
ਮੇਅਰ ਕੌਂਸਲਰਾਂ ਨੂੰ ਭਰੋਸੇ 'ਚ ਲੈਣ ਦੇ ਰੌਂਅ 'ਚ,
ਮਿਊਂਸਪਲ ਕਾਰਪੋਰੇਸ਼ਨ ਵਲੋਂ 25 ਸਮਾਰਟ ਪੇਡ ਪਾਰਕਿੰਗਾਂ ਦੇ ਪਹਿਲੀ ਅਪ੍ਰੈਲ ਤੋਂ ਰੇਟ ਦੁਗਣੇ ਕਰਨ ਦੇ ਮਾਮਲੇ ਵਿਚ ਮੇਅਰ ਦਿਵੇਸ਼ ਮੋਦਗਿਲ ਅਤੇ ਕਮਿਸ਼ਨਰ ਜਤਿੰਦਰ ਯਾਦਵ ਦੇ ਆਹਮੋ-ਸਾਹਮਣੇ ਹੋ ਗਏ। ਮੇਅਰ ਨੇ ਬੀਤੇ ਵੀਰਵਾਰ ਨੂੰ ਵਿੱਤ ਤੇ ਠੇਕਾ ਕਮੇਟੀ ਦੇ ਮੈਂਬਰਾਂ ਨੂੰ ਸਾਬਕਾ ਮੇਅਰ ਰਾਜਬਾਲਾ ਮਲਿਕ ਦੀ ਅਗਵਾਈ ਵਿਚ ਮਾਰਕੀਟਾਂ ਵਿਚ ਛਾਪੇ ਮਾਰ ਕੇ ਕੰਪਨੀ ਵਲੋਂ ਲੋਕਾਂ ਨੂੰ ਸਮਝੌਤੇ ਅਧੀਨ ਸ਼ਰਤਾਂ ਲਾਗੂ ਕਰਨ ਅਤੇ ਖਾਮੀਆਂ ਦੀ ਰੀਪੋਰਟ ਤਿਆਰ ਕਰਨ ਲਈ ਜ਼ੋਰ ਦਿਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਰੀਪੋਰਟ ਨੂੰ ਉਹ ਅਪ੍ਰੈਲ ਮਹੀਨੇ ਦੀ ਜਨਰਲ ਹਾਊਸ ਦੀ ਮੀਟਿੰਗ ਵਿਚ ਕੌਂਸਲਰਾਂ ਨਾਲ ਚਰਚਾ ਕਰਨਗੇ।
Davesh Moudgil
ਦੂਜੇ ਪਾਸੇ ਨਗਰ ਨਿਗਮ ਦੇ ਕਮਿਸ਼ਨਰ ਜਤਿੰਦਰ ਯਾਦਵ ਜਿਨ੍ਹਾਂ ਦੀ ਸ਼ਹਿ 'ਤੇ ਹੀ ਐਡੀਸ਼ਨਲ ਕਮਿਸ਼ਨਰ ਤੇਜਦੀਪ ਸਿੰਘ ਸੈਣੀ ਨੇ ਕੰਪਨੀ ਨੂੰ ਪਹਿਲੀ ਅਪ੍ਰੈਲ ਤੋਂ ਵਧੇ ਰੇਟ ਲਾਗੂ ਕਰਨ ਲਈ ਚਿੱਠੀ ਜਾਰੀ ਕੀਤੀ। ਉਨ੍ਹਾਂ ਵਲੋਂ ਵੀ ਅਪਣੇ ਕੁੱਝ ਚਹੇਤੇ ਅਫ਼ਸਰਾਂ ਦੇ ਆਧਾਰਤ ਕਮਟੀ ਬਣਾ ਕੇ ਪਾਰਕਿੰਗਾਂ ਦਾ ਦੌਰਾ ਕਰਨ ਦੇ ਹੁਕਮ ਦਿਤੇ ਹਨ। ਮੇਅਰ ਤੇ ਕਮਿਸ਼ਨਰ ਆਹਮੋ-ਸਾਹਮਣੇ ਹੋ ਜਾਣ ਦਾ ਸ਼ਹਿਰ ਦੀ ਜਨਤਾ 'ਤੇ ਨਗਰ ਨਿਗਮ ਨੂੰ ਕੀ ਲਾਭ ਹੋਵੇਗਾ? ਕਿਸੇ ਨੂੰ ਕੁੱਝ ਨਹੀਂ ਪਤਾ, ਜਦਕਿ ਕੰਪਨੀ ਵਾਲਿਆਂ ਨੇ ਪਹਿਲੀ ਅਪ੍ਰੈਲ ਤੋਂ ਪਾਰਕਿੰਗਾਂ ਦੇ ਰੇਟ ਵਧਾ ਕੇ ਲੋਕਾਂ ਦੀ ਕੁੰਜ ਉਤਾਰਨੀ ਸ਼ੁਰੂ ਵੀ ਕਰ ਦਿਤੀ ਹੈ।