
ਸਰਕਾਰੀ ਸਹੂਲਤਾਂ ਲੈਣ ਦਾ ਜਦੋਂ ਮੌਕਾ ਆਉਂਦਾ ਹੈ ਤਾਂ ਅਮੀਰ ਤੇ ਉੱਚੀ ਪੱਧਰ ਦੇ ਲੀਡਰ, ਸਾਬਕਾ ਮੰਤਰੀ, ਸਾਬਕਾ ਮੁੱਖ ਮੰਤਰੀ, ਚਾਹੇ ਕਿਸੇ ਵੀ ਪਾਰਟੀ ਦੇ ਹੋਣ ਪਿੱਛੇ ਨਹੀਂ
ਚੰਡੀਗੜ੍ਹ, 5 ਜੁਲਾਈ (ਜੀ ਸੀ ਭਾਰਦਵਾਜ): ਸਰਕਾਰੀ ਸਹੂਲਤਾਂ ਲੈਣ ਦਾ ਜਦੋਂ ਮੌਕਾ ਆਉਂਦਾ ਹੈ ਤਾਂ ਅਮੀਰ ਤੇ ਉੱਚੀ ਪੱਧਰ ਦੇ ਲੀਡਰ, ਸਾਬਕਾ ਮੰਤਰੀ, ਸਾਬਕਾ ਮੁੱਖ ਮੰਤਰੀ, ਚਾਹੇ ਕਿਸੇ ਵੀ ਪਾਰਟੀ ਦੇ ਹੋਣ ਪਿੱਛੇ ਨਹੀਂ ਹਟਦੇ ਅਤੇ ਸਿਫ਼ਾਰਸ਼ਾਂ ਨਾਲ ਨਿਯਮ ਵੀ ਤੋੜ ਦਿੰਦੇ ਹਨ।
ਵਿਧਾਨ ਸਭਾ ਸਕੱਤਰੇਤ ਕੋਲ ਸੈਕਟਰ 3, ਸੈਕਟਰ 4 ਵਿਚ ਵਿਧਾਇਕਾਂ ਵਾਸਤੇ 38 ਫ਼ਲੈਟ ਹਨ ਜੋ ਯੂ ਟੀ ਚੰਡੀਗੜ੍ਹ ਦੇ ਕੋਟੇ 'ਚ ਹਨ ਅਤੇ 26 ਫ਼ਲੈਟ ਪੰਜਾਬ ਸਰਕਾਰ ਦੇ ਸੈਕਟਰ 39 ਵਿਚ ਹਨ, ਯਾਨੀ 117 ਵਿਧਾਇਕਾਂ ਵਾਸਤੇ ਸਿਰਫ਼ 64 ਫ਼ਲੈਟ ਹਨ।
ਕਾਂਗਰਸ, ਅਕਾਲੀ, 'ਆਪ', ਬੀ ਜੇ ਪੀ ਤੇ ਲੋਕ ਇਨਸਾਫ਼ ਪਾਰਟੀ ਵਿਚ ਦੌੜ ਲੱਗੀ ਹੈ ਕਿ ਕੋਠੀ ਜਾਂ ਵੱਡਾ ਘਰ ਹੋਣ ਦੇ ਬਾਵਜੂਦ ਚੰਡੀਗੜ੍ਹ ਵਿਚ ਐਮ ਐਲ ਏ ਫ਼ਲੈਟ ਜ਼ਰੂਰ ਹੋਵੇ ਜਿਸ ਲਈ ਸਪੀਕਰ ਕੋਲ ਸਿਫ਼ਾਰਸ਼ਾਂ ਲੱਗ ਚੁਕੀਆਂ ਹਨ ਅਤੇ ਸਾਰੇ 64 ਫ਼ਲੈਟ ਅਲਾਟ ਹੋ ਚੁਕੇ ਹਨ।
