਿਨ੍ਹਾਂ ਵਿਚ ਜ਼ਿਆਦਾਤਰ ਵਿਦਿਆਰਥੀ ਹਨ, ਵੀ ਭਾਰਤ ਪਰਤੇ। ਇਹ ਜਹਾਜ਼ ਸ਼ਾਮ ਕਰੀਬ ਸਵਾ ਛੇ ਵਜੇ ਹਵਾਈ ਅੱਡੇ ’ਤੇ ਉਤਰਿਆ। ਭਾਰਤੀ ਵਿਦਿਆਰਥੀਆਂ ਦੀ ਵਾਪਸੀ ਵਿਚ ਮਦਦ ਲਈ ਵੀ.ਕੇ. ਸਿੰਘ ਪੋਲੈਂਡ ਵਿਚ ਸਨ। ਹਰਜੋਤ ਸਿੰਘ, ਕੀਵ ’ਚੋਂ ਨਿਕਲਣ ਦੀ ਕੋਸ਼ਿਸ਼ ਤਹਿਤ 27 ਫ਼ਰਵਰੀ ਨੂੰ ਅਪਣੇ ਦੋ ਦੋਸਤਾਂ ਨਾਲ ਪਛਮੀ ਲਵੀਵ ਸ਼ਹਿਰ ਲਈ ਇਕ ਕੈਬ (ਟੈਕਸੀ) ਵਿਚ ਸਵਾਰ ਹੋਇਆ ਸੀ। ਇਸ ਦੌਰਾਨ ਉਸ ਨੂੰ 4 ਗੋਲੀਆਂ ਲੱਗੀਆਂ ਸਨ। ਦਿੱਲੀ ਵਿਚ ਹਰਜੋਤ ਦੇ ਪ੍ਰਵਾਰ ਨੇ ਐਤਵਾਰ ਨੂੰ ਦਸਿਆ ਸੀ ਕਿ ਉਹ ਬਹੁਤ ਖ਼ੁਸ਼ ਹਨ ਕਿ ਹਰਜੋਤ ਵਾਪਸ ਆ ਰਿਹਾ ਹੈ ਅਤੇ ਬੇਸਬਰੀ ਨਾਲ ਉਸ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਸਨ। ਵਿਦੇਸ਼ ਮੰਤਰਾਲਾ ਨੇ ਸ਼ੁਕਰਵਾਰ ਨੂੰ ਐਲਾਨ ਕੀਤਾ ਸੀ ਕਿ ਸਰਕਾਰ ਹੋਰਜੋਤ ਸਿੰਘ ਦੇ ਇਲਾਜ ਦਾ ਸਾਰਾ ਖ਼ਰਚਾ ਚੁਕੇਗੀ। (ਪੀਟੀਆਈ)