ਰੀਕਾਰਡ ਮੁਤਾਬਕ ਵੱਡੇ ਬਾਦਲ ਯਾਨੀ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸੈਕਟਰ 4 ਵਿਚ 37 ਨੰਬਰ, ਸੁਖਬੀਰ ਸਿੰਘ ਬਾਦਲ ਨੇ 35 ਨੰਬਰ, ਬਿਕਰਮ ਮਜੀਠੀਆ ਨੇ 39 ਨੰਬਰ ਅਤੇ ਪਰਮਿੰਦਰ ਸਿੰਘ ਢੀਂਡਸਾ, ਅਜੀਤ ਸਿੰਘ ਕੋਹਾੜ ਨੇ ਸੈਕਟਰ 3 ਫ਼ਲੈਟ ਨੰਬਰ 3 ਤੇ ਫ਼ਲੈਟ ਨੰਬਰ 27 ਅਲਾਟ ਕਰਵਾਇਆ। ਹਫ਼ਤਾ ਪਹਿਲਾਂ ਵੱਡੇ ਬਾਦਲ ਨੇ ਕਿਹਾ ਸੀ ਕਿ ਮੇਰਾ ਚੰਡੀਗੜ੍ਹ ਵਿਚ ਕੋਈ ਘਰ ਨਹੀਂ ਤਾਂ ਫ਼ਲੈਟ ਅਲਾਟ ਕਰਵਾਇਆ। ਬਾਦਲ ਪਰਵਾਰ ਦੀਆਂ ਸੈਕਟਰ 9 ਵਿਚ 256 ਨੰਬਰ ਵੱਡੀ ਕੋਠੀ ਹੈ, ਉਸ ਦੇ ਨਾਲ ਵਾਲੀ ਖ਼ਰੀਦੀ ਹੋਈ ਹੈ। ਇਨ੍ਹਾਂ ਦੋਵਾਂ ਨੂੰ ਮਿਲਾ ਕੇ ਮਹਿਲ ਵਰਗੀ ਕੋਠੀ ਤਿਆਰ ਹੋ ਚੁਕੀ ਹੈ। ਇਸੇ ਤਰ੍ਹਾਂ ਦੂਜੇ ਅਕਾਲੀ ਵਿਧਾਇਕਾਂ ਕੋਲ ਵੀ ਵੱਡੇ ਮਕਾਨ ਹਨ,
ਫਿਰ ਦੀ ਸਰਕਾਰੀ ਫ਼ਲੈਟ ਅਲਾਟ ਕਰਵਾ ਲਏ।
ਕਾਂਗਰਸ ਵਿਚੋਂ ਬਲਬੀਰ ਸਿੰਘ ਸਿੱਧੂ, ਅੰਗਦ ਸਿੰਘ ਤੇ ਹੋਰਨਾਂ ਨੇ ਵੀ ਫ਼ਲੈਟ ਲੈ ਲਏ ਹਨ ਜਿਨ੍ਹਾਂ ਦੇ ਅਪਣੇ ਚੰਗੇ ਟਿਕਾਣੇ ਹਨ। ਇਸੇ ਤਰ੍ਹਾਂ 'ਆਪ' ਦੇ ਕੰਵਰ ਸੰਧੂ ਨੇ ਵੀ ਸੈਕਟਰ 4 ਵਿਚ 36 ਨੰਬਰ ਫ਼ਲੈਟ ਲੈ ਲਿਆ ਭਾਵੇਂ ਉਹ ਝੀਲ ਨੇੜੇ ਸੁਖਨਾ ਇਨਕਲੇਵ ਵਿਚ 248 ਨੰਬਰ ਵੱਡੇ ਮਕਾਨ ਦੇ ਮਾਲਕ ਹਨ।
ਰੀਕਾਰਡ ਮੁਤਾਬਕ 'ਆਪ' ਦੇ 20 ਵਿਧਾਇਕਾਂ ਵਿਚੋਂ 11 ਨੂੰ ਫ਼ਲੈਟ ਮਿਲੇ ਹਨ, ਲੋਕ ਇਨਸਾਫ਼ ਪਾਰਟੀ ਦੇ 2 ਵਿਧਾਇਕਾਂ ਵਿਚੋਂ ਬਲਵਿੰਦਰ ਬੈਂਸ ਨੂੰ ਮਿਲ ਗਿਆ। ਅਕਾਲੀ ਭਾਜਪਾ ਦੇ ਕੁਲ 18 ਵਿਧਾਇਕਾਂ ਵਿਚੋਂ 10 ਨੂੰ ਅਲਾਟ ਹੋਏ ਹਨ ਅਤੇ ਬਾਕੀ 42 ਫ਼ਲੈਟ ਕਾਂਗਰਸ ਵਾਲੇ ਲੈ ਗਏ।
ਨਿਯਮਾਂ ਮੁਤਾਬਕ ਸਪੀਕਰ ਹੀ ਸੀਨੀਆਰਤਾ ਤੇ ਲੋੜ ਨੂੰ ਮੁੱਖ ਰੱਖ ਕੇ, ਸਰਕਾਰੀ ਫ਼ਲੈਟ ਅਲਾਟ ਕਰਦਾ ਹੈ। 'ਆਪ' ਦੇ ਵਿਧਾਇਕਾਂ ਵਲੋਂ ਰੋਸ ਜ਼ਾਹਰ ਕੀਤਾ ਗਿਆ ਹੈ ਕਿ ਸਾਡੀ ਪਾਰਟੀ ਦੇ ਪਹਿਲੀ ਵਾਰੀ ਵਿਧਾਇਕ ਬਣੇ ਮੈਂਬਰਾਂ ਦੀ ਗਿਣਤੀ 19 ਸੀ, ਸਾਡੇ ਅੱਧੇ ਮੈਂਬਰ ਯਾਨੀ 9 ਵਾਂਝੇ ਰਹਿ ਗਏ।
ਕਾਂਗਰਸ ਦੇ ਕੁਲ 77 ਵਿਚੋਂ 18 ਮੰਤਰੀ, 1 ਸਪੀਕਰ, 1 ਡਿਪਟੀ ਸਪੀਕਰ ਛੱਡ ਕੇ ਰਹਿ ਗਏ। 57 ਵਿਚੋਂ 42 ਨੂੰ ਅਲਾਟ ਕਰ ਦਿਤੇ ਹਨ ਜੋ ਬਾਕੀਆਂ ਨਾਲ ਧੱਕਾ ਹੈ। ਨਵਾਂ ਸ਼ਹਿਰ ਤੋਂ ਅੰਗਦ ਸਿੰਘ ਪਹਿਲੀ ਵਾਰੀ ਕਾਂਗਰਸ ਵਿਧਾਇਕ ਬਣੇ ਹਨ ਤਾਂ ਵੀ ਫ਼ਲੈਟ, ਸਪੀਕਰ ਦੀ ਸਿਫ਼ਾਰਸ਼ ਨਾਲ ਦੇ ਦਿਤਾ ਗਿਆ ਜਦਕਿ ਵਿਰੋਧੀ ਧਿਰਾਂ ਦੇ ਮੈਂਬਰ ਵਾਂਝੇ ਰਹਿ ਗਏ।
ਰਵਾਇਤ ਤੇ ਨਿਯਮਾਂ ਅਨੁਸਾਰ ਮੈਂਬਰਾਂ ਦੀ ਗਿਣਤੀ ਮੁਤਾਬਕ ਹੀ ਫ਼ਲੈਟਾਂ ਦੀ ਅਨੁਪਾਤਕ ਵੰਡ ਕੀਤੀ ਜਾਂਦੀ ਹੈ ਪਰ 'ਆਪ' ਦੇ ਵਿਧਾਇਕਾਂ ਨੇ ਰੰਜਸ਼ ਜ਼ਾਹਰ ਕੀਤੀ ਹੈ ਕਿ ਕਾਂਗਰਸੀ ਸਪੀਕਰ ਨੇ ਸ਼ਰੇਆਮ ਬੇਇਨਸਾਫ਼ੀ ਅਤੇ ਧੱਕਾ ਕੀਤਾ ਹੈ।